ਅਖੌਤੀ ਦਿੱਲੀ ਮਾਡਲ ਤੋਂ ਹਾਈ ਕੋਰਟ ਵੀ ਨਹੀਂ ਹੈ ਸੰਤੁਸ਼ਟ: ਬਲਬੀਰ ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਵਿੱਚ ‘ਆਪ’ ਦੇ ਕੋਵਿਡ ਵਿਰੁੱਧ ਲੜਾਈ ਵਿੱਚ ਅਧੂਰੇ ਸਿਹਤ ਪ੍ਰਬੰਧਾਂ ਕਰਕੇ ਕੇਂਦਰ ਵਲੋ ਕੋਵਿਡ ਮਹਾਂਮਾਰੀ ਦੀ ਲੜਾਈ ਆਪਣੇ ਹੱਥਾਂ ਵਿੱਚ ਲੈਣ ’ਤੇ  ਚੁੱਕੇ ਸਵਾਲ

Delhi High Court Balbir Sidhu Punjab

ਚੰਡੀਗੜ: ਅਖੌਤੀ ‘ਦਿੱਲੀ ਮਾਡਲ’ ਨੂੰ ਮਹਿਜ਼ ਅਰਵਿੰਦ ਕੇਜਰੀਵਾਲ ਸਰਕਾਰ ਵਲੋਂ ਦਿੱਲੀ ਵਿੱਚ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਇੱਕ ਸੋਚੀ-ਸਮਝੀ ਕੋਸ਼ਿਸ਼ ਦੱਸਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿੱਚ ਸੁਚੱਜੇ ਕੋਵਿਡ ਪ੍ਰਬੰਧਾਂ ਲਈ ਆਮ ਆਦਮੀ ਪਾਰਟੀ ਵਲੋਂ ਆਪਣੀ ਪਿੱਠ ਥਾਪੜਨਾ ਬੜਾ ਹਾਸੋਹੀਣਾ ਜਾਪਦਾ ਹੈ।

ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਦੇ ਕੈਪਟਨ ਅਮਰਿੰਦ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਨੂੰ ਗ਼ੈਰ-ਤਸੱਲੀਬਖ਼ਸ਼ ਆਖਣ ਵਾਲੇ ਬਿਆਨ ਨੂੰ ਹਾਸੋਹੀਣਾ ਤੇ ਬੇਤੁਕਾ ਦੱਸਿਆ ਹੈ। ਉਨਾਂ ਕਿਹਾ ਕਿ ‘ਆਪ’ ਵਿਧਾਇਕ ਇਸ ਪੱਖ ਤੋਂ ਜਾਣੂ ਨਹੀਂ ਹਨ ਕਿ ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ, ਕੋਵਿਡ ਨਾਲ ਨਜਿੱਠਣ ਲਈ ਸਭ ਤੋਂ ਸੁਚੱਜਾ ਤੇ ਵਧੀਆ ਕੰਮ ਕਰ ਰਿਹਾ ਅਤੇ ਦਿੱਲੀ ਸਰਕਾਰ ਦੇ ਅਧੂਰੇ ਸਿਹਤ ਪ੍ਰਬੰਧਾਂ ਦੀ ਤਸਵੀਰ ਹੁਣ ਪੂਰੀ ਤਰਾਂ ਜੱਗ ਜ਼ਾਹਰ ਹੋ ਚੁੱਕੀ ਹੈ।

ਸਿੱਧੂ ਨੇ ਕਿਹਾ ਕਿ ਕੋਵਿਡ ਵਿਰੁੱਧ ਪੰਜਾਬ ਦੀ ਲੜਾਈ ਵਿੱਚ ਕੇਂਦਰ ਸਰਕਾਰ ਦੀ ਕੋਈ  ਮਦਦ ਸ਼ਾਮਲ ਨਹੀਂ ਹੈ ਪਰ ਇਸਦੇ  ਉਲਟ  ਦਿੱਲੀ ਵਿੱਚ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਕੇਂਦਰ ਨੂੰ ਕੋਰੋਨਾ ਵਿਰੁੱਧ ਇਸ ਜੰਗ ਦੀ ਕਮਾਨ ਆਪਣੇ ਹੱਥਾਂ ਵਿੱਚ ਲੈਣੀ ਪਈ। ‘ਆਪ’  ਸਰਕਾਰ ਨੇ ਤਾਂ ਲੋਕਾਂ ਨੂੰ ਕੋਰੋਨਾ ਦੀ ਅਣਕਿਆਸੀ ਸਮੱਸਿਆ ਵਿੱਚ ਧੱਕ ਦਿੱਤਾ ਸੀ ਪਰ ਕੇਂਦਰ ਦੀ ਮਦਦ ਨਾਲ ਹੀ ਸ਼ਹਿਰ ਨੂੰ ਇਸ ਵੱਡੀ ਸਮੱਸਿਆ ਤੋਂ ਨਿਜਾਤ ਦਿਵਾਉਣਾ ਸੰਭਵ ਹੋ ਸਕਿਆ।

