ਵਿਵਾਦਤ ਪੰਥਕ ਮਸਲਿਆਂ 'ਤੇ 'ਜਥੇਦਾਰ' ਦਾ ਚੁੱਪ ਰਹਿਣਾ, ਸਿੱਖਾਂ ਨੂੰ ਅਖਰ ਰਿਹੈ
ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਤੋਂ ਦਸਮ ਗ੍ਰੰਥ ਦੀ ਕਥਾ ਦਾ ਵਿਵਾਦ
ਨਵੀਂ ਦਿੱਲੀ: ਸਿੱਖ ਪੰਥ ਵਿਚ ਵਿਵਾਦ ਦਾ ਵਿਸ਼ਾ ਬਣੇ ਹੋਏ ਦਸਮ ਗ੍ਰੰਥ ਦੇ ਕਥਾ ਸਮਾਗਮ ਦੀ ਅੱਜ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਸਮਾਪਤੀ ਹੋ ਗਈ। ਭਾਵੇਂ ਕਿ ਕਥਾ ਨੂੰ ਲੈ ਕੇ ਦਸਮ ਗ੍ਰੰਥ ਦੇ ਹੱਕ ਤੇ ਵਿਰੋਧ ਵਾਲੇ ਇਕ ਦੂਜੇ ਸਾਹਮਣੇ ਅੜੇ ਰਹੇ ਤੇ ਅਕਾਲ ਤਖ਼ਤ ਸਾਹਿਬ ਦੇ 6 ਜੂਨ 2008 ਨੂੰ ਜਾਰੀ ਹੋਏ ਗੁਰਮਤੇ ਦਾ ਹਵਾਲਾ ਵੀ ਦਿਤਾ ਗਿਆ, ਪਰ ਜਿਵੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਮੁੱਦੇ ਤੋਂ ਕਿਨਾਰਾ ਕਰੀ ਰਖਿਆ, ਉਸ ਤੋਂ ਸਿੱਖ ਜਗਤ ਦੇ ਚਿੰਤਕ ਦੁਖੀ ਹਨ ਤੇ ਪੁਛਿਆ ਜਾ ਰਿਹਾ ਹੈ ਕਿ ਆਖ਼ਰ ਕਿਸ ਮਜਬੂਰੀ ਅਧੀਨ 'ਜਥੇਦਾਰ' ਨੇ ਬਾਦਲਾਂ ਦੇ ਪ੍ਰਬੰਧ ਵਾਲੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਕੋਈ ਸਪਸ਼ਟੀਕਰਨ ਲੈਣ ਦੀ ਲੋੜ ਨਾ ਸਮਝੀ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਕੇਂਦਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਤੇ ਦੇਸ਼-ਵਿਦੇਸ਼ ਤੋਂ ਸਿੱਖਾਂ ਨੂੰ ਪਾੜਨ ਦੀ ਇਸ ਕਾਰਵਾਈ ਦਾ ਡੱਟ ਕੇ ਵਿਰੋਧ ਕੀਤਾ ਗਿਆ, ਪਰ 'ਪੰਥਕ ਰਾਖੇ' ਮੌਨ ਰਹੇ। 1 ਸਤੰਬਰ ਤੇ 4 ਸਤੰਬਰ ਨੂੰ ਦਿੱਲੀ ਦੇ ਕਈ ਸਿੱਖਾਂ ਨੇ ਗੁਰਦਵਾਰਾ ਬੰਗਲਾ ਸਾਹਿਬ ਦੀ ਡਿਉਢੀ ਦੇ ਸਾਹਮਣੇ ਸ਼ਾਂਤਮਈ ਰੋਸ ਧਰਨਾ ਵੀ ਲਾਇਆ, ਪਰ ਸ਼ਾਇਦ 'ਜਥੇਦਾਰ' ਨੇ 'ਉਪਰਲੇ ਹੁਕਮਾਂ' ਮੁਤਾਬਕ ਸਿੱਖਾਂ ਨੂੰ ਅਪਣੇ ਹਾਲ 'ਤੇ ਛੱਡ ਕੇ, ਭਵਿੱਖ ਵਿਚ ਵਿਵਾਦਤ ਪੰਥਕ ਮਸਲਿਆਂ ਬਾਰੇ ਅਪਣੀ ਪਹੁੰਚ ਬਾਰੇ ਵੀ 'ਗੁੱਝਾ ਸੁਨੇਹਾ' ਦੇ ਦਿਤਾ।
