ਸਫਾਈ ਸੇਵਕ ਅਤੇ ਸੀਵਰਮੈਨ ਦੀ ਇੰਟਰਵਿਊ ਲਈ ਪਹੁੰਚੇ ਸਿਵਲ ਇੰਜੀਨੀਅਰ ਅਤੇ MCA ਪਾਸ ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

160 ਕਿਲੋਮੀਟਰ ਦੂਰ ਪਿੰਡ ਸਤੌਜ ਤੋਂ ਪਹੁੰਚੇ 4 ਨੌਜੁਆਨ

Image: For representation purpose only.

ਹੁਸ਼ਿਆਰਪੁਰ:  ਨਗਰ ਨਿਗਮ ਹੁਸ਼ਿਆਰਪੁਰ ਵਿਚ 150 ਸਫਾਈ ਸੇਵਕਾਂ ਅਤੇ 30 ਸੀਵਰਮੈਨਾਂ ਦੀ ਭਰਤੀ ਚੱਲ ਰਹੀ ਹੈ ਜੋ ਕਿ ਠੇਕਾ ਪ੍ਰਣਾਲੀ ਅਨੁਸਾਰ ਰੱਖੇ ਜਾਣੇ ਹਨ। ਇਨ੍ਹਾਂ ਪੋਸਟਾਂ ਲਈ ਜਿਨ੍ਹਾਂ ਨੌਜਵਾਨਾਂ ਨੇ ਅਪਲਾਈ ਕੀਤਾ ਹੈ, ਉਨ੍ਹਾਂ ਵਿਚ ਹੁਸ਼ਿਆਰਪੁਰ ਸਮੇਤ ਸੰਗਰੂਰ, ਸੁਨਾਮ, ਪਟਿਆਲਾ, ਅੰਮ੍ਰਿਤਸਰ ਨਾਲ ਸਬੰਧਤ ਨੌਜੁਆਨ ਵੀ ਹਨ, ਜਿਨ੍ਹਾਂ ਦੀ ਵਿਦਿਅਕ ਯੋਗਤਾ ਜ਼ਿਆਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਅਸਾਮੀਆਂ ਲਈ ਸਿਵਲ ਇੰਜੀਨੀਅਰ ਅਤੇ ਐਮ.ਸੀ.ਏ. ਪਾਸ ਉਮੀਦਵਾਰਾਂ ਨੇ ਵੀ ਅਪਲਾਈ ਕੀਤਾ ਹੈ।

ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਤੋਂ 5 ਨੌਜਵਾਨਾਂ ਨੇ ਹੁਸ਼ਿਆਰਪੁਰ ਨਗਰ ਨਿਗਮ ਵਿਚ ਨਿਕਲੀਆਂ ਸਫਾਈ ਸੇਵਕਾਂ ਦੀਆਂ ਅਸਾਮੀਆਂ ਲਈ ਅਪਲਾਈ ਕੀਤਾ ਹੈ ਅਤੇ 4 ਵਲੋਂ ਇੰਟਰਵਿਊ ਵੀ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਤੋਂ ਲਗਭਗ 160-170 ਕਿਲੋਮੀਟਰ ਦੂਰ ਤੋਂ ਨੌਕਰੀ ਦੀ ਭਾਲ ਵਿਚ ਆਏ ਇਹ ਨੌਜੁਆਨ ਜੇਕਰ ਨੌਕਰੀ ਪ੍ਰਾਪਤ ਕਰ ਲੈਂਦੇ ਹਨ ਤਾਂ ਇਨ੍ਹਾਂ ਨੂੰ ਡੀ.ਸੀ.ਰੇਟ ’ਤੇ ਹੀ ਸੈਲਰੀ ਮਿਲੇਗੀ ਜੋ ਕਿ 9-10 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।

ਇਹ ਵੀ ਪੜ੍ਹੋ: ਮਨੀਪੁਰ ਹਿੰਸਾ ਦੇ ਵਿਰੋਧ ਵਿਚ ਅੱਜ ਪੰਜਾਬ ਬੰਦ! ਵੱਖ-ਵੱਖ ਸ਼ਹਿਰਾਂ ਵਿਚ ਪੁਲਿਸ ਤਾਇਨਾਤ

