ਸ਼ਰਾਬ ਦੇ ਨਸ਼ੇ ਵਿਚ ਲੋਕਾਂ ਨਾਲ ਕੁੱਟਮਾਰ ਕਰਨ ਵਾਲਾ ਏਐਸਆਈ ਸਸਪੈਂਡ
ਲੋਕ ਉਸ ਨੂੰ ਈ-ਰਿਕਸ਼ਾ 'ਤੇ ਬਿਠਾ ਕੇ ਥਾਣਾ ਡਿਵੀਜ਼ਨ 2 ਲੈ ਗਏ।
ਲੁਧਿਆਣਾ: ਸ਼ਰਾਬ ਦੇ ਨਸ਼ੇ ਵਿਚ ਹਸਪਤਾਲ ਦੇ ਬਾਹਰ ਹੰਗਾਮਾ ਕਰਨ ਅਤੇ ਲੋਕਾਂ ਨਾਲ ਬਹਿਸ ਕਰਨ ਵਾਲੇ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦਰਅਸਲ ਪੁਲਿਸ ਵਾਲੇ ਦੀ ਵੀਡੀਓ ਕਾਫੀ ਵਾਇਰਲ ਹੋਈ। ਪੁਲਿਸ ਵਾਲੇ ਨੇ ਹਸਪਤਾਲ ਦੇ ਬਾਹਰ ਹੰਗਾਮਾ ਕੀਤਾ, ਜਿਸ ਤੋਂ ਬਾਅਦ ਥਾਣਾ ਡਿਵੀਜ਼ਨ 2 ਦੀ ਪੁਲਿਸ ਏਐਸਆਈ ਦਾ ਮੈਡੀਕਲ ਕਰਵਾਇਆ ਅਤੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ।
ਸ਼ਾਮ ਤੱਕ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ। ਵੀਰਵਾਰ ਨੂੰ ਚੌਕੀ ਵਿਚ ਤਾਇਨਾਤ ਏਐਸਆਈ ਜਰਨੈਲ ਸਿੰਘ ਸ਼ਰਾਬ ਦੇ ਨਸ਼ੇ ਵਿਚ ਸੀ, ਇਸ ਤੋਂ ਬਾਅਦ ਉਸ ਨੇ ਉੱਥੇ ਮੌਜੂਦ ਲੋਕਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ। ਫਿਰ ਲੋਕ ਉਸ ਨੂੰ ਈ-ਰਿਕਸ਼ਾ 'ਤੇ ਬਿਠਾ ਕੇ ਥਾਣਾ ਡਿਵੀਜ਼ਨ 2 ਲੈ ਗਏ।
ਇਸ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਗਿਆ। ਇਸ ਦੌਰਾਨ ਪੁਲਿਸ ਮੁਲਾਜ਼ਮ ਨੇ ਮੀਡੀਆ ਕਰਮੀਆਂ ਨਾਲ ਬਦਸਲੂਕੀ ਵੀ ਕੀਤੀ। ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਉਸ ਨੂੰ ਵਾਪਸ ਥਾਣੇ ਲੈ ਗਈ। ਇਸ ਦੇ ਨਾਲ ਹੀ ਏਸੀਪੀ ਰਮਨਦੀਪ ਭੁੱਲਰ ਨੇ ਕਿਹਾ ਕਿ ਕਾਰਵਾਈ ਕੀਤੀ ਗਈ ਹੈ। ਡਿਊਟੀ ਵਿਚ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।