ਟਰੈਕਟਰ 'ਤੇ ਆਈ ਲਾੜੀ ਦੀ ਬਰਾਤ, ਵੀਡੀਓ ਦੇਖ ਤੁਸੀਂ ਵੀ ਕਹੋਗੇ ਵਾਹ!

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਸੱਭਿਆਚਾਰ ਮੁਤਾਬਕ ਹੀ ਡੋਲੀ ਦਾ ਘਰੋਂ ਰਵਾਨਾ ਹੋਣਾ ਮਕਸਦ ਸੀ

File Photo

ਜਲੰਧਰ : ਵਿਆਹਾਂ 'ਤੇ ਭਾਵੇਂ ਕਿੰਨਾ ਖਰਚਾ ਕਿਉਂ ਨਾ ਕੀਤਾ ਜਾਵੇ, ਡੋਲੀ ਰਵਾਨਾ ਕਰਦੇ ਸਮੇਂ ਦੋਵਾਂ ਪਰਿਵਾਰਾਂ ਦੀ ਨਜ਼ਰ ਡੋਲੀ ਵਾਲੀ ਕਾਰ 'ਤੇ ਹੀ ਹੁੰਦੀ ਹੈ। ਇਸ ਲਈ ਤਾਂ ਇਸ ਨੂੰ ਫੁੱਲਾਂ ਨਾਲ ਖਾਸ ਤੌਰ 'ਤੇ ਸਜਾਇਆ ਜਾਂਦਾ ਹੈ। ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਸ਼ੌਕ ਲਿਮੋਜਿਨ ਤੋਂ ਘੱਟ ਨਹੀਂ ਹਨ ਪਰ ਰਾਜਾ ਗਾਰਡਨ ਵਿਚ ਐਤਵਾਰ ਨੂੰ ਵਿਆਹ ਖਤਮ  ਹੋਇਆ

ਤਾਂ ਡੋਲੀ ਵਾਲੀ ਕਾਰ ਦੀ ਉਡੀਕ ਕਰ ਰਹੇ ਬਰਾਤੀਆਂ ਤੇ ਲੜਕੀ ਵਾਲੇ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਲਾੜਾ ਕਿਸੇ ਕਾਰ ਜਾਂ ਜੀਪ ਤੇ ਨਹੀਂ, ਬਲਕਿ ਫੁੱਲਾਂ ਨਾਲ ਸਜਿਆ ਹੋਇਆ ਟਰੈਕਟਰ ਲੈ ਕੇ ਪਹੁੰਚ ਗਿਆ। ਦਰਅਸਲ, ਨਿਊ ਹਰਬੰਸ ਨਗਰ ਦੀ ਰਹਿਣ ਵਾਲੀ ਜੈਸਮੀਨ ਨੇ ਵਿਆਹ ਤੋਂ ਪਹਿਲਾਂ ਹੀ ਹੋਣ ਵਾਲੇ ਪਤੀ ਅਜੇ ਕੋਲ ਪਹਿਲਾਂ ਹੀ ਇਸ ਦੀ ਇੱਛਾ ਪ੍ਰਗਟਾਈ ਸੀ।

ਪੰਜਾਬ ਦੇ ਸੱਭਿਆਚਾਰ ਮੁਤਾਬਕ ਹੀ ਡੋਲੀ ਦਾ ਘਰੋਂ ਰਵਾਨਾ ਹੋਣਾ ਮਕਸਦ ਸੀ। ਮਜ਼ਬੂਤ ਚਰਿੱਤਰ ਦੀ ਪਛਾਣ ਤੇ ਖੇਤਾਂ ਦੀ ਮਿੱਟੀ 'ਚ ਸੋਨਾ ਉਗਾਉਣ ਦੀ ਤਾਕਤ ਰੱਖਣ ਵਾਲੇ ਟਰੈਕਟਰ 'ਤੇ ਡੋਲੀ ਲੈ ਕੇ ਜਾਣ ਦੀ ਇੱਛਾ ਜ਼ਾਹਰ ਕਰਦੇ ਹੀ ਅਜੇ ਨੇ ਵੀ ਪਹਿਲਾਂ ਤੋਂ ਹੀ ਮਨ ਬਣਾ ਲਿਆ ਸੀ ਕਿ ਉਹ ਡੋਲੀ ਟਰੈਕਟਰ 'ਤੇ ਹੀ ਲੈ ਕੇ ਜਾਵੇਗਾ।

