ਬਾਦਲਾਂ ਦੀ ਅਕਾਲੀ ਦਲ ਦੀ 99 ਸਾਲ ਲੀਜ਼ ਖ਼ਤਮ ਹੋਣ ਵਾਲੀ ਹੈ?
ਸਿੱਖ ਕੌਮ ਦੀਆਂ ਨਜ਼ਰਾਂ 14 ਦਸੰਬਰ 'ਤੇ ਟਿੱਕੀਆਂ---ਸਿੱਖ ਸਿਆਸਤ ਵਿਚ ਧਮਾਕਾ ਹੋਣ ਦੀ ਸੰਭਾਵਨਾ ਬਣੀ
ਨਵਾਂ ਅਕਾਲੀ ਦਲ ਬਣਾਉਣ ਲਈ ਬਾਦਲ ਵਿਰੋਧੀ ਘਾਗ਼ ਸਿਆਸਤਦਾਨ ਵੀ 14 ਨੂੰ ਅੰਮ੍ਰਿਤਸਰ ਇਕੱਠੇ ਹੋਣਗੇ
ਬਾਦਲ ਦਲ ਵੀ ਤੇਜਾ ਸਿੰਘ ਸਮੁੰਦਰੀ ਹਾਲ ਵਿਚ 14 ਦਸੰਬਰ ਨੂੰ ਕਰ ਰਿਹਾ ਹੈ , ਡੈਲੀਗੇਟ ਅਜਲਾਸ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਕੌਮ, ਸਿਆਸੀ ਪੰਡਤਾਂ ਅਤੇ ਗ਼ੈਰ ਸਿੱਖ ਹਲਕਿਆਂ ਦੀਆਂ ਨਜ਼ਰਾਂ 14 ਦਸੰਬਰ 'ਤੇ ਟਿੱਕ ਗਈਆਂ ਹਨ। ਇਸ ਦਿਨ ਸ਼੍ਰੋਮਣੀ ਅਕਾਲੀ ਦਲ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਡੈਲੀਗੇਟ ਇਜਲਾਸ ਕਰ ਰਿਹਾ ਹੈ। ਦੂਸਰੇ ਪਾਸੇ ਬਾਦਲ ਵਿਰੋਧੀ ਅਕਾਲੀ ਸੰਗਠਨਾਂ ਦੀ ਘਾਗ ਲੀਡਰਸ਼ਿਪ ਵੀ 14 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਇਕੱਠੀ ਹੋਣ ਦੀ ਖ਼ਬਰ ਭਰੋਸੇਯੋਗ ਹਲਕਿਆਂ ਵਲੋਂ ਮਿਲੀ ਹੈ ਕਿ ਉਹ ਵੀ ਇਸ ਦਿਨ ਨਵਾਂ ਅਕਾਲੀ ਦਲ ਗਠਨ ਕਰਨ ਦੀ ਨੀਂਹ ਰੱਖ ਸਕਦੇ ਹਨ। 14 ਦਸੰਬਰ ਨੂ ਸਿੱਖ ਸਿਆਸਤ ਵਿਚ ਧਮਾਕਾ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ।
ਨਵੇਂ ਅਕਾਲੀ ਦਲ ਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਹਮ-ਖਿਆਲੀ ਪਾਰਟੀਆਂ ਦੇ ਆਗੂ ਸ਼ਾਮਲ ਹੋ ਸਕਦੇ ਹਨ। ਭਰੋਸੇਯੋਗ ਵਸੀਲਿਆਂ ਮੁਤਾਬਕ ਆਮ ਆਦਮੀਂ ਪਾਰਟੀ, ਪਰਿਵਾਰਵਾਦ ਕਾਰਨ ਘਰਾਂ ਅਤੇ ਹੋਰ ਪਾਰਟੀਆਂ 'ਚ ਗਏ ਅਕਾਲੀ ਆਗੂਆਂ ਨਾਲ ਸੰਪਰਕ ਸੁਖਦੇਵ ਸਿੰਘ ਢੀਂਡਸਾ ਤੇ ਮਾਝੇ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। ਬਾਦਲ ਦਲ 'ਚ ਬੈਠੇ ਨਿਰਾਸ਼ ਆਗੂ ਵੀ ਨਵੇਂ ਅਕਾਲੀ ਦਲ 'ਚ ਸ਼ਾਮਲ ਹੋ ਸਕਦੇ ਹਨ।
