ਜ਼ਹਿਰੀਲੀ ਸ਼ਰਾਬ ਮਾਮਲਾ: ਕਾਂਗਰਸ ਹਾਈ ਕਮਾਂਡ ਵੀ ਲਪੇਟੇ 'ਚ, ਮਜੀਠੀਆ ਨੇ ਸੋਨੀਆ ਵੱਲ ਸਾਧਿਆ ਨਿਸ਼ਾਨਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲੇ ਦੀ ਨਿਰਪੱਖ ਜਾਂਚ ਤਕ ਅੰਦੋਲਨ ਜਾਰੀ ਰੱਖਣ ਦਾ ਐਲਾਨ

Bikram Singh Majithia

ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਦਾ ਸੇਕ ਹੁਣ ਦਿੱਲੀ ਤਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਲਗਭਗ ਸਾਰੇ ਸਿਆਸੀ ਦਲ ਇਸ ਮੁੱਦੇ 'ਚ ਅਪਣੇ ਨਫ਼ੇ-ਨੁਕਸਾਨ ਦੇ ਮੁਲਾਂਕਣ ਤਹਿਤ ਦਿਲਚਸਪੀ ਲੈ ਰਹੇ ਹਨ। ਸੱਤਾਧਾਰੀ ਧਿਰ ਜਿੱਥੇ ਬਚਾਅ ਦੀ ਸਥਿਤੀ 'ਚ ਹੈ, ਉਥੇ ਹੀ ਵਿਰੋਧੀ ਧਿਰਾਂ ਸਰਕਾਰ ਨੂੰ ਘੇਰਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀਆਂ।

ਅਸੰਬਲੀ ਚੋਣਾਂ ਦਾ ਸਮਾਂ ਨੇੜੇ ਹੋਣ ਕਾਰਨ ਸਾਰੇ ਸਿਆਸੀ ਦਲ ਖੁਦ ਨੂੰ ਲੋਕ ਹਿਤੈਸ਼ੀ ਸਾਬਤ ਕਰਨ ਦੇ ਨਾਲ-ਨਾਲ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰਨ ਦਾ ਹਰ ਹਰਬਾ ਵਰਤ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਜੋ  ਖੁਦ ਵੀ ਨਸ਼ਿਆਂ ਦੇ ਦਾਗ ਦਾ ਸੰਤਾਪ ਹੰਢਾ ਚੁੱਕਾ ਹੈ, ਇਸ ਮੁੱਦੇ ਨੂੰ ਸਰਕਾਰ ਖਿਲਾਫ਼ ਵਰਤਣ ਦੇ ਰੌਂਅ 'ਚ ਹੈ।

ਮੁੱਦੇ ਦੀ ਗੰਭੀਰਤਾ ਨੂੰ ਵੇਖਦਿਆਂ ਅਕਾਲੀ ਦਲ ਵਲੋਂ ਧਰਨੇ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਅਕਾਲੀ ਦਲ ਨੇ ਹੁਣ ਕਾਂਗਰਸ ਹਾਈ ਕਮਾਨ ਨੂੰ ਵੀ ਲਪੇਟੇ 'ਚ ਲੈਣਾ ਸ਼ੁਰੂ ਕਰ ਦਿਤਾ ਹੈ। ਇਸੇ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਹਾਈ ਕਮਾਡ 'ਤੇ ਗੰਭੀਰ ਦੋਸ਼ ਮੜਦਿਆਂ ਕਈ ਸਨਸਨੀਖੇਜ਼ ਪ੍ਰਗਟਾਵੇ ਕੀਤੇ ਹਨ।

ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਚੱਲ ਰਹੇ ਸ਼ਰਾਬ ਦੇ ਨਾਜਾਇਜ਼ ਧੰਦੇ 'ਚੋਂ ਹੁੰਦੀ ਕਾਲੀ ਕਮਾਈ 'ਚੋਂ ਕੁੱਝ ਹਿੱਸਾ ਕਾਂਗਰਸ ਹਾਈ ਕਮਾਂਡ ਤਕ ਵੀ ਪਹੁੰਚਦਾ ਰਿਹਾ ਹੈ। ਸੋਨੀਆ ਗਾਂਧੀ ਦੀ ਚੁੱਪ 'ਤੇ ਸਵਾਲ ਚੁਕਦਿਆਂ ਮਜੀਠੀਆ ਨੇ ਕਿਹਾ ਕਿ ਸੋਨੀਆ ਨੂੰ ਕੈਪਟਨ ਵਲੋਂ ਉਨ੍ਹਾਂ ਦਾ ਨਾਮ ਜਨਤਕ ਕਰਨ ਦਾ ਡਰ ਹੈ, ਜਿਸ ਕਾਰਨ ਉਹ ਕੈਪਟਨ ਬਾਰੇ ਕੁੱਝ ਵੀ ਕਹਿਣ ਤੋਂ ਬੱਚ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਾਰਨ 121 ਤੋਂ ਵਧੇਰੇ ਲੋਕ ਮੌਤ ਦੀ ਮੂੰਹ 'ਚ ਜਾ ਚੁੱਕੇ ਹਨ, ਜਦਕਿ ਸੱਤਾਧਾਰੀ ਇਸ ਮੁੱਦੇ 'ਤੇ ਇਕ-ਦੂਜੇ ਸਿਰ ਦੋਸ਼ ਮੜਣ 'ਚ ਮਸ਼ਰੂਫ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਇਸ ਮਾਮਲੇ ਦੀ ਹਾਈ ਕੋਰਟ ਦੀ ਨਿਗਰਾਨੀ 'ਚ ਜਾਂ ਨਿਰਪੱਖ ਜਾਂਚ ਨਹੀਂ ਹੁੰਦੀ, ਅਕਾਲੀ ਦਲ ਵਲੋਂ ਅੰਦੋਲਨ ਜਾਰੀ ਰੱਖਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।