ਪੰਜਾਬ ਵਾਸੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਪਵੇਗਾ ਮੀਂਹ
ਮਾਹਿਰਾਂ ਨੇ ਦੱਸਿਆ ਕਿ 9 ਅਤੇ 10 ਜੁਲਾਈ ਨੂੰ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ, ਜਦੋਂ ਕਿ 11 ਅਤੇ 12 ਜੁਲਾਈ ਨੂੰ ਬਾਰਸ਼ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ।
ਲੁਧਿਆਣਾ : ਮੌਸਮ ਵਿਭਾਗ ਚੰਡੀਗੜ੍ਹ ਨੇ ਬੀਤੀ ਦੇਰ ਸ਼ਾਮ ਮੌਸਮ ਦੇ ਮਿਜਾਜ਼ ਨੂੰ ਲੈ ਕੇ ਜਾਰੀ ਕੀਤੇ ਵਿਸ਼ੇਸ਼ ਬੁਲੇਟਿਨ ਵਿਚ ਇਹ ਰਾਹਤ ਦੀ ਖ਼ਬਰ ਦਿੱਤੀ ਹੈ ਕਿ ਆਉਣ ਵਾਲੇ ਇਕ-ਦੋ ਦਿਨਾਂ ਵਿਚ ਹੀ ਦੱਖਣ-ਪੱਛਮ ਮਾਨਸੂਨ (Monsoon) ਦੇ ਅੱਗੇ ਵਧਣ ਦੀ ਸੰਭਾਵਨਾ ਨਾਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਮੌਸਮ ਦਾ ਮਿਜਾਜ਼ ਬਦਲ ਜਾਵੇਗਾ।
ਮਾਹਿਰਾਂ ਨੇ ਦੱਸਿਆ ਕਿ 9 ਅਤੇ 10 ਜੁਲਾਈ ਨੂੰ ਹਲਕੀ ਤੋਂ ਦਰਮਿਆਨੀ ਬਾਰਸ਼ (Rain) ਹੋ ਸਕਦੀ ਹੈ, ਜਦੋਂ ਕਿ 11 ਅਤੇ 12 ਜੁਲਾਈ ਨੂੰ ਬਾਰਸ਼ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਬੁਲੇਟਿਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਦਿਨਾਂ ਦੌਰਾਨ 30 ਅਤੇ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਅਤੇ ਕਿਤੇ-ਕਿਤੇ ਵਾਛੜ ਵੀ ਪੈ ਸਕਦੀ ਹੈ। ਹਰਿਆਣਾ ਅਤੇ ਪੰਜਾਬ ਦੇ ਪੂਰਬੀ ਮਾਲਵਾ, ਮਾਝਾ ਅਤੇ ਦੋਆਬਾ ਖੇਤਰਾਂ ’ਚ ਬਾਰਸ਼ ਨਾਲ ਵੱਧ ਤੋਂ ਵੱਧ ਤਾਪਮਾਨ ਵਿਚ 3 ਤੋਂ 4 ਡਿਗਰੀ ਗਿਰਾਵਟ ਆਉਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਬਿਜਲੀ-ਪਾਣੀ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਖ਼ਰਾਬ ਹੋਣ ਦੇ ਡਰ ਤੋਂ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਇਸ ਦੇ ਨਾਲ ਹੀ ਦੱਸ ਦਈਏ ਕਿ ਚੰਡੀਗੜ੍ਹ ਸ਼ਹਿਰ ਵਿਚ ਬੁੱਧਵਾਰ ਦੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ। ਅੰਕੜੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ 3 ਸਾਲ ਬਾਅਦ ਸ਼ਹਿਰ ਦਾ ਜੁਲਾਈ ਮਹੀਨੇ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੱਕ ਪਹੁੰਚਿਆ ਹੈ, ਜਦੋਂ ਕਿ 9 ਸਾਲਾਂ ਵਿਚ ਇਹ ਸਿਰਫ਼ ਦੂਜੀ ਵਾਰ ਹੋਇਆ ਹੈ ਕਿ ਜੁਲਾਈ ਵਿਚ ਇੰਨਾ ਤਾਪਮਾਨ ਰਿਕਾਰਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਫ਼ੇਸਬੁਕ, ਟਵਿੱਟਰ ਅਤੇ ਗੂਗਲ ਵਿਰੁਧ ਮੁਕੱਦਮਾ ਦਰਜ ਕਰਨਗੇ ਟਰੰਪ
ਹਾਲਾਂਕਿ ਮੌਸਮ ਵਿਭਾਗ ਦੱਸ ਰਿਹਾ ਹੈ ਕਿ ਅਜੇ ਫਿਲਹਾਲ ਤਾਪਮਾਨ ਵਿਚ ਮਾਮੂਲੀ ਗਿਰਾਵਟ ਹੋਵੇਗੀ ਪਰ ਜੇਕਰ ਮਾਨਸੂਨ ਇਸੇ ਤਰ੍ਹਾਂ ਰਿਹਾ ਤਾਂ ਇਸ ਜੁਲਾਈ ਕਈ ਸਾਲ ਦਾ ਰਿਕਾਰਡ ਟੁੱਟ ਸਕਦਾ ਹੈ। ਉੱਥੇ ਹੀ ਹਿਊਮੀਡਿਟੀ ਇਸ ਮਹੀਨੇ ਸਭ ਤੋਂ ਜ਼ਿਆਦਾ 71 ਫ਼ੀਸਦੀ ਤੱਕ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 3 ਦਿਨ ਸ਼ਹਿਰ ਵਿਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ।
ਮੌਸਮ ਵਿਭਾਗ ਮੁਤਾਬਕ ਮਾਨਸੂਨ ਨੂੰ ਜਿੱਥੋਂ ਤੱਕ ਅਜੇ ਆਬਜ਼ਰਵ ਕੀਤਾ ਗਿਆ ਹੈ, ਉਸ ਮੁਤਾਬਕ ਮਾਨਸੂਨ ਇਸ ਵਾਰ ਆਮ ਰਹੇਗਾ। ਚੰਗਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਹਾਲਾਂਕਿ ਤਾਪਮਾਨ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਹੁਣ ਤੱਕ ਜੁਲਾਈ ਵਿਚ 12.2 ਐੱਮ. ਐੱਮ. ਮੀਂਹ ਦਰਜ ਹੋਇਆ ਹੈ, ਜਦੋਂਕਿ ਪਿਛਲੇ ਸਾਲ ਜੁਲਾਈ ਦੇ ਪੂਰੇ ਮਹੀਨੇ ਵਿਚ 302.6 ਐੱਮ. ਐੱਮ. ਮੀਂਹ ਦਰਜ ਹੋਇਆ ਸੀ।