ਜੇ ਕਿਸਾਨ ਅੱਗਾਂ ਲਾਉਣ ਵਾਲੇ ਹੁੰਦੇ ਤਾਂ ਹੁਣ ਤੱਕ ਲਾ ਵੀ ਦਿੰਦੇ- ਕਿਸਾਨ ਆਗੂ
ਦਿੱਲੀ ਮੋਰਚੇ ਦੀ ਸਟੇਜ ਤੋਂ ਕਿਸਾਨ ਆਗੂ ਦੀ ਕੇਂਦਰ ਸਰਕਾਰ ਨੂੰ ਦਹਾੜ
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੌਰਾਨ ਵੱਖ-ਵੱਖ ਆਗੂਆਂ ਜਾ ਸਖਸ਼ੀਅਤਾਂ ਵੱਲ਼ੋਂ ਮੋਰਚੇ ਵਿਚ ਬੈਠੇ ਕਿਸਾਨਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਕਿਸਾਨ ਆਗੂ ਨੇ ਕਿਹਾ ਕਿ ਹੁਣ ਤੱਕ ਇਹ ਲੜਾਈ ਦੋ ਪੱਧਰਾਂ 'ਤੇ ਲੜੀ ਗਈ ਹੈ। ਇਕ ਲੜਾਈ ਸੜਕਾਂ 'ਤੇ ਲੜੀ ਗਈ ਤੇ ਦੂਜੀ ਵਿਗਿਆਨ ਭਵਨ ਵਿਚ ਲੜੀ ਗਈ।
ਉਹਨਾਂ ਕਿ ਜੇਕਰ 11-12 ਦਿਨਾਂ ਦੇ ਸੰਘਰਸ਼ ਦਾ ਨਿਚੋੜ ਕੱਢਿਆ ਜਾਵੇ ਤਾਂ ਸਰਕਾਰ ਕਿਸਾਨੀ ਮੋਰਚੇ ਤੋਂ ਬਹੁਤ ਪ੍ਰਭਾਵਿਤ ਹੋਈ ਹੈ ਤੇ ਕਿਸਾਨਾਂ ਦਾ ਸੰਘਰਸ਼ ਦੇਖ ਕੇ ਕੇਂਦਰ ਸਰਕਾਰ ਸੋਚਣ ਲਈ ਮਜਬੂਰ ਹੋ ਗਈ ਹੈ। ਉਹਨਾਂ ਕਿਹਾ ਕਿ ਮੋਰਚੇ ਦੀ ਅਗਲੀ ਰਣਨੀਤੀ ਹੁਣ ਕੋਈ ਨਹੀਂ ਹੈ ਕਿਉਂਕਿ ਇਹ ਮੋਰਚਾ ਜਿੱਤ ਲਿਆ ਹੈ ਤੇ ਹੁਣ ਸਿਰਫ਼ ਜਿੱਤ ਦਾ ਐਲਾਨ ਹੋਣਾ ਬਾਕੀ ਹੈ।
ਕਿਸਾਨ ਆਗੂ ਨੇ ਕਿਹਾ ਕਿ ਇਹ ਮੋਰਚਾ ਨਹੀਂ ਸੀ ਬਲਕਿ ਦੋ ਧੜਿਆਂ ਵਿਚਾਲੇ ਮੈਚ ਸੀ। ਕਿਸਾਨ ਆਗੂ ਨੇ ਦੱਸਿਆ ਕਿ ਇਸ ਲੜਾਈ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਕਈ ਕਿਲੋਮੀਟਰ ਸਫ਼ਰ ਤੈਅ ਕਰਕੇ ਕਿਸਾਨਾਂ ਦਾ ਸਾਥ ਦੇਣ ਪਹੁੰਚੇ । ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਦਿੱਤੇ ਗਏ 'ਭਾਰਤ ਬੰਦ' ਦੇ ਸੱਦੇ ਨੂੰ ਪੂਰੇ ਦੇਸ਼ ਨੇ ਮਿਲ ਕੇ ਸਫ਼ਲ ਬਣਾਇਆ ਹੈ ਤੇ 'ਭਾਰਤ ਬੰਦ' ਦੀਆਂ ਖ਼ਬਰਾਂ ਸੁਣ ਕੇ ਦੇਸ਼ ਦੀ ਸਰਕਾਰ ਦਾ ਹੰਕਾਰ ਜ਼ਰੂਰ ਟੁੱਟੇਗਾ।
ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਤਿੰਨ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਨਹੀਂ ਸਵਿਕਾਰ ਕੀਤਾ ਤਾਂ ਪੂਰੇ ਦੇਸ਼ ਦੀਆਂ 472 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਤੋਂ ਪਹਿਲਾਂ ਕੀਤਾ ਗਿਆ ਐਲਾਨ ਪੂਰਾ ਕੀਤਾ ਜਾਵੇਗਾ। ਇਸ ਐਲਾਨ ਵਿਚ ਕਿਹਾ ਗਿਆ ਸੀ ਕਿ ਦਿੱਲੀ ਚਲੋ, ਪਹਿਲਾਂ ਡੇਰਾ ਪਾਓ, ਫਿਰ ਘੇਰਾ ਪਾਓ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਕਿਸਾਨ ਅੱਗਾਂ ਲਾਉਣ ਵਾਲੇ ਹੁੰਦੇ ਤਾਂ 11-12 ਦਿਨ ਘੱਟ ਨਹੀਂ ਸੀ, ਹੁਣ ਤੱਕ ਅੱਗਾਂ ਲੱਗ ਜਾਣੀਆਂ ਸੀ।
ਕਿਸਾਨ ਮੋਰਚੇ ਦੌਰਾਨ ਸਰਕਾਰੀ ਜਾਇਦਾਦ ਦੇ ਨਹੀਂ ਹੋਏ ਨੁਕਸਾਨ ਨੇ ਇਹ ਸਾਬਿਤ ਕਰ ਦਿੱਤਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਬੈਠੇ ਹਨ। ਇਸ ਦੇ ਬਾਵਜੂਦ ਜੇਕਰ ਸਰਕਾਰ ਵੱਲੋਂ ਸਾਂਤਮਈ ਮੋਰਚੇ 'ਤੇ ਬੈਠੇ ਕਿਸਾਨਾਂ 'ਤੇ ਲਾਠੀਚਾਰਜ ਜਾਂ ਕੋਈ ਹੋਰ ਕਾਰਵਾਈ ਕੀਤੀ ਗਈ ਤਾਂ ਉਹ ਸਰਕਾਰ ਦੇ ਖਾਤਮੇ ਦਾ ਐਲਾਨ ਹੋਵੇਗਾ।
ਉਹਨਾਂ ਨੇ ਅਖੀਰ ਵਿਚ ਕਿਹਾ ਕਿ ਜਿੱਥੇ ਇਸ ਮੋਰਚੇ ਨੇ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ ਹਨ ਤਾਂ ਉੱਥੇ ਹੀ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਕ ਲੜੀ ਵਿਚ ਪੁਰੋ ਦਿੱਤਾ। ਉਹਨਾਂ ਕਿਹਾ ਕਿ ਮੋਰਚੇ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿਚ ਚੱਲ ਰਹੀ ਸਿਆਸਤ ਤੇ ਧੜੇਬੰਦੀ ਨੂੰ ਖਤਮ ਕੀਤਾ ਜਾਵੇਗਾ। ਹਰੇਕ ਪਿੰਡ ਵਿਚ ਸਾਂਝੀ ਲੋਕ ਪੰਚਾਇਤ ਬਣਾਈ ਜਾਵੇਗੀ, ਜਿਸ ਵਿਚ ਪਿੰਡ ਵਿਚੋਂ ਹਰ ਵਰਗ ਦੇ ਵਿਅਕਤੀ ਮੌਜੂਦ ਹੋਣਗੇ ਤੇ ਇੱਥੇ ਹਰ ਵਰਗ ਦੀਆਂ ਸਮੱਸਿਆਵਾਂ ਦਾ ਹੱਲ਼ ਕੀਤਾ ਜਾਵੇਗਾ।