ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਯੂਥ ਕਲੱਬਾਂ ਨੂੰ ਸਰਗਰਮ ਕਰਨ ਦੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂਥ ਕਲੱਬਾਂ ਲਈ ਪਹਿਲੀ ਵਾਰ ਸ਼ੁਰੂ ਕੀਤਾ ਜਾਵੇਗਾ ਐਵਾਰਡ

MEET HAYER ADVOCATES FOR THE ACTIVATION OF YOUTH CLUBS


ਸ਼ਹੀਦ ਭਗਤ ਸਿੰਘ ਰਾਜ ਪੁਰਸਕਾਰ ਦੀ ਪ੍ਰਣਾਲੀ ਤਰਕਸੰਗਤ ਬਣਾਈ ਜਾਵੇਗੀ

ਨਵੀਂ ਯੂਥ ਪਾਲਿਸੀ ਜਲਦ ਜਾਰੀ ਕੀਤੀ ਜਾਵੇਗੀ : ਮੀਤ ਹੇਅਰ

ਨੌਜਵਾਨਾਂ ਲਈ ਵਟਾਂਦਰਾ ਪ੍ਰੋਗਰਾਮ ਤੇ ਟੂਰ ਕਰਵਾਉਣ ਲਈ ਆਖਿਆ

ਯੁਵਕ ਸੇਵਾਵਾਂ ਮੰਤਰੀ ਵਲੋਂ ਖਾਲੀ ਅਸਾਮੀਆਂ ਭਰਨ ਦੇ ਨਿਰਦੇਸ਼

ਚੰਡੀਗੜ੍ਹ, 9 ਅਗਸਤ : ਪੰਜਾਬ ਦੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਅਤੇ ਉਨਾਂ ਵਿਚ ਲੀਡਰਸ਼ਿਪ ਦੇ ਗੁਣ ਤੇ ਆਤਮ ਵਿਸ਼ਵਾਸ ਪੈਦਾ ਕਰਨ ਲਈ ਨਵੀਂ ਯੂਥ ਪਾਲਿਸੀ ਨਵੀਂ ਲਿਆਂਦੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਯੂਥ ਕਲੱਬਾਂ ਲਈ ਪਹਿਲੀ ਵਾਰ ਐਵਾਰਡ ਸ਼ੁਰੂ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਨੌਜਵਾਨਾਂ ਨੂੰ ਦਿਤੇ ਜਾਣ ਵਾਲੇ ਸ਼ਹੀਦ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਚੋਣ ਪ੍ਰਣਾਲੀ ਨੂੰ ਤਰਕਸੰਗਤ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲੇ 8 YouTube ਚੈਨਲਾਂ ਦਾ ਕੀਤਾ ਪਰਦਾਫ਼ਾਸ਼ 

ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਵਿਭਾਗ ਦੀ ਸਮੀਖਿਆ ਮੀਟਿੰਗ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਯੂਥ ਕਲੱਬਾਂ ਨੂੰ ਸਰਗਰਮ ਕਰਨ ਲਈ ਪ੍ਰੋਗਰਾਮ ਉਲੀਕਿਆ ਜਾਵੇ ਤਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਵਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸਮਾਜਿਕ ਭਲਾਈ ਦੇ ਕੰਮ, ਨਸ਼ਿਆਂ ਵਿਰੁਧ ਜਾਗਰੂਕਤਾ, ਵਾਤਾਵਰਣ ਦੀ ਸਾਂਭ-ਸੰਭਾਲ, ਖੇਡਾਂ ਤੇ ਸੱਭਿਆਚਾਰਕ ਆਦਿ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਯੂਥ ਕਲੱਬ ਅੱਗੇ ਆਉਣ।

