ਖੁਰਾਕ ਸਪਲਾਈ ਵਿਭਾਗ ਦੀ ਟੀਮ ਵਲੋਂ ਡਿੰਪੀ ਢਿੱਲੋਂ ਦੇ ਪੰਪ 'ਤੇ ਛਾਪੇਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅਤਿ ਨਜ਼ਦੀਕੀਆਂ ਵਿਚ ਸ਼ਾਮਲ ਗਿੱਦੜਬਾਹਾ ਹਲਕੇ ਦੇ ਅਕਾਲੀ ਆਗੂ ਅਤੇ ਦੀਪ ਬੱਸ ਕੰਪਨੀ ਦੇ ਮਾਲਕ ਡਿੰਪੀ ਢਿੱਲੋਂ...........

Diesel filling tanker from Petrol pump

ਬਠਿੰਡਾ : ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅਤਿ ਨਜ਼ਦੀਕੀਆਂ ਵਿਚ ਸ਼ਾਮਲ ਗਿੱਦੜਬਾਹਾ ਹਲਕੇ ਦੇ ਅਕਾਲੀ ਆਗੂ ਅਤੇ ਦੀਪ ਬੱਸ ਕੰਪਨੀ ਦੇ ਮਾਲਕ ਡਿੰਪੀ ਢਿੱਲੋਂ ਦੇ ਪੰਪ ਅਤੇ ਬਠਿੰਡਾ ਸਥਿਤ ਨੌਹਰੇ ਵਿਚ ਚੰਡੀਗੜ੍ਹ ਤੋਂ ਆਈ ਇਕ ਵਿਸ਼ੇਸ ਟੀਮ ਵਲੋਂ ਛਾਪੇਮਾਰੀ ਕੀਤੀ ਗਈ। ਖੁਰਾਕ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਦੀ ਅਗਵਾਈ ਵਾਲੀ ਇਸ ਟੀਮ ਵਲੋਂ ਬਠਿੰਡਾ 'ਚ ਛਾਪੇਮਾਰੀ ਦੌਰਾਨ ਨਾਜਾਇਜ਼ ਤੌਰ 'ਤੇ ਬਸਾਂ 'ਚ ਤੇਲ ਪਾਉਂਦੇ ਇਕ ਕੈਂਟਰ ਅਤੇ ਬੱਸ ਨੂੰ ਜ਼ਬਤ ਕਰ ਲਿਆ। 

ਜਾਣਕਾਰੀ ਮੁਤਾਬਕ ਸੂਬੇ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੁਕਮਾਂ ਉਪਰ ਵਿਭਾਗ ਦੀ ਇਕ ਚੀਫ਼ ਵਿਜੀਲੈਂਸ ਕਮਿਸ਼ਨਰ ਰਾਕੇਸ਼ ਸਿੰਗਲਾ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਸੀ। ਇਹ ਟੀਮ ਬੀਤੀ ਰਾਤ ਹੀ ਗਿੱਦੜਵਹਾ ਵਿਖੇ ਹੀ ਪਹੁੰਚ ਗਈ ਸੀ ਤੇ ਟੀਮ ਰਾਤ ਇਕ ਵਜੇ ਤੋਂ ਹੀ ਨਿਊ ਦੀਪ ਬੱਸ ਕੰਪਨੀ ਦੇ ਮਾਲਕ ਢਿੱਲੋਂ ਭਰਾਵਾਂ ਦੇ ਪਿਤਾ ਦੀ ਮਾਲਕੀ ਵਾਲੇ ਉਕਤ ਪੰਪ ਦੇ ਬਾਹਰ ਤਾਇਨਾਤ ਸੀ। ਇਸ ਦੌਰਾਨ ਅੱਜ ਸਵੇਰੇ 6 ਵਜੇ ਟੈਂਕਰ ਨੰਬਰ ਪੀ.ਬੀ. 30 ਐਲ. 3178 ਇਥੇ ਆਇਆ ਤੇ ਤੇਲ ਭਰਵਾਇਆ। 90 ਮਿੰਟ ਵਿਚ ਇਸ ਵਿਚ 4000 ਲੀਟਰ ਤੇਲ ਭਰਿਆ ਗਿਆ।

