ਮਜੀਠੀਆ ਨੇ ਕੁਤਰੇ ਬੋਨੀ ਅਜਨਾਲਾ ਦੇ 'ਪਰ', ਸੁਖਬੀਰ ਨੇ ਵੀ ਪਿਛੇ ਖਿੱਚੇ ਹੱਥ!

ਏਜੰਸੀ

ਖ਼ਬਰਾਂ, ਪੰਜਾਬ

ਮਜੀਠੀਆ ਦੀ ਨਰਾਜ਼ਗੀ ਕਾਰਨ ਖਟਾਈ 'ਚ ਪਿਆ ਮਾਮਲਾ

file photo

ਅੰਮ੍ਰਿਤਸਰ : ਟਕਸਾਲੀਆਂ ਦੀ ਛਤਰੀ ਤੋਂ ਉਡਾਰੀ ਮਾਰਨ ਦੀ ਤਿਆਰੀ ਕਰ ਰਹੇ ਅਜਨਾਲਾ ਹਲਕੇ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਦੇ ਪਰਾਂ ਦੀ ਪਰਵਾਜ਼ ਫ਼ਿਲਹਾਲ ਟਲ ਗਈ ਹੈ। ਉਨ੍ਹਾਂ ਦੀ ਪਰਵਾਜ਼ ਅੱਗੇ ਉਨ੍ਹਾਂ ਵਲੋਂ ਬੀਤੇ ਸਮੇਂ 'ਚ ਕੀਤੀ ਗਈ ਤਲਮ-ਕਲਾਮੀ ਆਣ ਖੜੀ ਹੋਈ ਹੈ। ਅਸਲ ਵਿਚ ਅਕਾਲੀ ਦਲ ਵਿਚੋਂ ਜਾਣ ਤੋਂ ਬਾਅਦ ਉਨ੍ਹਾਂ ਨੇ ਬਿਮਰਮ ਸਿੰਘ ਮਜੀਠੀਆ ਖਿਲਾਫ਼ ਕਾਫ਼ੀ ਹਮਲਾਵਰ ਤੇਵਰ ਅਪਣਾਏ ਸਨ ਜਿਸ ਕਾਰਨ ਮਜੀਠੀਆ ਉਨ੍ਹਾਂ ਤੋਂ ਕਾਫ਼ੀ ਨਰਾਜ਼ ਹਨ।

ਪਾਰਟੀ ਅੰਦਰ ਪਹਿਲਾਂ ਹੀ ਖਾਨਾਜੰਗੀ ਵਰਗੇ ਹਾਲਾਤ ਬਣੇ ਹੋਏ ਹਨ ਜਿਸ ਦੇ ਚਲਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਬਿਕਰਮ ਮਜੀਠੀਆ ਵਰਗੇ ਕੱਦਾਵਰ ਆਗੂ ਦੇ ਨਰਾਜ਼ਗੀ ਲੈਣ ਦੇ ਮੂੜ ਵਿਚ ਨਹੀਂ ਹਨ। ਸੋ ਉਨ੍ਹਾਂ ਨੇ ਬੋਨੀ ਅਜਨਾਲਾ ਦੀ ਪਾਰਟੀ ਅੰਦਰ ਵਾਪਸੀ ਨੂੰ ਫਿਲਹਾਲ ਠੰਡੇ ਬਸਤੇ ਵਿਚ ਪਾ ਦਿਤਾ ਹੈ।

ਸੂਤਰਾਂ ਮੁਤਾਬਕ ਸੁਖਬੀਰ ਬਾਦਲ ਨੇ ਅਪਣੀ ਅੰਮ੍ਰਿਤਸਰ ਫੇਰੀ ਦੌਰਾਨ ਬੋਨੀ ਅਜਨਾਲਾ ਦੇ ਘਰ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜੋ ਐਨ ਮੌਕੇ 'ਤੇ ਰੱਦ ਕਰ ਦਿਤਾ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਘਰ ਵਿਖੇ ਮਾਂਝੇ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ 13 ਫ਼ਰਵਰੀ ਦੀ ਰੈਲੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਬੋਨੀ ਅਜਨਾਲਾ ਦੀ ਪਾਰਟੀ ਅੰਦਰ ਵਾਪਸੀ ਬਾਰੇ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਹ ਜਦੋਂ ਚਾਹੁਣ ਪਾਰਟੀ 'ਚ ਆ ਸਕਦੇ ਹਨ ਜਦਕਿ ਬਿਕਰਮ ਮਜੀਠੀਆ ਨੇ ਇਸ ਸਬੰਧੀ ਅਜੇ ਤਕ ਚੁਪੀ ਧਾਰੀ ਹੋਈ ਹੈ। ਚੱਲ ਰਹੀਆਂ ਚਰਚਾਵਾਂ ਅਨੁਸਾਰ 13 ਫ਼ਰਵਰੀ ਨੂੰ ਹੋਣ ਵਾਲੀ ਰੈਲੀ ਦੌਰਾਨ ਬੋਨੀ ਅਜਨਾਲਾ ਦੇ ਪਾਰਟੀ ਅੰਦਰ ਸ਼ਾਮਲ ਹੋਣ ਦੀ ਸੰਭਾਵਨਾ ਮੱਧਮ ਪੈ ਗਈ ਹੈ।

ਸੂਤਰਾਂ ਅਨੁਸਾਰ ਮਾਂਝੇ ਅੰਦਰਲੇ ਸਾਰੇ ਫ਼ੈਸਲੇ ਬਿਕਰਮ ਮਜੀਠੀਆ ਦੀ ਸਹਿਮਤੀ ਨਾਲ ਲਏ ਜਾਂਦੇ ਰਹੇ ਹਨ ਪਰ ਟਕਸਾਲੀਆਂ ਨੂੰ ਝਟਕਾ ਦੇਣ ਦੀ ਕਾਹਲੀ 'ਚ ਸੁਖਬੀਰ ਬਾਦਲ ਬੋਨੀ ਅਜਨਾਲਾ ਨੂੰ ਪਾਰਟੀ ਅੰਦਰ ਲਿਆਉਣ ਦੇ ਰੌਂਅ ਵਿਚ ਸਨ ਜੋ ਮਜੀਠੀਆ ਨੂੰ ਰਾਸ ਨਹੀਂ ਆਇਆ। ਦੂਜੇ ਪਾਸੇ ਬੋਨੀ ਅਜਨਾਲਾ ਦਾ ਕਹਿਣਾ ਹੈ ਕਿ ਉਹ ਪੰਥ ਦੀ ਚੜ੍ਹਦੀ ਕਲਾਂ ਲਈ ਹਮੇਸ਼ਾ ਸਰਗਰਮ ਰਹੇ ਹਨ। ਉਨ੍ਹਾਂ ਅਪਣੇ ਅਗਲੇ ਕਦਮਾਂ ਬਾਰੇ 13 ਫ਼ਰਵਰੀ ਤੋਂ ਬਾਅਦ ਦੱਸਣ ਦੀ ਗੱਲ ਕਹੀ ਹੈ।