'ਆਪ' ਨੇ ਮਨਜਿੰਦਰ ਸਿੰਘ ਸਿੱਧੂ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਸੀਟ ਦਾ ਐਲਾਨ ਛੇਤੀ : ਭਗਵੰਤ ਮਾਨ

Manjinder Singh Sidhu

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ (33) ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ ਹੈ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਕੀਤੀ ਸੂਚੀ 2019 ਦੀਆਂ ਲੋਕ ਸਭਾ ਚੋਣਾਂ ਲਈ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ।

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲਾਲਪੁਰਾ ਦਾ ਜੰਮਪਲ ਮਨਜਿੰਦਰ ਸਿੰਘ ਸਿੱਧੂ ਆਮ ਕਿਸਾਨ ਪਰਿਵਾਰ ਨਾਲ ਸਬੰਧਤ ਹੈ। 12ਵੀਂ ਜਮਾਤ ਪਾਸ ਕਰਨ ਉਪਰੰਤ ਆਰਟ ਐਂਡ ਕਰਾਫ਼ਟ ਦਾ ਕੋਰਸ ਕਰਨ ਦੌਰਾਨ ਫ਼ੌਜ 'ਚ ਭਰਤੀ ਹੋ ਗਏ ਅਤੇ 5 ਸਾਲ ਦੇਸ਼ ਦੀ ਸੇਵਾ ਕੀਤੀ, ਪਰ ਘਰ ਦੀਆਂ ਮਜਬੂਰੀਆਂ ਕਰਨ ਸਵੈ ਇੱਛੁਕ ਸੇਵਾ ਮੁਕਤੀ ਲੈਣੀ ਪਈ। ਮਨਜਿੰਦਰ ਸਿੰਘ ਸਿੱਧੂ ਨੇ ਦਸੰਬਰ 2013 'ਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਤੇ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲਦੇ ਹੋਏ ਯੂਥ ਵਿੰਗ ਪੰਜਾਬ ਦੇ ਅਹੁਦੇ 'ਤੇ ਪਹੁੰਚੇ।

ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਅਤੇ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਪਾਰਟੀ ਨੇ ਸ਼ੁੱਕਰਵਾਰ ਨੂੰ ਬਠਿੰਡਾ ਤੋਂ ਪ੍ਰੋ. ਬਲਜਿੰਦਰ ਕੌਰ ਅਤੇ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨ ਕੇ ਕੁੱਲ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਾਕੀ ਬਚੀ ਲੁਧਿਆਣਾ ਲੋਕ ਸਭਾ ਸੀਟ ਤੋਂ ਜਲਦੀ ਹੀ ਉਮੀਦਵਾਰ ਐਲਾਨ ਦਿੱਤਾ ਜਾਵੇਗਾ।

'ਆਪ' ਵੱਲੋਂ ਹੁਣ ਐਲਾਨੇ ਗਏ ਉਮੀਦਵਾਰਾਂ 'ਚ ਸੰਗਰੂਰ ਤੋਂ ਭਗਵੰਤ ਮਾਨ, ਫ਼ਰੀਦਕੋਟ ਤੋਂ ਪ੍ਰੋ. ਸਾਧੂ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ,  ਸ੍ਰੀ ਅਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ, ਬਠਿੰਡਾ ਤੋਂ ਪ੍ਰੋ. ਬਲਜਿੰਦਰ ਕੌਰ, ਜਲੰਧਰ ਤੋਂ ਜਸਟਿਸ ਜੋਰਾ ਸਿੰਘ, ਹੁਸ਼ਿਆਰਪੁਰ ਡਾ. ਰਵਜੋਤ ਸਿੰਘ, ਪਟਿਆਲਾ ਤੋਂ ਨੀਨਾ ਮਿੱਤਲ, ਫ਼ਿਰੋਜ਼ਪੁਰ ਤੋਂ ਹਰਜਿੰਦਰ ਸਿੰਘ ਕਾਕਾ ਸਰਾਂ, ਗੁਰਦਾਸਪੁਰ ਤੋਂ ਪੀਟਰ ਮਸੀਹ ਚੀਦਾ, ਫ਼ਤਿਹਗੜ੍ਹ ਸਾਹਿਬ ਤੋਂ ਬਲਜਿੰਦਰ ਸਿੰਘ ਚੌਂਦਾ ਨੂੰ ਉਮੀਦਵਾਰ ਬਣਾਇਆ ਗਿਆ ਹੈ।