ਮੰਤਰੀ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਵਿਚ ਕੋਵਿਡ ਪ੍ਰਬੰਧਨ ਬਾਰੇ ਜਿੰਨਾ ਘੱਟ ਬੋਲਿਆ ਜਾਵੇ ਉੰਨਾ ਹੀ ਚੰਗਾ ਹੈ। ਉਨਾਂ ਕਿਹਾ ਕਿ ਹੁਣ ਤਾਂ ਦਿੱਲੀ ਹਾਈ ਕੋਰਟ ਵਲੋਂ ਵੀ ਕੇਜਰੀਵਾਲ ਸਰਕਾਰ ਨੂੰ ਮਹਾਂਮਾਰੀ ਦੀ ਰਣਨੀਤੀ  ਬਾਰੇ ਲਗਾਤਾਰ  ਸਵਾਲ ਪੁੱਛੇ ਜਾ ਰਹੇ ਹਨ।  ਉਨਾਂ ਯਾਦ ਦਵਾਇਆ ਕਿ ਪਿਛਲੇ ਹਫਤੇ ਹੀ ਅਦਾਲਤ ਨੇ ਟੈਸਟਿੰਗ ਨੂੰ ਵਧਾਉਣ ਵਿਚ ਹੋਈ ਪ੍ਰਗਤੀ ਦੀ ਨਿਗਰਾਨੀ ਵਿੱਚ ਦਿੱਲੀ ਸਰਕਾਰ ਵੱਲੋਂ ਦਿਖਾਈ ਵਿਰੋਧਤਾ ਨੂੰ ‘ਸਮਝ ਤੋਂ ਬਾਹਰ’ ਕਰਾਰ ਦਿੱਤਾ ਸੀ।

ਉਨਾਂ ਕਿਹਾ ਕਿ ਇਹ ਕਿਹੋ ਜਿਹਾ ਦਿੱਲੀ ਮਾਡਲ ਹੈ, ਜਿਸ ਤੋਂ ਹਾਈ ਕੋਰਟ ਵੀ ਸੰਤੁਸਟ ਨਹੀਂ ਹੈ? ਉਨਾਂ ਕਿਹਾ ਕੋਵਿਡ ਪ੍ਰਬੰਧਨ ਨੂੰ ਪ੍ਰਭਾਵੀ ਤੇ ਕਾਰਗਰ ਬਣਾਉਣ  ਦੇ ਮਾਮਲੇ ਵਿੱਚ ਪੰਜਾਬ ਦਿੱਲੀ ਨਾਲੋਂ ਕਿਤੇ ਅੱਗੇ ਹੈ। ਸਿੱਧੂ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਪੂਰੀ ਜਾਂਚ  ਰਣਨੀਤੀ ਅਦਾਲਤ ਵਿੱਚ ਸਵਾਲਾਂ ਦੇ ਘੇਰੇ ਅਧੀਨ ਹੈ ਅਤੇ ਅਜਿਹੇ ਮੌਕੇ ਚੀਮਾ ਦਾ ਪੰਜਾਬ ਨੂੰ ਦਿੱਲੀ ਵਾਲੀ ਰਣਨੀਤੀ ਅਪਣਾਉਣ ‘ਤੇ ਜ਼ੋਰ ਦੇਣਾ ਨਾ ਸਿਰਫ ਹਾਸੋ-ਹੀਣਾ ਸਗੋਂ ਇਕ ਸਪੱਸ਼ਟ ਸੰਕੇਤ ਹੈ ਕਿ ‘ਆਪ ’ ਨੂੰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਵਿਚ ਕੋਈ ਦਿਲਚਸਪੀ ਨਹੀਂ ਹੈ।

