ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਸਮਾਨ ‘ਚ ਡਰੋਨਾਂ ਨਾਲ ਬਣਾਇਆ “ੴ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ‘ਚ ਮੰਗਲਵਾਰ...

ਸੁਲਤਾਨਪੁਰ ਲੋਧੀ: ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ‘ਚ ਮੰਗਲਵਾਰ ਰਾਤ ਨੂੰ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਅਸਮਾਨ ਵਿਚ ਡਰੋਨ ਦੀ ਮਦਦ ਨਾਲ 'ੴ' ਦੀ ਤਸਵੀਰ ਬਣਾਈ ਗਈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਇਸ ਸ਼ਾਨਦਾਰ ਨਜ਼ਾਰੇ ਨੂੰ ਦਿਖਾਉਣ ਲਈ ਦਰਜਨਾਂ ਡਰੋਨਾਂ ਦੀ ਮੱਦਦ ਲਈ ਗਈ ਸੀ। ਡਰੋਨ ਨੂੰ ਅਸਮਾਨ ਵਿਚ ਇਸ ਤਰ੍ਹਾਂ ਨਾਲ ਉਡਾਇਆ ਗਿਆ ਸੀ ਜਿਸ ਨਾਲ ਉਹ 'ੴ' ਵਾਂਗ ਦਿਖਾਈ ਦੇ ਰਿਹਾ ਸੀ। ਦੱਸਣਯੋਗ ਹੈ ਕਿ ਸਿੱਖ ਧਰਮ ਵਿਚ 'ੴ' ਬੇਹੱਦ ਪਵਿੱਤਰ ਸ਼ਬਦ ਹੈ, ਜਿਸ ਦਾ ਅਰਥ ਪ੍ਰਮਾਤਮਾ ਦੇ ਨਾਂ ਵੱਖੋ-ਵੱਖ ਹਨ ਪਰ ਰੱਬ ਇਕ ਹੈ।

 

 

ਸੁਲਤਾਨਪੁਰ ਲੋਧੀ ਵਿੱਚ ਮੰਗਲਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ, ਉਨ੍ਹਾਂ ਦੇ ਜੀਵਨ ਅਤੇ ਸਿਖਿਆਵਾਂ ਦੀਆਂ ਘਟਨਾਵਾਂ ਦੇ ਅਧਾਰ ‘ਤੇ ਇੱਕ 'ਲਾਈਟ ਐਂਡ ਸਾਊਂਡ' ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਇਸ ਮੌਕੇ ਸੁਲਤਾਨਪੁਰ ਲੋਧੀ ਪਹੁੰਚੇ। ਇਸ ਵਿਸ਼ੇਸ਼ ਮੌਕੇ 'ਤੇ ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕਰਕੇ ਲਿਖਿਆ, ਅੱਜ ਸੁਲਤਾਨਪੁਰ ਲੋਧੀ ਵਿਚ ਹੋਣਾ ਇਕ ਸਨਮਾਨ ਦੀ ਗੱਲ ਹੈ। ਇਹ ਉਹ ਧਰਤੀ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤ ਕੀਤਾ ਸੀ। ਇਸ ਖੇਤਰ ਵਿਚ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਯਾਤਰਾ ਨਾਲ ਜੁੜੇ ਪਵਿੱਤਰ ਸਥਾਨ ਹਨ।

ਉਨ੍ਹਾਂ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਬਰਾਬਰਤਾ, ਭਾਈਚਾਰਾ, ਧਾਰਮਿਕਤਾ ਅਤੇ ਨੇਕੀ ਦਾ ਪਾਠ ਦੇ ਕੇ ਜਾਤੀ ਅਤੇ ਰੀਤੀ ਰਿਵਾਜਾਂ ਤੋਂ ਅਜ਼ਾਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਪਵਿੱਤਰ ਅਵਸਰ 'ਤੇ ਰਾਤ ਨੂੰ ਪ੍ਰਕਾਸ਼ ਪੁਰਬ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਦੌਰਾਨ, ਦਰਜਨਾਂ ਡਰੋਨ ਇਕੱਠੇ ਅਸਮਾਨ ਵਿੱਚ ਉੱਡ ਗਏ ਅਤੇ 'ੴ' ਦੀ ਤਸਵੀਰ ਬਣਾ ਦਿੱਤੀ, ਜਿਸਦੀ ਲੋਕਾਂ ਨੇ ਵਾਹ-ਵਾਹ ਕੀਤੀ ਤੇ ਦਿਲਾਂ ਨੂੰ ਬਹੁਤ ਸਕੂਨ ਮਿਲਿਆ।