ਇਸ ਸਮੇਂ ਨਗਰ ਨਿਗਮ ਵਿਚ ਮੁੱਖ ਮੰਤਰੀ ਦੇ ਪਿੰਡ ਤੋਂ ਆਉਣ ਵਾਲੇ ਨੌਜੁਆਨ ਚਰਚਾ ਵਿਚ ਹਨ, ਇਨ੍ਹਾਂ ਨੌਜਵਾਨਾਂ ਵਿਚ ਗੁਰਜੀਤ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਸਿੰਘ ਤੇ ਮਨਪ੍ਰੀਤ ਸਿੰਘ ਸ਼ਾਮਲ ਹਨ, ਜਿਨ੍ਹਾਂ ਵਲੋਂ ਇੰਟਰਵਿਊ ਦਿਤੀ ਜਾ ਚੁਕੀ ਹੈ। ਦੂਜੇ ਪਾਸੇ ਨਗਰ ਨਿਗਮ ਵਿਚ ਇੰਟਰਵਿਊ ਲੈਣ ਵਾਲੇ ਅਧਿਕਾਰੀਆਂ ਕੋਲ ਭਾਵੇਂ ਕਿਸੇ ਦੀ ਕੋਈ ਸਿਫਾਰਿਸ਼ ਨਹੀਂ ਆਈ। ਗੁਜਰੀਤ ਸਿੰਘ ਨੇ ਦਸਿਆ ਕਿ ਉਹ 12ਵੀਂ ਪਾਸ ਹੈ ਅਤੇ ਜੇਕਰ ਉਸ ਨੂੰ ਇਹ ਨੌਕਰੀ ਮਿਲ ਜਾਂਦੀ ਹੈ ਤਾਂ ਉਹ ਜ਼ਰੂਰ ਕਰੇਗਾ। ਉਸ ਨੇ ਆਈ.ਟੀ.ਆਈ. ਤੋਂ ਬਿਲਡਰ ਦਾ ਡਿਪਲੋਮਾ ਕੀਤਾ ਹੈ। ਇਸੇ ਤਰ੍ਹਾਂ ਕੁਲਵਿੰਦਰ ਸਿੰਘ ਵੀ 12ਵੀਂ ਪਾਸ ਹੈ।

ਇਹ ਵੀ ਪੜ੍ਹੋ: ਕਰਨਾਲ 'ਚ ਮਿੱਟੀ 'ਚ ਦੱਬਣ ਕਾਰਨ ਮਜ਼ਦੂਰ ਦੀ ਮੌਤ  

ਧੂਰੀ ਤੋਂ ਸਫਾਈ ਸੇਵਕ ਦੀ ਇੰਟਰਵਿਊ ਦੇਣ ਪਹੁੰਚੇ ਕਮਲਪ੍ਰੀਤ ਨੇ ਦਸਿਆ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇੰਜਨੀਅਰਿੰਗ ਵਿਚ ਤਿੰਨ ਸਾਲ ਦਾ ਡਿਪਲੋਮਾ ਕੀਤਾ ਹੋਇਆ ਹੈ ਪਰ ਕਿਤੇ ਵੀ ਪੱਕੀ ਨੌਕਰੀ ਨਹੀਂ ਮਿਲ ਰਹੀ। ਇਸ ਲਈ ਉਸ ਨੇ ਹੁਣ ਸਫਾਈ ਸੇਵਕ ਦੀ ਨੌਕਰੀ ਲਈ ਅਪਲਾਈ ਕੀਤਾ ਹੈ।

ਇਹ ਵੀ ਪੜ੍ਹੋ: ਲੜਕੀਆਂ ਨਾਲ ਛੇੜਛਾੜ ਅਤੇ ਬਲਾਤਕਾਰ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ, ਰਾਜਸਥਾਨ ਦੇ ਮੁੱਖ ਮੰਤਰੀ ਨੇ ਕੀਤਾ ਐਲਾਨ

ਪਿੰਡ ਮਿਰਜ਼ਾਪੁਰ ਦੇ ਰਹਿਣ ਵਾਲੇ ਮਨੀਸ਼ ਕੁਮਾਰ ਨੇ ਐਮ.ਸੀ.ਏ. ਕੀਤੀ ਹੈ। ਉਸ ਨੇ ਵੀ ਸਫਾਈ ਸੇਵਕ ਦੀ ਨੌਕਰੀ ਲਈ ਅਪਲਾਈ ਕੀਤਾ ਹੈ। ਮਨੀਸ਼ ਦਾ ਕਹਿਣਾ ਹੈ ਕਿ ਉਸ ਨੂੰ ਨੌਕਰੀ ਨਹੀਂ ਮਿਲ ਰਹੀ, ਜਿਸ ਕਾਰਨ ਉਸ ਨੇ ਇਸ ਪੋਸਟ ਲਈ ਅਪਲਾਈ ਕੀਤਾ ਹੈ।