Gurdaspur News: ਆਬਕਾਰੀ ਵਿਭਾਗ ਦੇ 100 ਮੁਲਾਜ਼ਮਾਂ 'ਤੇ 200 ਤਸਕਰਾਂ ਦੇ ਸਾਥੀਆਂ ਨੇ ਕੀਤਾ ਹਮਲਾ

ਏਜੰਸੀ

ਖ਼ਬਰਾਂ, ਪੰਜਾਬ

93 ਤਰਪਾਲਾਂ ਵਿਚ ਛੁਪਾ ਕੇ ਰੱਖੀ ਗਈ 73 ਹਜ਼ਾਰ 500 ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕਰ ਦਿੱਤੀ

File Photo

Gurdaspur News: ਨਜਾਇਜ਼ ਸ਼ਰਾਬ ਦੇ ਠੇਕੇ ਲਈ ਬਦਨਾਮ ਥਾਣਾ ਭੈਣੀ ਮੀਆਂ ਖਾਂ ਦੇ ਪਿੰਡ ਮੋਚਪੁਰ ਵਿਚ ਬੁੱਧਵਾਰ ਨੂੰ ਆਬਕਾਰੀ ਵਿਭਾਗ ਨੇ 100 ਮੁਲਾਜ਼ਮਾਂ ਸਮੇਤ ਛਾਪਾ ਮਾਰਿਆ ਤਾਂ ਤਸਕਰਾਂ ਨੇ ਆਪਣੇ 200 ਤੋਂ ਵੱਧ ਸਾਥੀਆਂ ਨਾਲ ਮਿਲ ਕੇ ਆਬਕਾਰੀ ਵਿਭਾਗ ਦੀ ਵਿਸ਼ੇਸ਼ ਟੀਮ ’ਤੇ ਹਮਲਾ ਕਰ ਦਿੱਤਾ।

 ਇਸ ਦੌਰਾਨ ਆਬਕਾਰੀ ਵਿਭਾਗ ਦੀ ਚੈਕਿੰਗ ਟੀਮ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਅਤੇ ਪੁਲਿਸ ਨੂੰ ਸੂਚਿਤ ਕੀਤਾ। ਕਰੀਬ ਡੇਢ ਤੋਂ ਦੋ ਘੰਟੇ ਬਾਅਦ ਪੁਲਿਸ ਪੁੱਜੀ ਅਤੇ ਪੁਲਿਸ ਟੀਮ ਨੇ ਆਬਕਾਰੀ ਵਿਭਾਗ ਦੇ ਮੁਲਾਜ਼ਮਾਂ ਨੂੰ ਬਚਾ ਲਿਆ ਅਤੇ ਪਿੰਡ ਵਿਚੋਂ ਸੁਰੱਖਿਅਤ ਬਾਹਰ ਕੱਢਿਆ। ਟੀਮ ਵਲੋਂ ਮੌਕੇ ਤੋਂ ਭਾਰੀ ਮਾਤਰਾ ਵਿਚ ਲਾਹਣ ਵੀ ਬਰਾਮਦ ਕੀਤੀ ਗਈ। ਹਾਲਾਂਕਿ ਅਜੇ ਤੱਕ ਜ਼ਿਲ੍ਹੇ 'ਚ ਮਾਮਲਾ ਦਰਜ ਨਹੀਂ ਹੋਇਆ ਹੈ।

ਬੁੱਧਵਾਰ ਨੂੰ ਸਹਾਇਕ ਕਮਿਸ਼ਨਰ ਰਾਹੁਲ ਭਾਟੀਆ ਦੀਆਂ ਹਦਾਇਤਾਂ 'ਤੇ ਆਬਕਾਰੀ ਵਿਭਾਗ ਦੀ ਟੀਮ ਨੇ ਆਬਕਾਰੀ ਅਧਿਕਾਰੀ ਦੀਵਾਨ ਚੰਦ ਅਤੇ ਇੰਦਰਬੀਰ ਸਿੰਘ ਰੰਧਾਵਾ ਨਾਲ ਮਿਲ ਕੇ ਬਿਆਸ ਦਰਿਆ ਦੇ ਕੰਢੇ ਸਥਿਤ ਪਿੰਡ ਮੋਚਪੁਰ 'ਚ ਤਲਾਸ਼ੀ ਮੁਹਿੰਮ ਚਲਾਈ। ਟੀਮ ਨੇ ਦਰਿਆ ਦੇ ਕੰਢੇ ਸਥਿਤ ਪਿੰਡਾਂ ਮੋਚਪੁਰ, ਮਿੱਠਾਪੁਰ, ਬੁੱਢਾ ਬਾਲਾ ਆਦਿ ਦੇ ਪੰਜ ਕਿਲੋਮੀਟਰ ਦੇ ਇਲਾਕੇ ਦੀ ਤਲਾਸ਼ੀ ਲਈ।

ਇਸ ਦੌਰਾਨ 93 ਤਰਪਾਲਾਂ ਵਿਚ ਛੁਪਾ ਕੇ ਰੱਖੀ ਗਈ 73 ਹਜ਼ਾਰ 500 ਲੀਟਰ ਲਾਹਣ ਬਰਾਮਦ ਕਰਕੇ ਉੱਥੇ ਹੀ ਨਸ਼ਟ ਕਰ ਦਿੱਤੀ ਗਈ। ਇਸ ਦੌਰਾਨ ਤਸਕਰਾਂ ਨੇ ਆਪਣੇ 200 ਦੇ ਕਰੀਬ ਸਾਥੀਆਂ ਸਮੇਤ ਟੀਮ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਟੀਮ ਦੇ ਮੈਂਬਰਾਂ ਨੇ ਇਧਰ-ਉਧਰ ਭੱਜ ਕੇ ਆਪਣੀ ਜਾਨ ਬਚਾਈ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਕਰੀਬ ਦੋ ਘੰਟੇ ਬਾਅਦ ਥਾਣਾ ਭੈਣੀ ਮੀਆਂ ਖਾਂ ਅਤੇ ਹੋਰ ਥਾਣਿਆਂ ਦੀ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਵਿਭਾਗ ਦੇ ਮੁਲਾਜ਼ਮਾਂ ਨੂੰ ਪਿੰਡ ਵਿਚੋਂ ਸੁਰੱਖਿਅਤ ਬਾਹਰ ਕੱਢਿਆ।

(For more news apart from smuuglers's attack on excise department with double manpower, stay tuned to Rozana Spokesman)