ਇਸ ਵਿਚਕਾਰ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਹੱਕ ਵਿਚ ਆਨਲਾਈਨ ਵਿਰੋਧ ਪਟੀਸ਼ਨ ਸ਼ੁਰੂ ਕਰਨ ਤੋਂ ਲੈ ਕੇ ਸੋਸ਼ਲ ਮੀਡੀਆ (ਫ਼ੇਸਬੁਕ/ ਵੱਟਸਐਪ) ਤੇ ਅਕਾਲ ਤਖ਼ਤ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਵਿਚਕਾਰ ਨਿਖੇੜਾ ਕਰਨ ਵਾਲੇ ਫ਼ੈਸਲਿਆਂ ਦੇ ਇਸ਼ਤਿਹਾਰ ਬਣਾ ਕੇ, ਦਿੱਲੀ ਗੁਰਦਵਾਰਾ ਕਮੇਟੀ ਨੂੰ ਕਟਹਿਰੇ ਵਿਚ ਖੜਾ ਕਰ ਕੇ ਰੱਖ ਦਿਤਾ, ਬਾਵਜੂਦ ਇਸ ਦੇ ਸਿੱਖਾਂ ਦੇ ਨੁਮਾਇੰਦੇ ਕਹਾਉਂਦੇ ਪ੍ਰਬੰਧਕਾਂ ਨੇ ਸਿੱਖਾਂ ਦੇ ਰੋਸ ਨੂੰ ਲੈ ਕੇ ਕੋਈ ਉਸਾਰੂ ਪਹੁੰਚ ਨਹੀਂ ਅਪਣਾਈ।
ਅੱਜ ਫ਼ੇਸਬੁਕ ਤੇ ਵਟਸਐਪ 'ਤੇ ਗੁਰੂ ਗ੍ਰੰਥ ਸਾਹਿਬ ਦੇ ਹਮਾਇਤੀਆਂ ਨੇ ਕਥਾ ਸਮਾਗਮ ਬਾਰੇ ਮੁੜ ਇਸ਼ਤਿਹਾਰ ਜਾਰੀ ਕਰ ਕੇ, ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਦੀ ਰੌਸ਼ਨੀ ਵਿਚ ਦਿੱਲੀ ਗੁਰਦਵਾਰਾ ਕਮੇਟੀ ਨੂੰ ਕਈ ਸਵਾਲ ਪੁਛੇ ਹਨ। ਜਾਰੀ ਇਸ਼ਤਿਹਾਰ ਦੇ ਇਕ ਪਾਸੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਤੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਦੀਆਂ ਫ਼ੋਟੋਆਂ ਲਾਈਆਂ ਹਨ ਜਿਸ ਦੇ ਮੱਥੇ 'ਤੇ ਲਿਖਿਆ ਹੈ
'ਦਿੱਲੀ ਦੀ ਜਾਗਰੂਕ ਸਿੱਖ ਸੰਗਤ ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਸਵਾਲ'। ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਨਹੀਂ ਮੰਨਦੇ? ਕੀ ਐਸਾ ਕੋਈ ਸਵਾਲ ਜਾਂ ਰਮਜ਼ ਹੈ ਜਿਸ ਬਾਰੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਵਾਬ ਨਹੀਂ ਮਿਲ ਰਿਹਾ ਤੇ ਤੁਹਾਨੂੰ ਕਿਸੇ ਹੋਰ ਦੀ ਕਥਾ ਦਾ ਸਹਾਰਾ ਲੈਣਾ ਪੈ ਰਿਹਾ ਹੈ? ਦਿੱਲੀ ਕਮੇਟੀ ਦੇ ਮੈਂਬਰ ਇਨ੍ਹਾਂ ਸਵਾਲਾਂ ਦੇ ਜਵਾਬ ਤੋਂ ਬਚ ਨਹੀਂ ਸਕਦੇ।'
ਦਿੱਲੀ ਗੁਰਦਵਾਰਾ ਕਮੇਟੀ ਦਾ ਪੱਖ
