ਸਰਹੱਦੀ ਏਰੀਏ 'ਚ 'ਡਰੋਨ' ਨੇ ਮੁੜ ਦਿਤੀ ਦਸਤਕ!

ਏਜੰਸੀ

ਖ਼ਬਰਾਂ, ਪੰਜਾਬ

ਦੋ ਡਰੋਨ, ਸਾਜੋ-ਸਮਾਨ ਤੇ ਨਕਦੀ ਬਰਾਮਦ

file photo

ਚੰਡੀਗੜ੍ਹ : ਸਰਹੱਦੀ ਇਲਾਕਿਆਂ ਅੰਦਰੋਂ ਡਰੋਨ ਦਾ ਖੌਫ਼ ਦੂਰ ਹੁੰਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਪੁਲਿਸ ਵਲੋਂ ਫਿਰ ਦੋ ਹੋਰ ਡਰੋਨ ਬਰਾਮਦ ਕਰਨ ਬਾਅਦ ਸੁਰੱਖਿਆ ਏਜੰਸੀਆਂ ਵਲੋਂ ਡਰੋਨ ਹਮਲਿਆਂ ਸਬੰਧੀ ਪਿਛਲੇ ਦਿਨਾਂ ਦੌਰਾਨ ਦਿਤੀਆਂ ਗਈਆਂ ਚਿਤਾਵਨੀਆਂ ਸੱਚ ਸਾਬਤ ਹੋ ਰਹੀਆਂ ਹਨ।

ਤਾਜ਼ਾ ਘਟਨਾ 'ਚ ਪੁਲਿਸ ਨੇ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਇਲਾਕੇ ਅੰਦਰੋਂ ਦੋ ਡਰੋਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਨੇ 12 ਡਰੋਨ ਬੈਟਰੀਆਂ, ਇਕ ਵਾਇਰਲੈਸ ਸੈੱਟ ਤੇ 6 ਲੱਖ 22 ਹਜ਼ਾਰ ਦੀ ਨਕਦੀ ਵੀ ਬਰਾਮਦ ਕੀਤੀ ਹੈ।

ਇਸ ਜਾਣਕਾਰੀ ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਚੰਡੀਗੜ੍ਹ ਵਿਖੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦਿਤੀ ਹੈ। ਉਨ੍ਹਾਂ ਦਸਿਆ ਕਿ ਪੁਲਿਸ ਨੇ ਇਹ ਡ੍ਰੋਨ ਅੰਮ੍ਰਿਤਸਰ ਦੇ ਪਿੰਡ ਮੈਦਾ ਵਿਚੋਂ ਬਰਾਮਦ ਕੀਤੇ ਹਨ। ਡੀਜੀਪੀ ਅਨੁਸਾਰ ਪੁਲਿਸ ਨੇ ਇਸ ਮਾਮਲੇ 'ਚ 3 ਨਸ਼ਾ ਤਸਕਰਾਂ ਨੂੰ ਵੀ ਕਾਬੂ ਕੀਤਾ ਹੈ,

ਕਾਬੂ ਕੀਤੇ ਗਏ ਮੁਲਜ਼ਮਾਂ ਵਿਚੋਂ ਦੋ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਜਦਕਿ ਇਕ ਹਰਿਆਣਾ ਦਾ ਵਾਸੀ ਹੈ। ਡੀਜੀਪੀ ਨੇ ਦਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ 'ਤੇ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ।

ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਡਰੋਨ ਰਾਹੀਂ ਮਾਰੂ ਹਥਿਆਰ ਸਰਹੱਦ ਪਾਰੋਂ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਸਮੇਂ ਡਰੋਨ ਨੂੰ ਅੱਗ ਲੱਗ ਜਾਣ ਕਾਰਨ ਅਤਿਵਾਦੀਆਂ ਦੇ ਮਨਸੂਬਿਆਂ 'ਤੇ ਪਾਣੀ ਫਿਰ ਗਿਆ ਸੀ। ਇਸ ਤੋਂ ਬਾਅਦ ਸੁਰੱਖਿਆ ਦਸਤਿਆਂ ਵਲੋਂ ਕੁੱਝ ਗ੍ਰਿਫ਼ਤਾਰੀਆਂ ਵੀ ਹੋਈਆਂ ਸਨ।

ਇਸ ਤੋਂ ਇਲਾਵਾ ਪਿਛਲੇ ਸਾਲ ਦੇ ਅਖੀਰ 'ਚ ਸੁਰੱਖਿਆ ਏਜੰਸੀਆਂ ਵਲੋਂ ਵੀ ਸਰਹੱਦ ਪਾਰੋਂ ਡਰੋਨ ਰਾਹੀਂ ਅਤਿਵਾਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਸਬੰਧੀ ਅਲਰਟ ਆਇਆ ਸੀ। ਉਦੋਂ ਤੋਂ ਹੀ ਸਰਹੱਦੀ ਇਲਾਕੇ ਅੰਦਰ ਪਲਿਸ ਵਲੋਂ ਖਾਸ ਚੌਕਸੀ ਰੱਖੀ ਜਾ ਰਹੀ ਹੈ।