ਫੁੱਲਾਂ ਵਾਲੇ 'ੴ' ਨੇ ਮੋਹਿਆ ਸੰਗਤ ਦਾ ਦਿਲ

ਏਜੰਸੀ

ਖ਼ਬਰਾਂ, ਪੰਜਾਬ

ਵੱਖ-ਵੱਖ ਥਾਵਾਂ ਤੋਂ ਪੁੱਜੇ ਸ਼ਰਧਾਲੂ ਇੱਥੇ ਵੱਡੇ ਅਤੇ ਲੰਬੇ ਚੌੜੇ ਨਿਸ਼ਾਨ ਸਾਹਿਬ ਨਾਲ ਸੈਲਫੀਆਂ ਲੈ ਰਹੇ ਹਨ ਅਤੇ ਪਰਿਵਾਰ ਲਈ ਯਾਦਗਾਰ ਰਹਿਣ ਵਾਲੀਆਂ ਤਸਵੀਰਾਂ ...

ਸੁਲਤਾਨਪੁਰ ਲੋਧੀ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਬੀਬੀ ਜਗੀਰ ਕੌਰ ਦੀ ਦੇਖ-ਰੇਖ ਹੇਠ ਖੁਸ਼ਬੂਦਾਰ ਅਤੇ ਖੂਬਸੂਰਤ ਫੁੱਲਾਂ ਨਾਲ ਕਈ ਤਰ੍ਹਾਂ ਦੇ ਆਕਾਰ ਬਣਾਏ ਗਏ। ਇਸ ਦੌਰਾਨ ਸੰਗਤਾਂ ਦੇ ਸਹਿਯੋਗ ਨਾਲ ਰੰਗ-ਬਿਰੰਗੇ ਫੁੱਲਾਂ ਨਾਲ ਬਣਾਇਆ ਗਿਆ“'ਸਭ ਤੋਂ ਵੱਡਾ ਸਤਿਗੁਰੂ ਨਾਨਕੁ' ਅਤੇ ੴ ਵਿਸ਼ੇਸ਼ ਖਿਚ ਅਤੇ ਸ਼ਰਧਾ ਦਾ ਕੇਂਦਰ ਬਣੇ ਹੋਏ ਹਨ। ਇਸ ਮੌਕੇ ਪਟਿਆਲਾ ਤੋਂ ਆਏ ਇਕ ਸ਼ਰਧਾਲੂ ਸਿੱਖ ਵਲੋਂ ਗੁਰਦੁਆਰਾ ਬੇਰ ਸਾਹਿਬ ਕੰਪਲੈਕਸ 'ਚ 13 ਫੁੱਟ ਉੱਚੇ ਤੇ 13 ਫੁੱਟ ਲੰਬੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਸੰਗਤਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ। ਇਸ 'ਤੇ ਨਿਸ਼ਾਨ ਸਾਹਿਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਅੱਖਰਾਂ 'ਚ ਛਪਿਆ ਹੋਇਆ ਹੈ ।

ਵੱਖ-ਵੱਖ ਥਾਵਾਂ ਤੋਂ ਪੁੱਜੇ ਸ਼ਰਧਾਲੂ ਇੱਥੇ ਵੱਡੇ ਅਤੇ ਲੰਬੇ ਚੌੜੇ ਨਿਸ਼ਾਨ ਸਾਹਿਬ ਨਾਲ ਸੈਲਫੀਆਂ ਲੈ ਰਹੇ ਹਨ ਅਤੇ ਪਰਿਵਾਰ ਲਈ ਯਾਦਗਾਰ ਰਹਿਣ ਵਾਲੀਆਂ ਤਸਵੀਰਾਂ ਖਿੱਚਵਾ ਰਹੇ ਹਨ। ਇਸ ਸਮੇਂ ਪਰਿਵਾਰਕ ਫੋਟੋ ਖਿੱਚ ਰਹੇ ਗੁਰਦਾਸਪੁਰ ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰੁਹਾਨੀਅਤ ਦੇ ਰੰਗ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੰਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਪਰਿਵਾਰ ਸਮੇਤ ਕੱਲ੍ਹ ਇੱਥੇ ਆਏ ਸਨ। ਇਸ ਤੋਂ ਇਲਾਵਾ ਕੀਨੀਆਂ ਤੋਂ ਆਏ ਇਕ ਸ਼ਰਧਾਲੂ ਨੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮਨ ਫੁੱਲਾਂ ਨਾਲ ਸਜੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਗਦਗਦ ਹੋ ਗਿਆ ਹੈ। 

ਅਮਰੀਕਾ ਤੋਂ ਉਚੇਚੇ ਤੌਰ 'ਤੇ ਆਪਣੇ ਵਤਨ ਪੁੱਜੇ ਇੰਟਰਨੈਸ਼ਨਲ ਢਾਡੀ ਗਿਆਨੀ ਸੁਰਜੀਤ ਸਿੰਘ ਸਫਰੀ ਨੇ ਦੱਸਿਆ ਕਿ ਪਾਵਨ ਨਗਰੀ ਸੁਲਤਾਨਪੁਰ ਲੋਧੀ ਨਾਲ ਉਨ੍ਹਾਂ ਦੀ ਪੁਰਾਣੀ ਸਾਂਝ ਹੈ ਅਤੇ ਉਹ ਪੂਰੀ ਦੁਨੀਆਂ ਦੇ ਰਹਿਬਰ ਸਤਿਗੁਰੂ ਪਾਤਸ਼ਾਹ ਦੇ 550 ਸਾਲਾ ਪ੍ਰਕਾਸ ਪੁਰਬ ਮਨਾਉਣ ਲਈ ਭਾਰਤ ਆਏ ਹਨ।ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਬਕਾ ਰਾਗੀ ਭਾਈ ਜਰਨੈਲ ਸਿੰਘ, ਜੋ ਲੰਬੇ ਸਮੇਂ ਤੋਂ ਅਮਰੀਕਾ ਰਹਿੰਦੇ ਹਨ, ਉਹ ਵੀ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸੁਲਤਾਨਪੁਰ ਲੋਧੀ ਪਹੁੰਚੇ ਹਨ, ਜਿਹਨਾਂ ਨੇ ਕਿਹਾ ਕਿ ਸਾਨੂੰ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਕੇ ਇਵੇਂ ਲਗਦਾ ਹੈ ਜਿਵੇਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਲਏ ਹੋਣ।