ਜਾਣਕਾਰੀ ਮੁਤਾਬਕ ਲੁਧਿਆਣਾ ਦੇ ਕੁਝ ਅਹਿਮ ਆਗੂਆਂ ਵੀ ਨਵੇਂ ਅਕਾਲੀ ਦਲ 'ਚ ਸ਼ਾਮਲ ਹੋਣ ਲਈ ਸਹਿਮਤੀ ਦੇ ਦਿਤੀ ਹੈ। ਰਵੀਇੰਦਰ ਸਿੰਘ ਵੀ ਨਵਾਂ ਅਕਾਲੀ ਦਲ ਬਣਾਉਣ ਲਈ ਸਰਗਰਮ ਦਸੇ ਜਾਰਹੇ ਹਨ । ਟਕਸਾਲੀ ਪਰਵਾਰਾਂ ਤੇ ਪੰਥਕ ਸੋਚ ਰੱਖਣ ਵਾਲੇ ਅਤੇ ਬਾਦਲ ਪਰਵਾਰ ਦੀ ਸੋਚ ਖਿਲਾਫ਼ ਦੂਸਰੀਆਂ ਪਾਰਟੀਆਂ 'ਚ ਗਏ ਆਗੂਆਂ ਨਾਲ ਸੰਪਰਕ ਰਖਿਆ ਜਾ ਰਿਹਾ ਰਿਹਾ ਹੈ।
ਭਰੋਸੇਯੋਗ ਵਸੀਲਿਆਂ ਦਾ ਕਹਿਣਾ ਹੈ ਕਿ ਬਾਦਲਾਂ ਦੀ 99 ਸਾਲਾ ਲੀਜ ਤੋੜਣ ਦਾ ਸਮਾਂ ਆ ਗਿਆ ਹੈ । 14 ਦਸੰਬਰ ਬਾਅਦ ਨਵੇਂ ਅਕਾਲੀ ਦਲ ਦੀ ਨੀਂਹ ਰੱਖਣ ਬਾਅਦ ਪੰਜਾਬ ਦੀ ਸਿਆਸਤ ਵਿਚ ਨਵਾਂ ਮੋੜ ਆਵੇਗਾ ਅਤੇ ਤੀਸਰੇ ਬਦਲ ਲਈ ਜ਼ੋਰ ਅਜਮਾਈ ਸ਼ੁਰੂ ਹੋ ਜਾਵੇਗੀ, ਜਿਸ ਲਈ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ।
ਸੂਤਰਾਂ ਦੀ ਮੰਨੀਏ ਤਾਂ ਇਹ ਸੰਕੇਤ ਮਿਲ ਰਿਹਾ ਹੈ ਕਿ ਘੱਟੋ-ਘੱਟ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਸਿੱਖ ਹਲਕਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਹੈ, ਜਿਸ ਵਿਚ ਇਸ ਦਾ ਸ਼ਾਨਾਮਤਾ ਇਤਿਹਾਸ, ਪ੍ਰੰਪਰਾਵਾਂ, ਸਿੱਖ ਮਸਲੇ, ਪੁਰਾਤਨ ਰਿਵਾਇਤਾਂ ਗਾਇਬ ਹੋਣ ਕਾਰਨ ਟਕਸਾਲੀ ਅਕਾਲੀ ਦੁੱਖੀ ਹਨ ਕਿ ਇਸ ਵੇਲੇ ਪਰਵਾਰਵਾਦ ਭਾਰੂ ਹੋਣ ਕਰ ਕੇ ਸਿੱਖ ਕੌਮ ਦੀ ਪਹਿਲਾਂ ਵਰਗੀ ਸ਼ਾਨ ਨਹੀ ਰਹੀ।