ਪੰਜਾਬ ਸਰਕਾਰ ਸਾਈਬਰ ਸੁਰੱਖਿਆ ਨੂੰ ਕਰੇਗੀ ਮਜ਼ਬੂਤ, ਆਨਲਾਈਨ ਧੋਖਾਧੜੀ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ - ਹਰਪਾਲ ਸਿੰਘ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਈਬਰ ਧੋਖਾਧੜੀ 'ਤੇ ਨਕੇਲ ਕੱਸਣ ਲਈ ਨੌਜਵਾਨ ਉੱਦਮੀਆਂ ਦੇ ਸੁਝਾਵਾਂ ਦਾ ਸਰਕਾਰ ਵੱਲੋਂ ਸੁਆਗਤ : ਹਰਪਾਲ ਚੀਮਾ

Punjab govt to strengthen cyber security, online fraud will be strictly dealt with - Harpal Singh Cheema

ਨੌਜਵਾਨਾਂ ਨੂੰ ਸਾਈਬਰ ਧੋਖਾਧੜੀ ਤੋਂ ਸੁਚੇਤ ਹੋਣ ਦੀ ਲੋੜ : ਹਰਪਾਲ ਚੀਮਾ

ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਾਉਣ ਲਈ ਨਵੀਨਤਮ ਸਾਈਬਰ ਸੁਰੱਖਿਆ ਉਪਾਵਾਂ ਦੀ ਮਦਦ ਨਾਲ ਸਾਈਬਰ ਸੁਰੱਖਿਆ ਪਹਿਲਕਦਮੀਆਂ ਨੂੰ ਮਜ਼ਬੂਤ ਕਰੇਗੀ।
ਟੀ.ਏ.ਸੀ ਸਕਿਊਰਟੀਜ਼ ਦੇ ਸੰਸਥਾਪਕ ਅਤੇ ਸੀਈਓ ਨੌਜਵਾਨ ਉਦਯੋਗਪਤੀ ਤ੍ਰਿਸ਼ਨੀਤ ਅਰੋੜਾ, ਜੋ ਇਥੇ ਹਰਪਾਲ ਸਿੰਘ ਚੀਮਾ ਦੀ ਸਰਕਾਰੀ ਰਿਹਾਇਸ਼ 'ਤੇ ਉਨ੍ਹਾਂ ਨੂੰ ਮਿਲਣ ਪਹੁੰਚੇ, ਨਾਲ ਮੁਲਾਕਾਤ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਈਬਰ ਧੋਖਾਧੜੀਆਂ ਨਾਲ ਸਖਤੀ ਨਾਲ ਨਿਜਿੱਠਣ ਲਈ ਲੋੜੀਂਦੇ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਆਪਣੀਆਂ ਵੱਖ-ਵੱਖ ਸੇਵਾਵਾਂ ਦੇ ਆਨਲਾਈਨ ਭੁਗਤਾਨ ਲਈ ਆਧੁਨਿਕ ਸਾਈਬਰ ਸੁਰੱਖਿਆ ਉਪਾਅ ਵਰਤੇ ਗਏ ਹਨ।

ਤ੍ਰਿਸ਼ਨੀਤ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਵਰਤੇ ਜਾ ਰਹੇ ਸਾਈਬਰ ਸੁਰੱਖਿਆ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਈਬਰ ਸੁਰੱਖਿਆ ਪ੍ਰਤੀ ਸਰਕਾਰ ਦੀ ਗੰਭੀਰਤਾ ਸਮੇਂ ਦੀ ਲੋੜ ਹੈ। ਉਨ੍ਹਾਂ ਇਸ ਦਿਸ਼ਾ ਵਿੱਚ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਕਈ ਸਾਈਬਰ ਟੂਲਜ਼ ਅਤੇ ਉਪਾਅ ਵੀ ਸੁਝਾਏ। ਉਨ੍ਹਾਂ ਕਿਹਾ ਕਿ ਸਾਈਬਰ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਨਾਲ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵਿੱਚ ਵੀ ਫਾਇਦਾ ਹੋਵੇਗਾ।

ਹਰਪਾਲ ਸਿੰਘ ਚੀਮਾ ਨੇ ਸਾਈਬਰ ਸੁਰੱਖਿਆ ਬਾਰੇ ਤ੍ਰਿਸ਼ਨੀਤ ਅਰੋੜਾ ਦੇ ਸੁਝਾਵਾਂ ਦਾ ਨੋਟਿਸ ਲਿਆ ਅਤੇ ਉਨ੍ਹਾਂ ਨੂੰ ਇਸ ਮੁੱਦੇ 'ਤੇ ਹੋਰ ਵਿਚਾਰ ਵਟਾਂਦਰੇ ਲਈ ਸੰਪਰਕ ਵਿੱਚ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਈਬਰ ਧੋਖਾਧੜੀ 'ਤੇ ਨਕੇਲ ਕੱਸਣ ਲਈ ਨੌਜਵਾਨ ਉੱਦਮੀਆਂ ਦੇ ਸੁਝਾਵਾਂ ਦਾ ਪੰਜਾਬ ਸਰਕਾਰ ਸੁਆਗਤ ਕਰਦੀ ਹੈ। ਵਿੱਤ ਮੰਤਰੀ ਨੇ ਸ੍ਰੀ ਅਰੋੜਾ ਨੂੰ ਸੂਬੇ ਦੀ ਭਲਾਈ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਕਿਹਾ ਅਤੇ ਕਿਹਾ ਕਿ ਉਨ੍ਹਾਂ ਵਰਗੇ ਨੌਜਵਾਨ ਉੱਦਮੀ ਦੇਸ਼ ਦੇ ਨੌਜਵਾਨਾਂ ਲਈ ਇੱਕ ਪ੍ਰੇਰਣਾ ਦਾ ਕੰਮ ਕਰਦੇ ਹਨ।