ਉਨਾਂ ਨੇ ਅੱਗੇ ਕਿਹਾ ਕਿ ਉਹ (ਆਪ) ਹਮੇਸਾਂ ਆਪਣੇ ਹਿੱਤਾਂ ਨੂੰ ਸਿੱਧ ਕਰਨ ਦੇ ਯਤਨ ਕਰਦੀ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਸਾਲ 2017 ਵਿੱਚ ਭਲੀਭਾਂਤ ਵੇਖ ਲਿਆ ਸੀ ਜਦੋਂ ਪਾਰਟੀ ਦਾ ਸੂਬੇ ਵਿਚ ਸਰਕਾਰ ਬਣਾਉਣ ਸੁਪਨਾ ਢਹਿ-ਢੇਰੀ ਹੋ ਗਿਆ ਸੀ। ਸਿੱਧੂ ਨੇ ਕਿਹਾ ਕਿ ਦਿੱਲੀ ਵਿੱਚ ਕੇਂਦਰ ਨੂੰ ਮੈਡੀਕਲ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਦਖ਼ਲ ਦੇਣਾ ਪਿਆ  ਪਰ ਇਸਦੇ ਬਿਲਕੁਲ ਉਲਟ ਪੰਜਾਬ ਵਲੋਂ ਆਪਣੇ ਹਸਪਤਾਲਾਂ, ਕੋਵਿਡ ਕੇਂਦਰਾਂ ਅਤੇ ਬਿਸਤਰਿਆਂ ਦੀ ਗਿਣਤੀ ਦੇ ਨਾਲ ਨਾਲ ਹੋਰ ਸਹੂਲਤਾਂ/ਉਪਕਰਣਾਂ ਵਿੱਚ ਨਿਰੰਤਰ ਵਾਧਾ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਦਿੱਲੀ ਤੋਂ ਉਲਟ ਜਿਥੇ ਆਰ.ਟੀ-ਪੀਸੀਆਰ ਟੈਸਟਿੰਗ ਨੂੰ ਘੱਟ ਦਿਖਾ ਕੇ ਅਤੇ ਵੱਡੇ ਪੱਧਰ ‘ਤੇ ਅਨਿਸਚਿਤ ਰੈਪਿਡ ਐਂਟੀਜੇਨ ਟੈਸਟਾਂ (ਵੱਡੀ ਗਿਣਤੀ ਵਿਚ ਫਰਜੀ ਨੈਗਟਿਵ ਕੇਸ)‘ ਤੇ ਕੇਂਦਰਤ ਕਰਕੇ ਕੇਸਾਂ ਦੀ ਗਿਣਤੀ ਵਿੱਚ ਹੇਰ-ਫੇਰ ਕੀਤਾ ਜਾ ਰਿਹਾ ਹੈ ਉਥੇ ਹੀ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨਿਯਮਤ ਰੂਪ ਵਿਚ ਗੋਲਡ ਸਟੈਂਡਰਡ ‘ਆਰਟੀ-ਪੀਸੀਆਰ ਟੈਸਟਿੰਗ ਵਿੱਚ ਵਾਧਾ ਕਰ ਰਹੀ ਹੈ।

ਚੀਮਾ ਨੂੰ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨ ਸਲਾਹ ਦਿੰਦਿਆਂ ਮੰਤਰੀ ਨੇ ਅੱਗੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਪ੍ਰਬੰਧਾਂ ਕਾਰਨ ਦੇਸ਼ ਵਿਚ ਹੋਈਆਂ ਕੁੱਲ ਮੌਤਾਂ ਵਿੱਚੋਂ 10 ਫੀਸਦ  ਦਿੱਲੀ ਨਾਲ ਸਬੰਧਤ ਹਨ। ਦੂਸਰੇ ਪਾਸੇ ਪੰਜਾਬ ਵਿੱਚ  ਹੁਣ ਤੱਕ ਹੋਈਆਂ ਕੁੱਲ ਮੌਤਾਂ ਦਾ 1% ਹਿੱਸਾ ਬਣਦਾ ਹੈ ਅਤੇ ਉਹਨਾਂ ਵਿਚੋਂ ਵੀ ਜ਼ਿਆਦਾਤਰ  ਮੌਤਾਂ ਸਹਿ-ਰੋਗ ਨਾਲ ਸਬੰਧਤ ਹਨ।

ਸਿੱਧੂ ਨੇ ਕਿਹਾ ਕਿ ਉਹ ਨਹੀਂ ਸੋਚਦੇ ਕਿ ਇਕ ਵੀ ਪੰਜਾਬੀ ਆਪਣੇ ਰਾਜ ਵਿਚ ਇਸ ਤਰਾਂ ਦੇ ਦਿੱਲੀ ਵਰਗਾ ਕੋਈ ਮਾਡਲ ਚਾਹੇਗਾ। ਪੰਜਾਬ ਵਿੱਚ ਸਰਕਾਰ ਵੱਲੋਂ ਫੰਡਾਂ ਦੀ ਅਣਉਚਿਤ ਵਰਤੋਂ ਕਰਨ ਵਾਲੇ ਚੀਮਾ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸਿੱਧੂ ਨੇ ਚੀਮਾਂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਬੇਤੁਕੇ ਤੇ ਖੋਖਲੇ ਦਾਅਵੇ ਦਾ ਸਬੂਤ ਪੇਸ਼ ਕਰਨ। ਉਨਾਂ ਕਿਹਾ ਕਿ ਇਸ ਮਾਮਲੇ ਦੀ ਸੱਚਾਈ ਇਹ ਸੀ ਕਿ ਕੇਂਦਰ ਸਰਕਾਰ ਵੱਲੋਂ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਗਈ।

