ਜਲੰਧਰ 'ਚ ਫ੍ਰਿਜ ਦਾ ਕੰਪ੍ਰੈਸ਼ਰ ਫਟਣ ਕਾਰਨ ਲੱਗੀ ਅੱਗ; 3 ਬੱਚਿਆਂ ਸਮੇਤ ਪ੍ਰਵਾਰ ਦੇ 5 ਜੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੁਚੀ, ਦੀਆ, ਇੰਦਰਪਾਲ, ਯਸ਼ਪਾਲ ਘਈ ਅਤੇ ਮਨਸ਼ਾ ਵਜੋਂ ਹੋਈ ਪਛਾਣ

Jalandhar Refrigerator Compressor Blast

 

ਜਲੰਧਰ: ਸ਼ਹਿਰ ਦੇ ਅਵਤਾਰ ਨਗਰ ਦੀ ਗਲੀ ਨੰਬਰ 12 ਵਿਚ ਦੇਰ ਰਾਤ ਇਕ ਘਰ ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿਚ 3 ਬੱਚਿਆਂ ਸਮੇਤ 5 ਲੋਕਾਂ ਦੀ ਝੁਲਸਣ ਕਾਰਨ ਮੌਤ ਹੋ ਗਈ। ਹਾਲਾਂਕਿ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਮਰਨ ਵਾਲਿਆਂ 'ਚ ਘਰ ਦਾ ਮਾਲਕ ਵੀ ਸ਼ਾਮਲ ਸੀ, ਜਦਕਿ ਘਰ ਦੇ ਬਾਹਰ ਬੈਠੀ ਉਸ ਦੀ ਬਜ਼ੁਰਗ ਪਤਨੀ ਸੁਰੱਖਿਅਤ ਬਚ ਗਈ। ਮ੍ਰਿਤਕਾਂ ਦੀ ਪਛਾਣ ਰੁਚੀ, ਦੀਆ, ਇੰਦਰਪਾਲ, ਯਸ਼ਪਾਲ ਘਈ ਅਤੇ ਮਨਸ਼ਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆਂ ਤਾਂ ਪੂਰਾ ਪ੍ਰਵਾਰ ਕ੍ਰਿਕਟ ਮੈਚ ਦੇਖ ਰਿਹਾ ਸੀ।

 

ਮ੍ਰਿਤਕ ਯਸ਼ਪਾਲ ਘਈ ਦੇ ਭਰਾ ਰਾਜ ਘਈ ਨੇ ਦਸਿਆ ਕਿ ਉਸ ਦੇ ਭਰਾ ਨੇ 7 ਮਹੀਨੇ ਪਹਿਲਾਂ ਹੀ ਨਵਾਂ ਡਬਲ ਡੋਰ ਫਰਿੱਜ ਖਰੀਦਿਆ ਸੀ। ਉਸ ਦੇ ਕੰਪ੍ਰੈਸ਼ਰ 'ਚ ਜ਼ਬਰਦਸਤ ਧਮਾਕਾ ਹੋਇਆ ਅਤੇ ਇਸ ਤੋਂ ਬਾਅਦ ਘਰ 'ਚ ਅੱਗ ਲੱਗ ਗਈ। ਉਸ ਦਾ ਭਰਾ ਜਿਸ ਦੀ ਉਮਰ ਕਰੀਬ 65 ਸਾਲ ਸੀ, ਘਰ ਦੇ ਅੰਦਰ ਬੈਠੇ ਉਸ ਦਾ ਲੜਕਾ, ਨੂੰਹ ਅਤੇ ਦੋ ਧੀਆਂ ਨੂੰ ਬਾਹਰ ਜਾਣ ਦਾ ਮੌਕਾ ਨਹੀਂ ਮਿਲਿਆ। ਜਦਕਿ ਉਸ ਦੀ ਬਜ਼ੁਰਗ ਭਰਜਾਈ ਘਰ ਦੇ ਬਾਹਰ ਬੈਠੀ ਸੀ, ਉਹ ਸੁਰੱਖਿਅਤ ਹੈ।

ਫਰਿੱਜ ਦੇ ਕੰਪ੍ਰੈਸਰ 'ਚ ਧਮਾਕਾ ਹੋਣ ਤੋਂ ਬਾਅਦ ਘਰ ਦੇ ਨਾਲ-ਨਾਲ ਗਲੀ 'ਚ ਵੀ ਗੈਸ ਫੈਲ ਗਈ। ਗੈਸ ਕਾਰਨ ਘਰ 'ਚ ਇੰਨੀ ਭਿਆਨਕ ਅੱਗ ਲੱਗ ਗਈ ਕਿ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਦੇਰ ਰਾਤ ਤਕ ਇਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਦੋ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਪਰ ਜਦੋਂ ਅੱਗ 'ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਫਾਇਰ ਬ੍ਰਿਗੇਡ ਦੀਆਂ ਹੋਰ ਗੱਡੀਆਂ ਨੂੰ ਮੌਕੇ 'ਤੇ ਬੁਲਾਉਣੀ ਪਈ।

ਬੁਰੀ ਤਰ੍ਹਾਂ ਸੜੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਚੋਂ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸਿਵਲ ਹਸਪਤਾਲ ਵਿਖੇ ਡਾਕਟਰਾਂ ਨੇ ਪ੍ਰਵਾਰ ਦੇ ਤਿੰਨ ਜੀਆਂ ਨੂੰ ਮ੍ਰਿਤਕ ਐਲਾਨ ਦਿਤਾ, ਜਦਕਿ ਦੋ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਿਜੀ ਹਸਪਤਾਲ ਲਈ ਰੈਫਰ ਕਰ ਦਿਤਾ। ਦੋਵਾਂ ਮੈਂਬਰਾਂ ਦੀ ਇਕ ਨਿਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਅਵਤਾਰ ਨਗਰ ਵਿਚ ਵਾਪਰੇ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੁਰੰਤ ਮੌਕੇ ’ਤੇ ਪਹੁੰਚ ਗਏ।