ਪੰਜਾਬ ‘ਚ ਸਵਾਈਨ ਫਲੂ ਪਸਾਰ ਰਿਹਾ ਪੈਰ, ਹੋਈਆਂ ਕਈ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਵਿਭਾਗ ਦੀਆਂ ਲੱਖ ਹੰਭਲੀਆਂ ਤੋਂ ਬਾਅਦ ਵੀ ਸਵਾਈਨ ਫਲੂ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਪੰਜਾਬ ਦੇ ਬਰਨਾਲਾ ਵਿਚ ਹੁਣ ਤੱਕ ਚਾਰ...

Swine Flu

ਬਰਨਾਲਾ : ਸਿਹਤ ਵਿਭਾਗ ਦੀਆਂ ਲੱਖ ਹੰਭਲੀਆਂ ਤੋਂ ਬਾਅਦ ਵੀ ਸਵਾਈਨ ਫਲੂ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਪੰਜਾਬ ਦੇ ਬਰਨਾਲਾ ਵਿਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਸ਼ਨਿਚਰਵਾਰ ਸਵੇਰੇ ਅਬੋਹਰ ਦੇ ਗੋਬਿੰਦ ਨਗਰ ਨਿਵਾਸੀ ਇਕ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਅਬੋਹਰ ਵਿਚ ਸਵਾਈਨ ਫਲੂ ਨਾਲ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜਾਣਕਾਰੀ ਮੁਤਾਬਕ ਗੋਬਿੰਦ ਨਗਰ ਨਿਵਾਸੀ ਲਗਭੱਗ 38 ਸਾਲ ਦੇ ਸੰਜੈ ਕੁਮਾਰ ਨੂੰ ਕੁੱਝ ਦਿਨ ਪਹਿਲਾਂ ਹੀ ਬੁਖ਼ਾਰ ਹੋਇਆ ਅਤੇ ਲਗਾਤਾਰ ਕਈ ਦਿਨਾਂ ਤੱਕ ਜਦੋਂ ਬੁਖ਼ਾਰ ਨਾ ਉਤਰਿਆ ਤਾਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਕੋਈ ਆਰਾਮ ਨਾ ਮਿਲਣ ਉਤੇ ਉਸ ਨੂੰ ਮੇਦਾਂਤਾ ਹਸਪਤਾਲ ਸ਼੍ਰੀ ਗੰਗਾ ਨਗਰ ਵਿਚ ਦਾਖ਼ਲ ਕਰਵਾਇਆ ਗਿਆ। ਜਿਥੇ ਉਸ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਪਰ ਹਾਲਤ ਵਿਚ ਕੋਈ ਸੁਧਾਰ ਨਾ ਹੁੰਦੇ ਵੇਖ ਉਸ ਨੂੰ ਦੇਖਭਾਲ ਰੂਮ ਵਿਚ ਰੱਖਿਆ ਗਿਆ। ਹਾਲਾਂਕਿ ਸ਼ਨਿਚਰਵਾਰ ਸਵੇਰੇ ਉਸ ਨੇ ਦਮ ਤੋੜ ਦਿਤਾ।

ਦੱਸ ਦਈਏ ਕਿ ਸ਼ਨਿਚਰਵਾਰ ਤੋਂ ਇਕ ਹਫ਼ਤਾ ਪਹਿਲਾਂ ਹੀ ਪਿੰਡ ਕੰਧਵਾਲਾ ਅਮਰਕੋਟ ਨਿਵਾਸੀ ਕਰੀਬ 36 ਸਾਲ ਦੇ ਮਨਫੂਲ ਰਾਮ ਦੀ ਵੀ ਸਵਾਈਨ ਫਲੂ ਨਾਲ ਮੌਤ ਹੋ ਗਈ। ਜਦੋਂ ਕਿ ਇਕ ਵਿਅਕਤੀ ਦੀ ਪਹਿਲਾਂ ਵੀ ਮੌਤ ਹੋ ਚੁੱਕੀ ਹੈ। ਇਸ ਬਾਰੇ ਸਰਕਾਰੀ ਹਸਪਤਾਲ ਦੀ ਐਸਐਮਓ ਡਾ. ਅਮਿਤਾ ਚੌਧਰੀ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਲੋਂ ਹੁਣ ਤੱਕ ਸਵਾਈਨ ਫਲੂ ਪੀੜਤ ਦੋ ਲੋਕਾਂ ਨੂੰ ਰੈਫ਼ਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਵਿਚੋਂ ਦੋਵਾਂ ਦੀ ਮੌਤ ਹੋ ਗਈ।

ਬਰਨਾਲਾ ਵਿਚ ਸਵਾਈਨ ਫਲੂ ਨਾਲ ਹੁਣ ਤੱਕ 3 ਔਰਤਾਂ ਅਤੇ ਇਕ ਆਦਮੀ ਦੀ ਮੌਤ ਹੋ ਚੁੱਕੀ ਹੈ। ਪਹਿਲੀ ਮੌਤ ਪਿੰਡ ਗਹਿਲ ਦੇ ਨੌਜਵਾਨ ਮੰਦਿਰ ਸਿੰਘ ਦੀ ਹੋਈ। ਇਸ ਤੋਂ ਬਾਅਦ ਹੰਡਿਆਇਆ ਦੇ ਵਾਰਡ ਨੰਬਰ 9 ਵਿਚ ਜਸਵੰਤ ਕੌਰ ਸਵਾਈਨ ਫਲੂ ਦਾ ਸ਼ਿਕਾਰ ਬਣੀ। ਪਿੰਡ ਧਨੇਰ ਦੀ ਬਲੀ ਕੌਰ ਅਤੇ ਰਾਹੀ ਬਸਤੀ ਵਿਚ ਇਕ ਮਹਿਲਾ ਦੀ ਸਵਾਈਨ ਫਲੂ ਨਾਲ ਮੌਤ ਹੋ ਚੁੱਕੀ ਹੈ।

ਸਿਵਲ ਹਸਪਤਾਲ ਦੇ ਡਾ. ਐਸਐਮਓ ਜਸਵੀਰ ਔਲਖ ਅਤੇ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਵਾਈਨ ਫਲੂ ਵਿਚ ਬੁਖ਼ਾਰ, ਤੇਜ਼ ਠੰਡ ਲੱਗਣਾ, ਗਲਾ ਖ਼ਰਾਬ ਹੋ ਜਾਣਾ, ਮਾਸਪੇਸ਼ੀਆਂ ਵਿਚ ਦਰਦ ਹੋਣਾ, ਤੇਜ਼ ਸਿਰ ਦਰਦ ਹੋਣਾ, ਖੰਘ ਆਉਣੀ, ਕਮਜ਼ੋਰੀ ਮਹਿਸੂਸ ਕਰਨਾ ਆਦਿ ਲੱਛਣ ਹੁੰਦੇ ਹਨ। ਖੰਘਦੇ ਅਤੇ ਛਿੱਕ ਮਾਰਦੇ ਸਮੇਂ ਮੂੰਹ ਉਤੇ ਰੁਮਾਲ ਰੱਖੋ।  ਹੱਥਾਂ ਨੂੰ ਸਾਬਣ ਨਾਲ ਧੋਵੋ।