ਗੁਰਦੁਆਰਾ ਬੰਗਲਾ ਸਾਹਿਬ 'ਚੋਂ 80 ਫ਼ੀਸਦੀ ਘੱਟ ਰੇਟਾਂ 'ਤੇ ਮਿਲਣਗੀਆਂ ਦਵਾਈਆਂ
ਦਿੱਲੀ ਕਮੇਟੀ ਨੇ ਖੋਲ੍ਹਿਆ 'ਬਾਲਾ ਪ੍ਰੀਤਮ ਦਵਾਖ਼ਾਨਾ'
ਨਵੀਂ ਦਿੱਲੀ: ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਂਅ 'ਤੇ ਬਾਲਾ ਪ੍ਰੀਤਮ ਦਵਾਖ਼ਾਨਾ ਖੋਲ੍ਹਿਆ ਜਾ ਰਿਹਾ ਹੈ, ਜਿਸ ਵਿਚ ਲੋੜਵੰਦ ਲੋਕਾਂ ਨੂੰ ਬਜ਼ਾਰ ਨਾਲੋਂ ਕਰੀਬ 80 ਫ਼ੀਸਦੀ ਤਕ ਘੱਟ ਰੇਟਾਂ 'ਤੇ ਸਸਤੀਆਂ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਗੁਰੂ ਸਾਹਿਬ ਦੇ ਨਾਂਅ 'ਤੇ ਖੋਲ੍ਹੇ ਜਾ ਰਹੇ ਇਸ ਦਵਾਖ਼ਾਨੇ ਵਿਚੋਂ ਲੋੜਵੰਦ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਦਵਾਈਆਂ ਮਿਲਣਗੀਆਂ ਅਤੇ ਇਹ ਦਵਾਖ਼ਾਨਾ 29 ਅਗਸਤ ਦਿਨ ਸ਼ਨੀਵਾਰ ਤੋਂ ਸ਼ੁਰੂ ਹੋ ਜਾਵੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਲਈ ਮੁਫ਼ਤ ਐਂਬੂਲੈਂਸਾਂ ਦਾ ਪ੍ਰਬੰਧ ਵੀ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਕਮੇਟੀ ਦੇ ਸੇਵਾਦਾਰਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋੜਵੰਦ ਲੋਕਾਂ ਨੂੰ ਲੰਗਰ ਮੁਹੱਈਆ ਵੀ ਕਰਵਾਇਆ ਜਾ ਰਿਹਾ ਹੈ। ਦਸ ਦਈਏ ਕਿ ਲੋਕਾਂ ਦੀ ਮਦਦ ਕਰਨ ਲਈ ਪੰਜਾਬ ਵਿਚ ਹੁਣ ਹਰ ਥਾਂ ਮੋਦੀਖਾਨੇ ਖੋਲ੍ਹੇ ਜਾ ਰਹੇ ਹਨ ਤਾਂ ਜੋ ਗਰੀਬ ਲੋਕਾਂ ਨੂੰ ਦਵਾਈ ਲੈਣ ਵਿਚ ਕੋਈ ਦਿੱਕਤ ਨਾ ਆਵੇ।
ਉੱਥੇ ਹੀ ਚੰਡੀਗੜ੍ਹ 'ਚ 'ਤੇਰਾ ਹੀ ਤੇਰਾ' ਮਿਸ਼ਨ ਹਸਪਤਾਲ ਖੋਲ੍ਹਿਆ ਗਿਆ ਹੈ। ਇਸ ਹਸਪਤਾਲ 'ਚ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ, ਜੋ ਕਿ ਬਹੁਤ ਹੀ ਘੱਟ ਕੀਮਤ 'ਤੇ ਹੁੰਦੇ ਹਨ। ਇਸ ਤੋਂ ਇਲਾਵਾ ਇੱਥੇ ਦਵਾਈਆਂ ਵੀ ਬਹੁਤ ਹੀ ਸਸਤੀ ਕੀਮਤ 'ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਦੇ ਰਹਿਣ-ਸਹਿਣ, ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਹੈ।
ਹਸਪਤਾਲ ਦੇ ਡਾਕਟਰਾਂ ਵੱਲੋਂ ਜਿਹੜੀ ਦਵਾਈ ਲਿਖੀ ਜਾਂਦੀ ਹੈ, ਉਹ ਹਸਪਤਾਲ ਦੇ ਅੰਦਰੋਂ ਹੀ ਸਸਤੀ ਕੀਮਤ 'ਤੇ ਮਿਲ ਜਾਂਦੀ ਹੈ। ਇਸ ਹਸਪਤਾਲ 'ਚ ਪਰਚੀ ਬਣਾਉਣ ਅਤੇ ਡਾਕਟਰ ਵੱਲੋਂ ਕੀਤੇ ਜਾਣ ਵਾਲੇ ਚੈਕਅਪ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਹਰਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਗੁਰੂ ਸਾਹਿਬਾਨ ਦੇ ਨਾਂ 'ਤੇ ਖੋਲ੍ਹੇ ਗਏ ਇਸ ਹਸਪਤਾਲ ਅੰਦਰ 113 ਰੁਪਏ 'ਚ ਅਲਟਰਾ ਸਾਊਂਡ, 1313 ਰੁਪਏ 'ਚ ਐਮ. ਆਰ. ਆਈ. ਅਤੇ ਕਈ ਹੋਰ ਟੈਸਟ ਕੀਤੇ ਜਾਂਦੇ ਹਨ।