ਖ਼ੁਫ਼ੀਆ ਸੂਚਨਾ ਮਗਰੋਂ ਪਠਾਨਕੋਟ ਹਵਾਈ ਅੱਡੇ 'ਤੇ ਸੁਰੱਖਿਆ ਸਖ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੇ ਹਾਈ ਪ੍ਰੋਫਾਈਲ ਮੰਨੇ ਜਾਣ ਵਾਲੇ ਪਠਾਨਕੋਟ ਹਵਾਈ ਅੱਡੇ ਨੂੰ ਜਲਦੀ ਹੀ ਹਾਈ ਸਕਿਉਰਿਟੀ ਦੇ ਹਵਾਲੇ ਕੀਤਾ ਜਾਵੇਗਾ।

Pathankot airport

ਪਠਾਨਕੋਟ (ਤੇਜਿੰਦਰ ਸਿੰਘ) : ਦੇਸ਼ ਦੇ ਹਾਈ ਪ੍ਰੋਫਾਈਲ ਮੰਨੇ ਜਾਣ ਵਾਲੇ ਪਠਾਨਕੋਟ ਹਵਾਈ ਅੱਡੇ ਨੂੰ ਜਲਦੀ ਹੀ ਹਾਈ ਸਕਿਉਰਿਟੀ ਦੇ ਹਵਾਲੇ ਕੀਤਾ ਜਾਵੇਗਾ। ਕੁੱਝ ਸਾਲ ਪਹਿਲਾਂ ਪਾਕਿਸਤਾਨੀ ਸ਼ਹਿ ਪ੍ਰਾਪਤ ਦਹਿਸ਼ਤਗਰਦਾਂ ਨੇ ਪਠਾਨਕੋਟ ਹਵਾਈ ਅੱਡੇ 'ਤੇ ਹਮਲਾ ਕਰ ਕੇ 6 ਸੁਰੱਖਿਆ ਮੁਲਾਜ਼ਮਾਂ ਨੂੰ ਸ਼ਹੀਦ ਕਰ ਦਿਤਾ ਸੀ। ਹਾਲ ਹੀ 'ਚ ਇੰਟੈਲੀਜੈਂਸ ਏਜੰਸੀਆਂ ਨੇ ਅਪਣੀਆਂ ਤਿਆਰ ਕੀਤੀਆਂ ਖ਼ੁਫ਼ੀਆ ਰਿਪੋਰਟਾਂ 'ਚ ਪਠਾਨਕੋਟ ਹਵਾਈ ਅੱਡੇ ਨੂੰ ਹਾਈ ਓਰੈਂਜ ਲੈਵਲ ਚਿਤਾਵਨੀ 'ਚ ਰੱਖਿਆ ਗਿਆ ਹੈ, ਜਿਸ 'ਚ ਕਿਹਾ ਗਿਆ ਸੀ ਕਿ ਦਹਿਸ਼ਤਗਰਦਾਂ ਵਲੋਂ ਇਸ ਹਵਾਈ ਅੱਡੇ ਨੂੰ ਮੁੜ ਨਿਸ਼ਾਨਾ ਬਣਾਉਣ ਦੀਆਂ ਸਕੀਮਾਂ ਗੁੰਦੀਆਂ ਜਾ ਰਹੀਆਂ ਹਨ।

ਦੇਸ਼ ਵਿਚ ਪਠਾਨਕੋਟ ਹਵਾਈ ਅੱਡੇ ਸਣੇ 6 ਸੰਵੇਦਨਸ਼ੀਲ ਹਵਾਈ ਅੱਡਿਆਂ 'ਤੇ ਸਰਕਾਰ ਵਲੋਂ ਇੰਟੈਗਰੇਟਿਡ ਪੈਰਾਮੀਟਰ ਸਕਿਓਰਿਟੀ ਸਿਸਟਮ (ਆਈ.ਪੀ.ਐਸ.ਐਸ.) ਸਥਾਪਤ ਕੀਤਾ ਜਾ ਰਿਹਾ ਹੈ। ਜਨਵਰੀ 2016 ਵਿਚ ਦਹਿਸ਼ਤਗਰਦਾਂ ਨੇ ਪਠਾਨਕੋਟ ਹਵਾਈ ਅੱਡੇ 'ਤੇ ਹਮਲਾ ਕੀਤਾ ਸੀ। ਨਵੀਂ ਸੁਰੱਖਿਆ ਪ੍ਰਣਾਲੀ ਤਹਿਤ ਹਵਾਈ ਅੱਡੇ ਦੇ ਆਲੇ-ਦੁਆਲੇ ਸਮਾਰਟ ਫੈਂਸ ਸਰਵੀਲੈਂਸ ਸਿਸਟਮ, ਥਰਮਲ ਕੈਮਰੇ, ਮੋਸ਼ਨ ਡਿਟੈਕਟਰਜ਼ ਅਤੇ ਕੇਂਦਰੀ ਕੰਟਰੋਲ ਅਤੇ ਕਮਾਨ ਸੈਂਟਰ ਸਥਾਪਤ ਕੀਤੇ ਜਾਣਗੇ। ਦਸਿਆ ਹੈ ਕਿ ਵਧਾਈ ਹੋਈ ਸੁਰੱਖਿਆ ਨੂੰ ਲਾਗੂ ਕਰਨ ਦੇ ਰਾਹ ਵਿਚ ਸੱਭ ਤੋਂ ਵੱਡਾ ਰੋੜਾ ਫ਼ੰਡਾਂ ਦੀ ਕਮੀ ਆ ਰਹੀ ਹੈ।