ਇਹ ਵੀ ਪੜ੍ਹੋ : ਕੀਮਤਾਂ ’ਤੇ ਕਾਬੂ ਪਾਉਣ ਲਈ ਸਰਕਾਰ ਖੁੱਲ੍ਹੇ ਬਾਜ਼ਾਰ ’ਚ 50 ਲੱਖ ਟਨ ਕਣਕ, 25 ਲੱਖ ਟਨ ਚੌਲ ਹੋਰ ਵੇਚੇਗੀ  

ਯੁਵਕ ਸੇਵਾਵਾਂ ਮੰਤਰੀ ਨੇ ਕਿਹਾ ਕਿ ਸੂਬੇ ਦੀ 40 ਫ਼ੀ ਸਦੀ ਤੋਂ ਵੱਧ ਵਸੋਂ ਨੌਜਵਾਨਾਂ ਦੀ ਹੈ ਅਤੇ ਨੌਜਵਾਨਾਂ ਨੂੰ ਸੂਬੇ ਦੇ ਵਿਕਾਸ ਵਿਚ ਭਾਗੀਦਾਰ ਬਣਾਉਣ ਅਤੇ ਉਨਾਂ ਦੇ ਸਸ਼ਕਤੀਕਰਨ ਲਈ ਵਿਆਪਕ ਯੂਥ ਪਾਲਿਸੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਵੱਧ ਤੋਂ ਵੱਧ ਅੰਤਰ-ਰਾਜੀ ਟੂਰ ਲਗਾਏ ਜਾਣ ਅਤੇ ਯੁਵਕ ਵਟਾਂਦਰਾ ਪ੍ਰੋਗਰਾਮ ਉਲੀਕੇ ਜਾਣ। ਯੂਥ ਐਡਵੈਂਚਰ ਕਲੱਬ ਦੀ ਸਥਾਪਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਪੰਜਾਬ ਰਾਜ ਅੰਤਰ ’ਵਰਸਿਟੀ ਯੁਵਕ ਮੇਲਾ ਉਲੀਕਿਆ ਜਾਵੇ ਤਾਂ ਨੌਜਵਾਨਾਂ ਦੇ ਅੰਦਰਲੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਵੇ।

ਮੀਤ ਹੇਅਰ ਨੇ ਇਹ ਵੀ ਕਿਹਾ ਕਿ ਵਿਭਾਗ ਵਿਚ ਸਹਾਇਕ ਡਾਇਰੈਕਟਰ ਦੀਆਂ ਖਾਲੀ ਅਸਾਮੀਆਂ ਨੂੰ ਤੁਰਤ ਭਰਨ ਲਈ ਹੋਰਨਾਂ ਵਿਭਾਗਾਂ ਤੋਂ ਕਾਬਲ ਅਧਿਕਾਰੀਆਂ ਨੂੰ ਡੈਪੂਟੇਸ਼ਨ ਉਤੇ ਲਿਆਉਣ ਦੀ ਯੋਜਨਾ ਬਣਾਈ ਜਾਵੇ ਅਤੇ ਨਾਲ ਹੀ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਖਾਲੀ ਅਸਾਮੀਆਂ ਭਰਨ ਲਈ ਵੀ ਲਿਖਿਆ ਜਾਵੇ। ਉਨ੍ਹਾਂ ਕਿਹਾ ਕਿ ਯੁਵਾ ਭਵਨ ਦੀ ਉਸਾਰੀ ਦਾ ਕੰਮ ਮੁਕੰਮਲ ਕੀਤਾ ਜਾਵੇ।

ਮੀਟਿੰਗ ਵਿਚ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਵਿਸ਼ੇਸ਼ ਮੁੱਖ ਸਕੱਤਰ ਸਰਵਜੀਤ ਸਿੰਘ, ਯੁਵਕ ਸੇਵਾਵਾਂ ਦੇ ਡਾਇਰੈਕਟਰ ਡਾ. ਕਮਲਜੀਤ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਤੇ ਰੁਪਿੰਦਰ ਕੌਰ ਵੀ ਹਾਜ਼ਰ ਸਨ।