ਇਸੇ ਤਰ੍ਹਾਂ ਇਕ ਹੋਰ ਟੈਂਕਰ ਨੰਬਰ ਪੀ.ਬੀ. 30. ਐਨ 7478 ਵੀ ਇਥੋਂ ਭਰਿਆ ਗਿਆ। ਤੇਲ ਭਰਾਉਣ ਤੋਂ ਬਾਅਦ ਇਹ ਦੋਵੇਂ ਟੈਂਕਰ ਬਠਿੰਡਾ ਲਈ ਰਵਾਨਾ ਹੋ ਗਏ ਅਤੇ ਫ਼ੂਡ ਸਪਲਾਈ ਵਿਭਾਗ ਦੀ ਟੀਮ ਗੁਪਤ ਤੌਰ 'ਤੇ ਇੰਨ੍ਹਾਂ ਦਾ ਪਿੱਛਾ ਕਰਨ ਲੱਗੀ। ਦੋਵਾਂ ਟੈਂਕਰਾਂ ਵਿਚੋਂ ਇਕ ਟੈਂਕਰ ਨੰਬਰ ਪੀ.ਬੀ. 30 ਐਲ. 3178 ਦੀਪ ਬੱਸ ਕੰਪਨੀ ਦੇ ਮਾਨਸਾ ਰੋਡ 'ਤੇ ਬਣੇ ਹੋਏ ਇਕ ਨੌਹਰੇ ਵਿਚ ਚਲਾ ਗਿਆ। ਜਦਕਿ ਦੂਜਾ ਟੈਂਕਰ ਬੱਲੂਆਣਾ ਗਿਆ। ਬਠਿੰਡਾ-ਮਾਨਸਾ ਰੋਡ 'ਤੇ ਵਿਭਾਗ ਦੀ ਟੀਮ ਨੇ ਪਹਿਲੇ ਟੈਂਕਰ ਨੂੰ ਨਜਾਇਜ ਤੌਰ 'ਤੇ ਨਿਊ ਦੀਪ ਬੱਸ ਸਰਵਿਸ ਦੀਆਂ ਬਸਾਂ ਵਿਚ ਤੇਲ ਭਰਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। 

ਸੂਤਰਾਂ ਅਨੁਸਾਰ ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਬੱਲੂਆਣਾ ਵਾਲੇ ਪਾਸੇ ਗਏ ਦੂਜੇ ਟੈਂਕਰ ਦਾ ਵੀ ਪਿੱਛਾ ਕੀਤਾ ਗਿਆ ਸੀ ਪ੍ਰੰਤੂ ਉਹ ਉਨ੍ਹਾਂ ਦੇ ਕਾਬੂ ਨਹੀਂ ਆ ਸਕਿਆ। ਬਠਿੰਡਾ ਦੇ ਖ਼ੁਰਾਕ ਤੇ ਸਪਲਾਈ ਕੰਟਰੋਲਰ ਅਮਨਪ੍ਰੀਤ ਸਿੰਘ ਵਿਰਕ ਨੇ ਨਾਜਾਇਜ਼ ਤੌਰ 'ਤੇ ਟੈਂਕਰ ਰਾਹੀਂ ਬਸਾਂ ਵਿਚ ਤੇਲ ਪਾਉਦਿਆਂ ਨੂੰ ਕਾਬੂ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਜ਼ਿੰਮੇਵਾਰ ਵਿਅਕਤੀਆਂ ਵਿਰੁਧ ਫ਼ੌਜਦਾਰੀ ਮੁਕੱਦਮੇ ਦੀ ਸਿਫ਼ਾਰਸ਼ ਕਰ ਦਿਤੀ ਗਈ ਹੈ। 

ਉਧਰ ਚੰਡੀਗੜ੍ਹ ਤੋਂ ਆਏ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੇ ਦਸਿਆ ਕਿ ਸਤਪਾਲ ਟਰੇਡਰਜ ਗਿੱਦੜਬਾਹਾ ਵਲੋਂ ਮੋਟਰ ਸਪੀਰਿਟ ਐਂਡ ਹਾਈ ਸਪੀਡ ਡੀਜ਼ਲ-ਰੈਗੁਲੇਸ਼ਨ ਆਫ਼ ਸਪਲਾਈ ਐਂਡ ਡਿਸਟ੍ਰੀਬਿਊਸ਼ਨ ਐਂਡ ਪ੍ਰੀਵੈਨਸ਼ਨ ਆਫ਼ ਮਾਲ ਪ੍ਰੈਕਟਿਸਜ ਆਰਡਰ 2005 ਦੀ ਉਲੰਘਣਾ ਕੀਤੀ ਗਈ ਹੈ। ਜਿਸ ਦੇ ਚਲਦੇ ਉਸ ਨੂੰ ਸੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਤਹਿਤ ਪੈਟਰੋਲੀਅਮ ਪਦਾਰਥਾਂ ਦੀ ਨਿਰਧਾਰਤ ਥਾਂ ਤੋਂ ਇਲਾਵਾ ਵਿਕਰੀ ਕਾਨੂੰਨ ਅਨੁਸਾਰ ਗ਼ਲਤ ਹੈ।

Related Stories