ਵਿਆਹ 'ਚ ਸਭ ਤਰ੍ਹਾਂ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਆਪਣੇ ਨਿਵਾਸ ਅਸਥਾਨ ਨਿਊ ਹਰਬੰਸ ਨਗਰ ਤੋਂ ਜੈਸਮੀਨ ਦੀ ਡੋਲੀ ਰਵਾਨਾ ਕੀਤੀ ਗਈ ਜੋ ਲਾੜੇ ਦੇ ਰਾਜਾ ਗਾਰਡਨ ਸਥਿਤ ਘਰ ਪਹੁੰਚੀ। ਖਾਸ ਗੱਲ ਇਹ ਹੈ ਕਿ ਡੋਲੀ ਦੇ ਮਾਰਗ 'ਚ ਲੋਕ ਮੋਬਾਈਲ 'ਚ ਵੀਡੀਓ ਬਣਾਉਂਦੇ ਰਹੇ ਤੇ ਕਈਆਂ ਨੇ ਸੈਲਫੀ ਵੀ ਲਈ। ਜੈਸਮੀਨ ਫੈਸ਼ਨ ਡਿਜ਼ਾਈਨਰ ਹੈ ਤੇ ਅਜੇ ਬਹਿਰੀਨ 'ਚ ਟਰਾਂਸਪੋਰਟ ਕਾਰੋਬਾਰ ਕਰਦਾ ਹੈ।

ਜੈਸਮੀਨ ਦੱਸਦੀ ਹੈ ਕਿ ਉਹ ਇਸ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦੀ ਸੀ। ਇਸ ਦੇ ਨਾਲ ਹੀ ਪੰਜਾਬ ਤੇ ਪੰਜਾਬੀ ਸੱਭਿਆਚਾਰ ਦੀ ਇਕ ਝਲਕ ਦੇਣਾ ਉਸ ਦੀ ਇੱਛਾ ਸੀ ਜਿਸ ਤਹਿਤ ਉਸ ਨੇ ਹੋਰ ਕਿਸੇ ਰਸਮ ਦੀ ਬਜਾਏ ਡੋਲੀ ਦੀ ਰਸਮ ਨੂੰ ਹੀ ਰਵਾਇਤੀ ਬਣਾਉਣ ਦਾ ਫ਼ੈਸਲਾ ਕੀਤਾ ਜਿਸ ਨੂੰ ਗੱਲਾਂ-ਗੱਲਾਂ ਵਿਚ ਅਜੇ ਨਾਲ ਸ਼ੇਅਰ ਵੀ ਕੀਤਾ ਸੀ ਜਿਸ ਨੂੰ ਪੂਰਾ ਕਰ ਕੇ ਅਜੇ ਨੇ ਉਸ ਨੂੰ ਤੋਹਫ਼ਾ ਦਿੱਤਾ ਹੈ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਲਾੜਾ ਬਿਨ੍ਹਾਂ ਦਹੇਜ ਤੋਂ ਖ਼ੁਦ ਸਾਈਕਲ ਚਲਾ ਕੇ ਆਪਣੀ ਲਾੜੀ ਨੂੰ ਵਿਆਹੁਣ ਉਸ ਦੇ ਪਿੰਡ ਪਹੁੰਚਿਆ। ਬਿਨ੍ਹਾਂ ਬੈਂਡ ਬਾਜਿਆਂ ਦੇ ਉਹ 25 ਕਿੱਲੋ ਮੀਟਰ ਸਾਈਕਲ ਚਲਾ ਕੇ ਲਾੜੀ ਨੂੰ ਲੈਣ ਪਿੰਡ ਠੂਠੀਆਂ ਵਾਲੀ ਗੁਰਦੁਆਰਾ ਸਾਹਿਬ ਪਹੁੰਚਿਆ। ਇੰਨਾ ਹੀ ਨਹੀਂ ਲਾੜੀ ਰਮਨਦੀਪ ਵੀ ਲਾੜੇ ਦੇ ਸਾਈਕਲ 'ਤੇ ਹੀ ਵਿਦਾ ਹੋਈ। ਬਾਰਾਤ ਵਿੱਚ 12 ਲੋਕ ਸ਼ਾਮਲ ਸਨ।

ਲਾੜੇ ਗੁਰ ਬਖ਼ਸ਼ੀਸ਼ ਨੇ ਦੱਸਿਆ ਕਿ ਵਿਆਹ ਦੇ ਲਈ ਕਰਜ਼ ਲੈ ਕੇ ਦਿਖਾਵਾ ਕਰਨ ਦੀ ਬਜਾਏ ਉਸ ਪੈਸਿਆਂ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਵੀ ਫੋਕੀ ਲਿਫਾਫੇਬਾਜੀ ਛੱਡ ਕੇ ਅਜਿਹੇ ਕੰਮ ਕਰਨੇ ਚਾਹੀਦੇ ਹਨ। ਇੰਨਾ ਹੀ ਨਹੀਂ ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਜੇਕਰ ਹਰ ਕਿਸੇ ਦੀ ਅਜਿਹੀ ਸੋਚ ਹੋ ਜਾਵੇ ਤਾਂ ਧੀਆਂ ਮਾਂ ਦੀਆਂ ਕੁੱਖਾਂ ਵਿੱਚ ਨਹੀਂ ਮਾਰੀਆਂ ਜਾਣਗੀਆਂ। ਉਹ ਚਾਹੁੰਦੇ ਹਨ ਕਿ ਵਿਆਹ ਸਾਦਗੀ ਨਾਲ ਹੀ ਹੋਣੇ ਚਾਹੀਦੇ ਹਨ।