ਪਠਾਨਕੋਟ ਹਵਾਈ ਅੱਡੇ 'ਤੇ ਹੋਏ ਹਮਲੇ ਮਗਰੋਂ ਭਾਰਤੀ ਹਵਾਈ ਫੌਜ ਨੇ ਸੁਰੱਖਿਆ 'ਤੇ ਇਕ ਬਿਲੀਅਨ  ਡਾਲਰ ਖਰਚ ਕਰਨ ਦੀ ਤਜਵੀਜ਼ ਕੇਂਦਰ ਸਰਕਾਰ ਨੂੰ ਦਿਤੀ ਸੀ ਅਤੇ ਨਾਲ ਹੀ 54 ਮੁੱਖ ਹਵਾਈ ਅੱਡਿਆਂ ਨੂੰ ਅਪਗ੍ਰੇਡ ਕਰਨ ਲਈ ਵੀ ਕਿਹਾ ਗਿਆ ਸੀ। ਮਾਰਚ 2017 ਵਿਚ ਪਾਰਲੀਮਾਨੀ ਸਥਾਈ ਕਮੇਟੀ, ਜਿਹੜੀ ਕਿ ਰੱਖਿਆ ਮੰਤਰਾਲੇ ਲਈ ਬਣੀ ਹੋਈ ਹੈ, ਨੇ ਮੰਤਰਾਲੇ ਦੀ ਖਿਚਾਈ ਕਰਦੇ ਹੋਏ ਕਿਹਾ ਸੀ ਕਿ ਉਹ ਸੁਰੱਖਿਆ ਯਤਨਾਂ ਵਲ ਪੂਰਾ ਧਿਆਨ ਨਹੀਂ ਦੇ ਰਹੀ ਹੈ।

ਪਾਰਲੀਮਾਨੀ ਸਥਾਈ ਕਮੇਟੀ ਨੇ ਰੱਖਿਆ ਮੰਤਰਾਲੇ ਨੂੰ ਦੇਸ਼ ਵਿਚ ਸੰਵੇਦਨਸ਼ੀਲ ਹਵਾਈ ਅੱਡਿਆਂ ਦੀ ਸੁਰੱਖਿਆ ਬਣਾਉਣ ਲਈ ਫੌਰੀ ਕਦਮ ਚੁੱਕਣ ਨੂੰ ਕਿਹਾ ਸੀ। ਉਸ ਤੋਂ ਬਾਅਦ ਹੀ ਫੰਡਾਂ ਦੀ ਕਮੀ ਕਾਰਣ ਸੁਰੱਖਿਆ ਵੱਲ ਯੋਗ ਧਿਆਨ ਨਹੀਂ ਦਿੱਤਾ ਜਾ ਸਕਿਆ। ਹੁਣ ਮੰਨਿਆ ਜਾ ਰਿਹਾ ਹੈ ਕਿ ਘੱਟ ਤੋਂ ਘੱਟ ਦਸੰਬਰ ਦੇ ਅੰਤ ਤਕ ਪਠਾਨਕੋਟ ਹਵਾਈ ਅੱਡੇ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਵਧਾ ਦਿਤਾ ਜਾਵੇਗਾ ਕਿਉਂਕਿ ਇੰਟੈਲੀਜੈਂਸ ਦੀਆਂ ਰੀਪੋਰਟਾਂ ਅਜੇ ਵੀ ਸੰਵੇਦਨਸ਼ੀਲ ਹੀ ਆ ਰਹੀਆਂ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।