ਡਿੰਪੀ ਢਿੱਲੋਂ ਵਲੋਂ ਕਾਂਗਰਸ ਬਲਾਕ ਪ੍ਰਧਾਨ ਅਤੇ ਵਿਧਾਇਕ 'ਤੇ ਅਕਾਲੀ ਉਮੀਦਵਾਰ ਨੂੰ ਅਗਵਾ ਕਰਨ ਦਾ ਦੋਸ਼
ਆਗਾਮੀ 19 ਸਤੰਬਰ ਨੂੰ ਹੋ ਰਹੀਆਂ ਪੰਚਾਇਤ ਸੰਮਤੀ ਚੋਣਾਂ 'ਚ ਰਿਜ਼ਰਵ ਜ਼ੋਨ ਮੱਲਣ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਮੈਦਾਨ 'ਚ ਨਿੱਤਰੇ ਉਮੀਦਵਾਰ ਨੂੰ ਕਾਂਗਰਸੀ ਵਿਧਾਇਕ...........
ਬਠਿੰਡਾ : ਆਗਾਮੀ 19 ਸਤੰਬਰ ਨੂੰ ਹੋ ਰਹੀਆਂ ਪੰਚਾਇਤ ਸੰਮਤੀ ਚੋਣਾਂ 'ਚ ਰਿਜ਼ਰਵ ਜ਼ੋਨ ਮੱਲਣ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਮੈਦਾਨ 'ਚ ਨਿੱਤਰੇ ਉਮੀਦਵਾਰ ਨੂੰ ਕਾਂਗਰਸੀ ਵਿਧਾਇਕ ਦੀ ਸ਼ਹਿ 'ਤੇ ਬਲਾਕ ਪ੍ਰਧਾਨ ਵਲੋਂ ਅਗ਼ਵਾ ਕਰਨ ਦਾ ਦੋਸ਼ ਲਗਾਉਂਦਿਆਂ ਗਿੱਦੜਵਾਹਾ ਹਲਕੇ ਦੇ ਅਕਾਲੀ ਆਗੂ ਡਿੰਪੀ ਢਿੱਲੋਂ ਨੇ ਚੋਣ ਕਮਿਸ਼ਨਰ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਅੱਜ ਬਠਿੰਡਾ ਪ੍ਰੈਸ ਕਲੱਬ 'ਚ ਕਥਿਤ ਅਗ਼ਵਾ ਹੋਏ ਅਕਾਲੀ ਉਮੀਦਵਾਰ ਗੁਰਦੀਪ ਸਿੰਘ ਉਰਫ਼ ਵਿੱਕੀ ਪੁੱਤਰ ਹਰਬੰਸ ਸਿੰਘ ਵਾਸੀ ਕੋਟਲੀ ਅਬਲੂ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਦਰਜਨਾਂ ਸਾਥੀਆਂ ਸਮੇਤ ਪੁੱਜੇ ਡਿੰਪੀ ਢਿੱਲੋਂ ਨੇ ਦਾਅਵਾ ਕੀਤਾ ਕਿ ਉਕਤ ਉਮੀਦਵਾਰ ਜ਼ੋਨ ਮੱਲਣ (ਰਿਜ਼ਰਵ) ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਉਪਰ ਲੜ ਰਿਹਾ ਹੈ।
ਬੀਤੇ ਕਲ ਨਾਮਜ਼ਦਗੀ ਦਾਖ਼ਲ ਕਰਨ ਤੋਂ ਬਾਅਦ ਜਦ ਉਕਤ ਉਮੀਦਵਾਰ ਅਪਣੇ ਘਰ ਵਿਚ ਸੀ ਤਾਂ ਪਿੰਡ ਨਾਲ ਹੀ ਸਬੰਧਤ ਯੂਥ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਕੋਟਲੀ ਨੇ ਉਸ ਨੂੰ ਅਪਣੇ ਫ਼ੋਨ ਤੋਂ ਕਾਲ ਕਰ ਕੇ ਵਧਾਈ ਦਿਤੀ ਤੇ ਪੂਰੀ ਮਦਦ ਦਾ ਭਰੋਸਾ ਦਿਤਾ। ਇਸ ਮੌਕੇ ਹਾਜ਼ਰ ਉਮੀਦਵਾਰ ਗੁਰਦੀਪ ਸਿੰਘ ਨੇ ਦਾਅਵਾ ਕੀਤਾ ਕਿ ਬੀਤੀ ਸ਼ਾਮ ਨੂੰ ਉਹ ਗੱਡੀ ਲੈ ਕੇ ਉਸ ਦੇ ਘਰ ਅੱਗੇ ਪੁੱਜ ਗਿਆ ਤੇ ਉਸ ਨੂੰ ਕੁੱਝ ਸਾਥੀਆਂ ਨੂੰ ਮਿਲਾਉਣ ਦਾ ਭਰੋਸਾ ਦੇ ਕੇ ਨਾਲ ਚੱਲਣ ਲਈ ਜ਼ੋਰ ਪਾਉਣ ਲੱਗਾ ਪਰ ਉਸ ਨੇ ਇਨਕਾਰ ਕਰ ਦਿਤਾ।
