ਮੀਂਹ ਪਵਾਉਣ ਲਈ ਗੁੱਡੀ ਫੂਕਣ ਦੀ ਰੀਤ ਨੂੰ ਸ਼ਿੱਦਤ ਨਾਲ ਨਿਭਾ ਰਹੀਆਂ ਹਨ ਬੀਬੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਰਾਤਨ ਸਮੇਂ ਵਿਚ ਲੋਕਾਂ ਵੱਲੋਂ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ।

Women are following tradition of burning dolls For rain

ਪਟਿਆਲਾ (ਸ਼ੈਸ਼ਵ ਨਾਗਰਾ): ਪੁਰਾਤਨ ਸਮੇਂ ਵਿਚ ਲੋਕਾਂ ਵੱਲੋਂ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ। ਇਹਨਾਂ ਵਿਚੋਂ ਕਈ ਰਸਮਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਕਈ ਪਿੰਡਾਂ ਵਿਚ ਲੋਕ ਅਪਣੇ ਪੁਰਖਿਆਂ ਦੀ ਵਿਰਾਸਤ ਸਮਝ ਕੇ ਸ਼ਿੱਦਤ ਨਾਲ ਨਿਭਾਉਂਦੇ ਦੇਖੇ ਜਾ ਸਕਦੇ ਹਨ। ਇਸੇ ਤਰ੍ਹਾਂ ਦੀ ਇਕ ਰਸਮ ਹੈ ‘ਗੁੱਡੀ ਫੂਕਣਾ’। ਇਹ ਰਸਮ ਅੱਜ ਵੀ ਪਿੰਡਾਂ ਦੀਆਂ ਬੀਬੀਆਂ ਵੱਲੋਂ ਨਿਭਾਈ ਜਾਂਦੀ ਹੈ।

ਗਰਮੀ ਦਾ ਮੌਸਮ ਚੱਲ ਰਿਹਾ ਤੇ ਬਾਰਿਸ਼ ਨਾ ਹੋਣ ਕਾਰਨ ਜ਼ਿਲ੍ਹਾ ਪਟਿਆਲਾ ਦੇ ਇਕ ਪਿੰਡ ਵਿਚ ਬੀਬੀਆਂ ਵੱਲੋਂ ਮੀਂਹ ਪਵਾਉਣ ਲਈ ਗੁੱਡੀ ਫੂਕੀ ਗਈ। ਇਹਨਾਂ ਬੀਬੀਆਂ ਦਾ ਕਹਿਣਾ ਹੈ ਕਿ ਗਰਮੀ ਬਹੁਤ ਹੋ ਰਹੀ ਹੈ ਤੇ ਸਾਨੂੰ ਪੂਰਾ ਯਕੀਨ ਹੈ ਕਿ ਗੁੱਡੀ ਫੂਕਣ ਤੋਂ ਬਾਅਦ ਮੀਂਹ ਜ਼ਰੂਰ ਪਵੇਗਾ। ਬੀਬੀਆਂ ਨੇ ਕਿਹਾ ਕਿ ਅੱਜ ਦੀ ਪੀੜੀ ਨੂੰ ਇਹਨਾਂ ਪੁਰਾਣੀਆਂ ਰਸਮਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।

ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਹ ਹਰ ਸਾਲ ਗਰਮੀ ਵਿਚ ਮੀਂਹ ਪਵਾਉਣ ਲਈ ਗੁੱਡੀ ਫੂਕਦੇ ਸਨ, ਇਸ ਦੌਰਾਨ ਬਹੁਤ ਮੀਂਹ ਪੈਂਦਾ ਸੀ। ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇਸ ਵਾਰ ਵੀ ਮੀਂਹ ਜ਼ਰੂਰ ਪਵੇਗਾ। ਉਹਨਾਂ ਦੱਸਿਆ ਕਿ ਇਹ ਅੰਧਵਿਸ਼ਵਾਸ ਨਹੀਂ ਹੈ, ਇਹ ਇਕ ਰੀਤ ਹੈ ਜੋ ਸਾਡੀਆਂ ਕਈ ਪੀੜੀਆਂ ਵੱਲੋਂ ਨਿਭਾਈ ਜਾ ਰਹੀ ਹੈ ਤੇ ਅਸੀਂ ਅਪਣੇ ਪੁਰਖਿਆਂ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਹਾਂ। ਇਸ ਰਸਮ ਦਾ ਆਉਣ ਵਾਲੀਆਂ ਪੀੜੀਆਂ ’ਤੇ ਕੋਈ ਮਾੜਾ ਅਸਰ ਨਹੀਂ ਹੋਵੇਗਾ।

ਪਿੰਡ ਦੀਆਂ ਬੀਬੀਆਂ ਨੇ ਦੱਸਿਆ ਕਿ ਉਹਨਾਂ ਨੇ ਗੁੱਡੀ ਫੂਕਣ ਤੋਂ ਪਹਿਲਾਂ ਸਾਰੇ ਘਰਾਂ ਵਿਚੋਂ ਆਟਾ, ਸਰੌਂ ਦਾ ਤੇਲ, ਚੀਨੀ ਆਦਿ ਇਕੱਠਾ ਕੀਤਾ। ਇਸ ਤੋਂ ਬਾਅਦ ਸਾਰੇ ਨੇ ਮਿਲ ਕੇ ਗੁਲਗੁਲੇ ਬਣਾਏ। ਫਿਰ ਗੁੱਡੀ ਬਣਾ ਕੇ ਉਸ ਨੂੰ ਅਰਥੀ ਵਾਂਗ ਚੁੱਕ ਪਿੰਡੋਂ ਬਾਹਰ ਲਿਆ ਕੇ ਫੂਕਿਆ ਗਿਆ। ਇਸ ਤੋਂ ਬਾਅਦ ਸਾਰੀਆਂ ਔਰਤਾਂ ਨੇ ਮਿਲ ਕੇ ਰੱਬ ਅੱਗੇ ਮੀਂਹ ਲਈ ਅਰਦਾਸ ਕੀਤੀ। ਦੱਸ ਦਈਏ ਕਿ ਗੁੱਡੀ ਫੂਕਣ ਦੀ ਰਸਮ ਹਾੜ ਅਤੇ ਸਾਉਣ ਦੇ ਮਹੀਨਿਆਂ ਵਿਚ ਕੀਤੀ ਜਾਂਦੀ ਹੈ। ਇਸ ਸਬੰਧੀ ਇਹ ਕਿਹਾ ਜਾਂਦਾ ਹੈ ਕਿ ਜਦੋਂ ਮੀਂਹ ਨਾ ਪਵੇ ਅਤੇ ਫਸਲਾਂ ਤੇ ਜੀਵ ਜੰਤੂ ਗਰਮੀ ਨਾਲ ਮਰ ਰਹੇ ਹੋਣ ਤਾਂ ਗੁੱਡੀ ਫੂਕਣ ਨਾਲ ਮੀਂਹ ਪੈ ਜਾਂਦਾ ਹੈ।