ਸਮੁੱਚੇ ਮਸਲੇ ਬਾਰੇ ਜਦੋਂ 'ਸਪੋਕਸਮੈਨ' ਵਲੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ ਤੋਂ ਪੁਛਿਆ ਤਾਂ ਉਨ੍ਹਾਂ ਕਿਹਾ, “ਕੀ ਇਹ ਕੋਈ ਸੋਚ ਸਕਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ 'ਤੇ ਕਿਸੇ (ਦਸਮ ਗ੍ਰੰਥ) ਨੂੰ ਸਥਾਪਤ ਕਰ ਦਿਤਾ ਜਾਵੇ?'' ਅਕਾਲ ਤਖ਼ਤ ਸਾਹਿਬ ਦੇ 6 ਜੂਨ 2008 ਦੇ ਗੁਰਮਤੇ ਬਾਰੇ ਉਨ੍ਹਾਂ ਕਿਹਾ, “ਉਸ ਵਿਚ ਕਿਥੇ ਵੀ ਦਸਮ ਗ੍ਰੰਥ ਦੀ ਕਥਾ 'ਤੇ ਰੋਕ ਨਹੀਂ, ਜੇ ਰੋਕ ਹੁੰਦੀ ਤਾਂ 8 ਦਿਨ ਕਥਾ ਹੋਈ ਹੈ, ਸਾਨੂੰ ਜਥੇਦਾਰ ਸਾਹਿਬ ਨਾ ਸੱਦ ਲੈਂਦੇ?” ਦਸਮ ਗ੍ਰੰਥ ਤਾਂ ਖ਼ਾਲਸੇ ਦੀ ਵਖਰੀ ਹੋਂਦ ਦਾ ਪ੍ਰਤੀਕ ਹੈ ਤੇ ਇਸ ਦੀ ਕਥਾ ਨਾਲ ਅਸੀਂ ਸੰਗਤ ਵਿਚ ਸਪਸ਼ਟਤਾ ਲਿਆ ਰਹੇ ਹਾਂ।
'ਸਭ ਸਿਖਨ ਕਉ ਹੁਕਮ ਹੈ, ਗੁਰੂ ਮਾਨਿਉ ਗ੍ਰੰਥ', ਗੁਰੂ ਤੇਗ਼ ਬਹਾਦਰ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਹੋਂਦ ਬਾਰੇ ਵੀ ਦਸਮ ਗ੍ਰੰਥ ਤੋਂ ਪਤਾ ਲੱਗਦਾ ਹੈ। ਅਰਦਾਸ ਵੀ ਦਸਮ ਗ੍ਰੰਥ ਵਿਚੋਂ ਹੈ। ਅੰਮ੍ਰਿਤ ਸੰਚਾਰ ਦੀ ਤਿੰਨ ਬਾਣੀਆਂ ਵੀ ਦਸਮ ਗ੍ਰੰਥ ਵਿਚੋਂ ਹਨ, ਫਿਰ ਇਸ ਵਿਚੋਂ ਸਨਾਤਨੀਕਰਨ ਹੋ ਰਿਹੈ, ਦਾ ਪ੍ਰਚਾਰ ਕਿਉਂ ਕੀਤਾ ਜਾ ਰਿਹੈ? ਜਿਨ੍ਹਾਂ ਬੰਗਲਾ ਸਾਹਿਬ ਦੇ ਬਾਹਰ ਵਿਰੋਧ ਕੀਤਾ, ਉਹ ਤਾਂ ਪੰਥਕ ਅਰਦਾਸ ਵਿਚ ਵੀ ਤਬਦੀਲੀ ਕਰ ਗਏ?
ਇਹ ਹੱਕ ਕਿਥੋਂ ਮਿਲਿਆ ਉਨ੍ਹਾਂ ਨੂੰ?” ਤ੍ਰਿਆ ਚਰਿੱਤਰ ਬਾਰੇ ਉਨ੍ਹਾਂ ਕਿਹਾ,“ਇਹ ਲੋਕ ਉਸ ਦਾ ਤਮਾਸ਼ਾ ਬਣਾ ਰਹੇ ਹਨ, ਪਰ ਬਾਬਾ ਬੰਤਾ ਸਿੰਘ ਸਪਸ਼ਟ ਕਰ ਚੁਕੇ ਹਨ ਕਿ ਅਪਣੇ ਬੱਚਿਆਂ ਨੂੰ ਤੁਸੀਂ ਇਕਾਂਤ ਵਿਚ ਹੀ ਕੁੱਝ ਗੱਲਾਂ ਸਮਝਾਉਗੇ ਜਾਂ ਚੌਕ ਵਿਚ ਰੌਲਾ ਪਾਉਗੇ?” 'ਸੋਸ਼ਲ ਮੀਡੀਆ' 'ਤੇ ਦਿੱਲੀ ਕਮੇਟੀ ਦੇ ਵਿਰੋਧ ਵਿਚ ਜਾਰੀ ਹੋਏ ਇਸ਼ਤਿਹਾਰਾਂ ਨੂੰ ਉਨ੍ਹਾਂ ਸੰਗਤ ਨੂੰ ਗੁਮਰਾਹ ਕਰਨ ਦੀ ਚਾਲ ਦਸਿਆ ਤੇ ਕਿਹਾ, ਜਿਹੜੇ ਕਮਲਜੀਤ ਸਿੰਘ ਸਾਡੇ ਨਾਲ ਮੀਟਿੰਗ ਕਰ ਕੇ ਗਏ ਸਨ, ਉਨ੍ਹਾਂ ਚੋਰੀ ਛਿਪੇ ਰੀਕਾਰਡ ਕੀਤੀ ਆਡੀਉ ਰੀਕਰਡਿੰਗ ਸੋਸ਼ਲ ਮੀਡੀਆ 'ਤੇ ਚਲਾ ਦਿਤੀ, ਕਿਉਂ?