ਸਿਧਾਂਤਕਵਾਦੀ ਕਾਫ਼ਲੇ ਦਾ ਵਧਣਾ ਜਾਰੀ : ਕਈ ਹੋਰਾਂ ਦਾ ਮਿਲਿਆ ਸਾਥ!

ਏਜੰਸੀ

ਖ਼ਬਰਾਂ, ਪੰਜਾਬ

ਕਈ ਹੋਰ ਆਗੂ ਸੁਖਬੀਰ ਤੋਂ ਬਾਗੀ ਹੋ ਢੀਂਡਸਾ ਦੇ ਹੱਕ 'ਚ ਡਟੇ

file photo

ਮੋਗਾ : ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਦਾ ਵਧਣਾ ਅਜੇ ਜਾਰੀ ਹੈ। ਇਕ ਪਲ ਜੇਕਰ ਪਾਰਟੀ ਲਈ ਕੋਈ ਸੁਖਾਵੀਂ ਖ਼ਬਰ ਆਉਂਦੀ ਹੈ, ਤਾਂ ਅਗਲੇ ਹੀ ਪਲ ਫਿਰ ਜ਼ੋਰਦਾਰ ਝਟਕਾ ਲੱਗ ਜਾਂਦਾ ਹੈ। ਬੀਤੇ ਦਿਨਾਂ ਦੌਰਾਨ ਬੋਨੀ ਅਜਨਾਲਾ ਸਮੇਤ ਕੁੱਝ ਹੋਰ ਆਗੂਆਂ ਦੇ ਪਾਰਟੀ ਅੰਦਰ ਪਰਤਣ ਦੀਆਂ ਆਈਆਂ ਸੁਖਾਵੀਆਂ ਖ਼ਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਹੁਣ ਮੋਗਾ ਤੋਂ ਮਾੜੀ ਖ਼ਬਰ ਆ ਗਈ ਹੈ।

ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਕਈ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਦੀ ਛਤਰੀ ਉਤੋਂ ਉਡਾਰੀ ਮਾਰਨ ਦਾ ਐਲਾਨ ਕਰ ਦਿਤਾ ਹੈ। ਇਹ ਆਗੂ ਹੁਣ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਸ਼ਰਨ ਵਿਚ ਜਾਣ ਵਾਲੇ ਹਨ। ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਵਿਚਲੇ ਕਈ ਅਕਾਲੀ ਆਗੂ ਸੁਖਬੀਰ ਬਾਦਲ ਦਾ ਸਾਥ ਛੱਡ ਕੇ ਜਾ ਚੁੱਕੇ ਹਨ।

ਸੁਖਬੀਰ ਬਾਦਲ ਨੂੰ ਤਾਜ਼ਾ ਝਟਕਾ ਸ਼ੋਮਣੀ ਕਮੇਟੀ ਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਗਰਾਜ ਸਿੰਘ ਦੌਧਰ, ਵਰਕਿੰਗ ਕਮੇਟੀ ਦੇ ਮੈਂਬਰ ਹਰਭੁਪਿੰਦਰ ਸਿੰਘ, ਜਥੇਦਾਰ ਜਮਾਲ ਸਿੰਘ, ਜਰਨੈਲ ਸਿੰੰਘ ਸਮੇਤ ਕਈ ਹੋਰ ਆਗੂਆਂ ਵਲੋਂ ਦਿਤਾ ਗਿਆ ਹੈ।

ਇਨ੍ਹਾਂ ਆਗੂਆਂ ਅਨੁਸਾਰ ਉਹ ਸੁਖਬੀਰ ਬਾਦਲ ਦੀਆਂ ਨੀਤੀਆਂ ਪ੍ਰੇਸ਼ਾਨ ਸਨ ਜਿਸ ਕਾਰਨ ਉਨ੍ਹਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸੁਖਦੇਵ ਸਿੰਘ ਢੀਂਡਸਾ ਦੇ ਸਮਰਥਨ ਦਾ ਐਲਾਨ ਕੀਤਾ ਹੈ। ਇਹ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਢੀਂਡਸਾ ਨੂੰ ਬਿਨਾਂ ਕਿਸੇ ਨੋਟਿਸ ਦੇ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਉਣ ਤੋਂ ਵੀ ਔਖੇ ਹਨ।

ਇਨ੍ਹਾਂ ਆਗੂਆਂ ਨੇ ਸੁਖਬੀਰ ਬਾਦਲ ਦੇ ਇਸ ਫ਼ੈਸਲੇ 'ਤੇ ਨਾਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਢੀਂਡਸਾ ਪਿਓ-ਪੁੱਤਰ ਨੂੰ ਪਾਰਟੀ ਨੂੰ 'ਚੋਂ ਕੱਢਣ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਜਾਨਣ ਲਈ ਨੋਟਿਸ ਦੇਣਾ ਬਣਦਾ ਸੀ, ਜੋ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਤਾਨਾਸ਼ਾਹੀ ਰਵੱਈਆ ਛੱਡ ਕੇ ਪਾਰਟੀ ਦੇ ਮੁਢਲੇ ਸਿਧਾਂਤਾਂ ਦੀ ਗੱਲ ਕਰਨ ਵਾਲੇ ਆਗੂਆਂ ਦੀ ਰਾਏ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ।