ਅੰਮ੍ਰਿਤਧਾਰੀ ਜੋੜੇ ਦਾ ਗੁਰ ਮਰਿਆਦਾ ਅਨੁਸਾਰ ਵਿਆਹ ਬਣਿਆ ਪ੍ਰੇਰਨਾ ਸਰੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਆਹ ਵਿਚ ਢਾਡੀ ਕਵੀਸ਼ਰੀ ਜਥੇ ਨੇ ਵਾਰਾਂ ਗਾਈਆਂ ਤੇ ਸਿੰਘਾਂ ਨੇ ਗਤਕੇ ਦੇ ਦਿਖਾਏ ਜੌਹਰ

Sikh marriage

ਅਹਿਮਦਗੜ੍ਹ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ): ਵਿਆਹਾਂ ਵਿਚ ਫ਼ਜ਼ੂਲ ਰਸਮਾਂ ਨੂੰ ਦਰੋਂ ਕਿਨਾਰੇ ਕਰਦੇ ਹੋਏ ਅੰਮ੍ਰਿਤਧਾਰੀ ਸਿੱਖ ਜੋੜੇ ਨੇ ਸਮਾਜ ਵਿਚ ਇਕ ਨਵੀਂ ਪਿਰਤ ਪਾਉਂਦੇ ਹੋਏ ਅਪਣਾ ਵਿਆਹ ਗੁਰ ਮਰਿਆਦਾ ਅਨੁਸਾਰ ਅਨੰਦ ਕਾਰਜ ਕਰਵਾ ਕੇ ਨਵੀਂ ਮਿਸਾਲ ਕਾਇਮ ਕੀਤੀ ਜਿਸ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਦੇ ਪਿੰਡ ਕਟਾਰੀ ਵਾਸੀ ਸ. ਦਰਬਾਰਾ ਸਿੰਘ ਵਲੋਂ ਅਪਣੀ ਧੀ ਸਿਮਰਜੋਤ ਕੌਰ ਦਾ ਰਿਸ਼ਤਾ ਅੰਮ੍ਰਿਤਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਲੋਟ ਨਾਲ ਕਰ ਕੇ ਉਨ੍ਹਾਂ ਦਾ ਸ਼ੁਭ ਵਿਆਹ ਸਥਾਨਕ ਗੁਰਦਵਾਰਾ ਸਿੰਘ ਸਭਾ ਵਿਖੇ ਬੜੇ ਸਾਦੇ ਢੰਗ ਨਾਲ ਕੀਤਾ ਗਿਆ ਜਿਥੇ ਦੋਹਾਂ ਪਰਵਾਰਾਂ ਨੇ ਸਿੱਖ ਗੁਰ ਮਰਿਆਦਾ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਗੁਰੂ ਗ੍ਰੰਥ ਸਹਿਬ ਦੀ ਹਾਜ਼ਰੀ ਵਿਚ ਲੜਕੀ ਦੇ ਬਿਨਾਂ ਹਾਰ ਸ਼ਿੰਗਾਰ ਕੀਤੇ ਸਿਰ 'ਤੇ ਦੁਮਾਲਾ ਸਜਾ ਕੇ ਸਿੱਖੀ ਬਾਣਾ ਵਿਚ ਅਤੇ ਲੜਕੇ ਨੇ ਵੀ ਕੋਈ ਸਿਹਰਾ ਕਲਗ਼ੀ ਲਾਏ ਬਿਨਾਂ ਪੂਰਨ ਸਿੱਖੀ ਸਰੂਪ ਵਿਚ  ਗੁਰਮਤਿ ਅਨੁਸਾਰ ਅਨੰਦ ਕਾਰਜ ਕਰਵਾਏ ਗਏ।

ਬਿਨਾਂ ਦਾਜ ਦਹੇਜ ਅਤੇ ਫ਼ਜ਼ੂਲ ਖ਼ਰਚੀ ਦੇ ਸਾਦੇ ਢੰਗ ਨਾਲ ਹੋਏ ਇਸ ਵਿਆਹ ਵਿਚ ਨਾ ਹੀ ਕਿਸੇ ਵੀ ਪ੍ਰਕਾਰ ਦੀ ਕੋਈ ਵਾਧੂ ਮਿਲਣੀ ਕਰਵਾਈ ਗਈ ਨਾ ਹੀ ਸ਼ਗਨ ਪਵਾਏ। ਅਨੰਦ ਕਾਰਜ ਤੇ ਕੀਰਤਨ ਉਪਰੰਤ ਢਾਡੀ ਕਵੀਸ਼ਰੀ ਜਥੇ ਨੇ ਵਿਆਹ ਰੂਪ ਵਿਚ ਆਈ ਸੰਗਤ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਤੇ ਸਿੰਘਾਂ ਨੇ ਗਤਕੇ ਦੇ ਜੌਹਰ ਵੀ ਦਿਖਾਏ।

ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਗੁਰਦਵਾਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ ਤੇ ਡਾ. ਰੁਪਿੰਦਰ ਸਿੰਘ ਬ੍ਰਹਮਪੁਰੀ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਦੋਹਾਂ ਪਰਵਾਰਾਂ ਦਾ ਧਨਵਾਦ ਕੀਤਾ।  ਸ. ਕੁਲਦੀਪ ਸਿੰਘ ਖ਼ਾਲਸਾ ਨੇ ਸੁਭਾਗੀ ਜੋੜੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੋਹਾਂ ਪਰਵਾਰਾਂ ਨੇ ਗੁਰੂਆਂ ਵਲੋਂ ਦਿਤੀਆਂ ਸਿਖਿਆਵਾਂ 'ਤੇ ਚਲ ਕੇ ਗੁਰ ਮਰਿਆਦਾ ਅਨੁਸਾਰ ਵਿਆਹ ਰਚਾ ਕੇ ਸਿੱਖੀ ਸਿਧਾਂਤ 'ਤੇ ਪੂਰਨ ਅਮਲ ਕੀਤਾ ਹੈ ਜੋ ਕਿ ਸੱਭ ਲਈ ਪ੍ਰੇਰਨਾ ਸਰੋਤ ਹੈ।