ਅਕਾਲੀ ਉਮੀਦਵਾਰ ਦੇ ਦੋਸ਼ ਮੁਤਾਬਕ ਉਸ ਨੂੰ ਜਬਰੀ ਗੱਡੀ ਵਿਚ ਸੁੱਟ ਕੇ ਲਿਜਾਇਆ ਗਿਆ ਤੇ ਰਸਤੇ ਵਿਚ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਗੱਲਬਾਤ ਕਰਨ ਲਈ ਜ਼ੋਰ ਪਾਇਆ ਜਾਣਾ ਲੱਗਾ। ਇਹੀ ਨਹੀਂ ਬਲਾਕ ਪ੍ਰਧਾਨ ਦੇ ਫ਼ੋਨ ਉਪਰ ਕਈ ਵਾਰ ਥਾਣਾ ਮੁਖੀ ਕੋਟਭਾਈ ਦਾ ਵੀ ਫ਼ੋਨ ਆਇਆ ਤੇ ਉਸ ਵਲੋਂ ਵੀ ਉਸ ਨੂੰ ਕਾਗਜ਼ ਵਾਪਸ ਲੈਣ ਲਈ ਧਮਕੀਆਂ ਦਿਤੀਆਂ ਜਾਣ ਲੱਗੀਆਂ।
ਇਸ ਦੌਰਾਨ ਜਦ ਗੱਡੀ ਬਠਿੰਡਾ ਰੋਡ ਸ਼੍ਰੀ ਮੁਕਤਸਰ ਸਾਹਿਬ ਕੋਲ ਪੁੱਜੀ ਤਾਂ ਅਚਾਨਕ ਅੱਗੇ ਟਰੈਕਟਰ ਟਰਾਲੀ ਆ ਜਾਣ ਕਾਰਨ ਰਫ਼ਤਾਰ ਹੌਲੀ ਹੋ ਜਾਣ ਕਾਰਨ ਉਹ ਗੱਡੀ ਵਿਚੋਂ ਭੱਜਣ ਵਿਚ ਸਫ਼ਲ ਰਿਹਾ। ਇਸ ਦੌਰਾਨ ਗੁਰਸੇਵਕ ਸਿੰਘ ਦਾ ਫ਼ੋਨ ਵੀ ਉਸ ਕੋਲ ਰਹਿ ਗਿਆ ਜਿਸ ਰਾਹੀਂ ਥਾਣਾ ਮੁਖੀ ਉਸ ਨਾਲ ਗੱਲ ਕਰ ਰਿਹਾ ਸੀ। ਉਨ੍ਹਾਂ ਇਸ ਮਾਮਲੇ 'ਚ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਸਮੇਤ ਕਾਂਗਰਸੀ ਵਿਧਾਇਕ ਅਤੇ ਥਾਣਾ ਕੋਟਭਾਈ ਦੇ ਮੁਖੀ ਵਿਰੁਧ ਕਾਰਵਾਈ ਦੀ ਮੰਗ ਕੀਤੀ।
ਅਪਣੀ ਹਾਰ ਸਾਹਮਣੇ ਦੇਖ ਕੇ ਅਕਾਲੀ ਆਗੂ ਬੁਖਲਾਏ: ਰਾਜਾ ਵੜਿੰਗ :- ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕਾ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਆਗੂ ਡਿੰਪੀ ਢਿੱਲੋਂ ਅਤੇ ਗੁਰਦੀਪ ਸਿੰਘ ਵਲੋਂ ਲਗਾਏ ਦੋਸ਼ਾਂ ਨੂੰ ਝੂਠਾਂ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਅਪਣੀ ਹਾਰ ਸਾਹਮਣੇ ਦੇਖ ਕੇ ਇਹ ਬੁਖਲਾ ਕੇ ਝੂਠੇ ਦੋਸ਼ ਲਗਾ ਰਹੇ ਹਨ। ਰਾਜਾ ਵੜਿੰਗ ਨੇ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਵਾਪਰਨ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਕਾਂਗਰਸੀ ਉਮੀਦਵਾਰ ਵੱਡੇ ਅੰਤਰ ਨਾਲ ਜਿੱਤ ਰਹੇ ਹਨ ਜਿਸ ਕਾਰਨ ਸਾਨੂੰ ਅਜਿਹੀਆਂ ਹੋਛੀਆਂ ਘਟਨਾਵਾਂ ਦੀ ਕੋਈ ਜ਼ਰੂਰਤ ਨਹੀਂ।