ਰਾਜ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਵਿੱਤੀ ਰੁਕਾਵਟ ਕੋਰਨਾਵਾਇਰਸ ਤੋਂ ਪੰਜਾਬੀਆਂ ਦੀ ਜਾਨ ਬਚਾਉਣ ਵਿੱਚ ਰਾਹ ਦਾ ਰੋੜਾ ਨਾ ਬਣੇ। ਮੰਤਰੀ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ‘ਆਪ’ ਦਾ ਪੰਜਾਬ ਵਿਚ ਕੋਈ ਅਧਾਰ ਨਹੀਂ ਹੈ। ਇਸ ਲਈ  ਮਹਿਜ਼ 18 ਮਹੀਨਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਝੂਠ,ਫਰੇਬ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

‘ਆਪ’ ਦੀ ਪੰਜਾਬ ਇਕਾਈ ਦੇ ਪੁਨਰਗਠਨ ਵੱਲ ਇਸ਼ਾਰਾ ਕਰਦਿਆਂ ਉਨਾਂ ਅੱਗੇ ਕਿਹਾ ਕਿ ਇਸ ਕਦਮ ਨੇ ਸਾਬਤ ਕਰ ਦਿੱਤਾ ਹੈ ਕਿ ਰਾਜ ਵਿਚ ਪਾਰਟੀ ਦੀ ਸਥਿਤੀ ਕਿੰਨੀ ਤਰਸਯੋਗ ਹੈ। ਹਸਪਤਾਲ ਦੇ ਫਰਸ਼ ‘ਤੇ 12 ਘੰਟਿਆਂ ਤੱਕ ਪਈਆਂ ਰਹੀਆਂ ਦੋ ਲਾਸ਼ਾਂ ਬਾਰੇ ਮੀਡੀਆ ਰਿਪੋਰਟ ਦੇ ਸਬੰਧ ਵਿੱਚ ਕੀਤੀ ਚੀਮਾ ਦੀ ਟਿੱਪਣੀ ਬਾਰੇ ਸਿੱਧੂ ਨੇ ਕਿਹਾ ਕਿ ਇਹ ਰਿਪੋਰਟ ਪਹਿਲਾਂ ਹੀ ਝੂਠੀ ਸਾਬਤ ਹੋ ਚੁੱਕੀ ਹੈ ਅਤੇ ਅਖਬਾਰ ਨੇ ਵੀ ਬਾਅਦ ਵਿਚ ਇਸ ਸਬੰਧੀ ਸਪਸ਼ਟੀਕਰਨ ਪ੍ਰਕਾਸ਼ਿਤ ਕਰ ਦਿੱਤਾ ਹੈ।

ਚੀਮਾ ਦੇ ਬੇਤੁੱਕੀਆਂ ਅਤੇ ਭਰਮਪੂਰਣ ਰਿਪੋਰਟਾਂ ਦੀ ਹਮਾਇਤ ਕਰਨ ‘ਤੇ ਹੈਰਾਨੀ ਜਤਾਉਂਦਿਆਂ ਮੰਤਰੀ ਨੇ ਕਿਹਾ ਕਿ ‘ਆਪ’ ਵਿਧਾਇਕ ਇਸ ਔਖੀ ਘੜੀ ਵਿੱਚ ਆਪਣੇ ਗੈਰ-ਜਿੰਮੇਵਾਰਾਨਾ ਬਿਆਨਾਂ ਰਾਹੀਂ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨਾਂ ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ ਕਿਹਾ ਕਿ ਜੇਕਰ ਉਹ ਅਸਲੀਅਤ ਵਿਚ ਪੰਜਾਬ ਦੇ ਲੋਕਾਂ ਲਈ ਫਿਕਰਮੰਦ ਹਨ ਤਾਂ ਸੋਸ਼ਲ ਮੀਡੀਆ ਦੀ ਫਰਜ਼ੀ ਤੇ ਸੁਖਾਲੀ ਦੁਨੀਆ ਤੋਂ ਬਾਹਰ ਆਉਣ ਅਤੇ ਪੰਜਾਬ ਦੇ ਹਿੱਤ ਵਿੱਚ ਰਾਜ ਸਰਕਾਰ ਦੇ ਯਤਨਾਂ ਵਿੱਚ ਆਪਣਾ ਸਹਿਯੋਗ ਦੇਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।