ਅਟਾਰੀ ਸਰਹੱਦ 'ਤੇ ਵਪਾਰ ਹੋਇਆ ਠੱਪ, ਮਾਲ ਦੇ ਕਈ ਟਰੱਕ ਫਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹੱਦ 'ਤੇ ਫਸੇ ਟਰੱਕ ਡਰਾਈਵਰਾਂ ਨੇ ਬਿਆਨਿਆ ਦਰਦ

Trade closed on the Attari border

ਅੰਮ੍ਰਿਤਸਰ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਅਤੇ ਧਾਰਾ 35ਏ ਖ਼ਤਮ ਕੀਤੇ ਜਾਣ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਿੱਥੇ ਮਾਹੌਲ ਇਕ ਵਾਰ ਫਿਰ ਤਣਾਅਪੂਰਨ ਬਣਦਾ ਜਾ ਰਿਹਾ ਹੈ। ਉਥੇ ਹੀ ਅਟਾਰੀ ਬਾਰਡਰ ਰਾਹੀਂ ਦੋਵੇਂ ਦੇਸ਼ਾਂ ਵਿਚ ਹੋਣ ਵਾਲਾ ਵਪਾਰ ਵੀ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਕਈ ਟਰੱਕ ਸਰਹੱਦ 'ਤੇ ਫਸੇ ਖੜ੍ਹੇ ਹਨ। ਕਈ ਦਿਨਾਂ ਤੋਂ ਕਈ ਟਰੱਕ ਡਰਾਈਵਰ ਇਸ ਇੰਤਜ਼ਾਰ ਵਿਚ ਨੇ ਕਿ ਕਦੋਂ ਸਰਕਾਰ ਕੋਈ ਫੈਸਲਾ ਕਰੇ ਅਤੇ ਉਨ੍ਹਾਂ ਦਾ ਫਸਿਆ ਹੋਇਆ ਮਾਲ ਉਥੋਂ ਨਿਕਲ ਸਕੇ।

ਇਸ ਤੋਂ ਪਹਿਲਾਂ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਵੀ ਅਜਿਹੀ ਸਥਿਤੀ ਪੈਦਾ ਹੋ ਗਈ ਸੀ। ਜਦੋਂ ਮਾਲ ਦੇ ਭਰੇ ਹੋਏ ਬਹੁਤ ਸਾਰੇ ਟਰੱਕ ਬਾਰਡਰ 'ਤੇ ਕਈ ਦਿਨ ਤਕ ਫਸੇ ਖੜ੍ਹੇ ਰਹੇ ਸਨ। ਜੇਕਰ ਸਰਕਾਰ ਨੇ ਇਨ੍ਹਾਂ ਟਰੱਕ ਵਾਲਿਆਂ ਦਾ ਮਸਲਾ ਹੱਲ ਨਾ ਕੀਤਾ ਤਾਂ ਇਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਜਾਵੇਗਾ। ਦੱਸ ਦਈਏ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਨੂੰ ਲੈ ਕੇ ਭਾਰਤ-ਪਾਕਿਸਤਾਨ ਵਿਚਕਾਰ ਤਕਰਾਰ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਸਮਝੌਤਾ ਐਕਸਪ੍ਰੈੱਸ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਕ ਖ਼ੁਸ਼ੀ ਦੀ ਗੱਲ ਜ਼ਰੂਰ ਹੈ ਕਿ ਦੋਵੇਂ ਦੇਸ਼ਾਂ ਨੇ ਹਾਲੇ ਤਕ ਕਰਤਾਰਪੁਰ ਲਾਂਘੇ ਨੂੰ ਲੈ ਕੇ ਅਜਿਹੀ ਕੋਈ ਸਖ਼ਤੀ ਨਹੀਂ ਦਿਖਾਈ ਬਲਕਿ ਪਾਕਿਸਤਾਨ ਵੱਲੋਂ ਲਾਂਘੇ ਦਾ ਕੰਮ ਓਵੇਂ ਜਿਵੇਂ ਜਾਰੀ ਰੱਖਣ ਦਾ ਬਿਆਨ ਦਿੱਤਾ ਗਿਆ ਹੈ। ਸੋ ਸਰਕਾਰ ਨੂੰ ਟਰੱਕ ਵਾਲਿਆਂ ਦਾ ਮਸਲਾ ਵੀ ਹੱਲ ਕਰਨਾ ਚਾਹੀਦਾ ਹੈ, ਜਿਨ੍ਹਾਂ ਦਾ ਮਾਲ ਸਰਹੱਦ 'ਤੇ ਫਸਿਆ ਹੋਇਆ ਹੈ।