ਸਕੂਲੀ ਕੰਟੀਨਾਂ 'ਚ ਜੰਕ ਫੂਡ ਦੀ ਵਰਤੋਂ ਹੋਵੇਗੀ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਹੁਣ ਸਕੂਲਾਂ 'ਚ ਬਣੀਆਂ ਕੰਟੀਨਾਂ ਵਿਚ ਵਿਕਣ ਵਾਲੇ ਜੰਕ ਫੂਡ 'ਤੇ ਸ਼ਿਕੰਜਾ ਕਸਿਆ ਜਾਵੇਗਾ। ਪੰਜਾਬ ਦੇ ਖਾਧ ਸੁਰੱਖਿਆ ਵਿਭਾਗ ਦੇ ਕਮਿਸ਼ਨਰ ...

Juck Food

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਹੁਣ ਸਕੂਲਾਂ 'ਚ ਬਣੀਆਂ ਕੰਟੀਨਾਂ ਵਿਚ ਵਿਕਣ ਵਾਲੇ ਜੰਕ ਫੂਡ 'ਤੇ ਸ਼ਿਕੰਜਾ ਕਸਿਆ ਜਾਵੇਗਾ। ਪੰਜਾਬ ਦੇ ਖਾਧ ਸੁਰੱਖਿਆ ਵਿਭਾਗ ਦੇ ਕਮਿਸ਼ਨਰ ਕੇ ਐਸ ਪੰਨੂ ਨੇ ਜੰਕ ਫੂਡ ਦੀ ਜ਼ਿਆਦਾ ਵਰਤੋਂ ਦੇ ਮੱਦੇਨਜ਼ਰ ਸੂਬੇ ਦੀਆਂ ਸਾਰੀਆਂ ਸਕੂਲ ਕੰਟੀਨਾਂ ਦੀ ਜਾਂਚ ਦੇ ਨਿਰਦੇਸ਼ ਦਿਤੇ ਹਨ, ਅਤੇ ਸਾਰੇ ਫੂਡ ਇੰਸਪੈਕਟਰਾਂ ਨੂੰ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਲਈ ਕਿਹਾ ਗਿਆ ਹੈ। ਕੇ ਐਸ ਪੰਨੂ ਮੁਤਾਬਕ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਨੇ ਸਕੂਲੀ ਬੱਚਿਆਂ ਦੀ ਸਿਹਤ ਨੂੰ ਖ਼ਤਰਾ ਪੈਦਾ ਕਰਨ ਵਾਲੇ ਜੰਕ ਫੂਡ ਦੀ ਵਰਤੋਂ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਇਹ ਫੈਸਲਾ ਲਿਆ ਗਿਆ ਹੈ।

ਇਸ ਤਹਿਤ ਸੂਬੇ ਭਰ ਦੀਆਂ ਸਕੂਲ ਕੰਟੀਨਾਂ ਦੀ ਜਾਂਚ ਕੀਤੀ ਜਾਵੇਗੀ। ਦਰਅਸਲ ਇਸ ਜਾਂਚ ਦਾ ਮਕਸਦ ਸਕੂਲੀ ਕੰਟੀਨਾਂ ਵਿਚ ਉਚ ਵਸਾ, ਲੂਣ ਅਤੇ ਚੀਨੀ ਵਾਲੇ ਖਾਧ ਪਦਾਰਥਾਂ ਦੀ ਉਪਲਬਧਤਾ 'ਤੇ ਰੋਕ ਲਗਾਉਣਾ ਹੈ ਕਿਉਂਕਿ ਦੇਖਣ ਵਿਚ ਆਇਆ ਹੈ ਕਿ ਜੰਕ ਫੂਡ ਦੀ ਵਰਤੋਂ ਨਾਲ ਵਧਦੀ ਉਮਰ 'ਚ ਟਾਈਪ-2 ਡਾਈਬਿਟੀਜ਼, ਹਾਈਪਰਟੈਂਸ਼ਨ ਅਤੇ ਕਾਰਡੀਓਵੈਸਕੁਲਰ ਵਰਗੀਆਂ ਬਿਮਾਰੀਆਂ ਅਤੇ ਹੋਰ ਸਿਹਤ ਸਬੰਧੀ ਖ਼ਤਰੇ ਪੈਦਾ ਹੋ ਰਹੇ ਹਨ ਅਤੇ ਇਹ ਰੋਗ ਬੱਚਿਆਂ ਵਿਚ ਮੋਟਾਪਾ, ਬੱਚਿਆਂ ਦੀ ਗਿਆਨ ਸਮਰੱਥਾ ਅਤੇ ਵਿਕਾਸ 'ਤੇ ਅਸਥਿਰ ਪ੍ਰਭਾਵ ਪਾਉਂਦੇ ਹਨ।

ਭਾਵੇਂ ਕਿ ਸਰਕਾਰ ਵਲੋਂ ਸਕੂਲੀ ਕੰਟੀਟਾਂ ਵਿਚ ਵਿਕਣ ਵਾਲੇ ਜੰਕ ਫੂਡ 'ਤੇ ਪਾਬੰਦੀ ਲਗਾਉਣ ਲਈ ਸਖ਼ਤੀ ਵਰਤਣ ਦੀ ਗੱਲ ਆਖੀ ਜਾ ਰਹੀ ਹੈ, ਪਰ ਇਸ ਤੋਂ ਇਲਾਵਾ ਆਮ ਦੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਮਾਪੇ ਅਪਣੇ ਬੱਚਿਆਂ ਨੂੰ ਖ਼ੁਦ ਜੰਕ ਫੂਡ ਖੁਆਉਂਦੇ ਹਨ। ਇਸ ਰੁਝਾਨ 'ਤੇ ਕਿਵੇਂ ਰੋਕ ਲੱਗੇਗੀ, ਇਸ ਦਾ ਹੱਲ ਵੀ ਕੱਢਣਾ ਚਾਹੀਦਾ ਹੈ। ਜੰਕ ਫੂਡ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਣ ਲਈ ਪਿੰਡਾਂ ਆਦਿ ਵਿਚ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਦਾ ਕਾਰਨ ਬਣ ਰਹੇ ਜੰਕ ਫੂਡ ਦੀ ਜ਼ਿਆਦਾ ਵਰਤੋਂ ਨੂੰ ਠੱਲ੍ਹ ਪਾਈ ਜਾ ਸਕੇ।