ਸਿਧਾਂਤਕਵਾਦੀ ਕਾਫ਼ਲਾ ਹੋਇਆ ਹੋਰ 'ਵਡੇਰਾ' : ਦਰਜਨਾਂ ਅਕਾਲੀ ਆਗੂਆਂ ਨੇ ਦਿਤੇ ਅਸਤੀਫ਼ੇ!

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਤੋਂ ਅੱਕ ਕੇ ਚੁਕਿਐ ਕਦਮ

file photo

ਸੁਨਾਮ ਊਧਮ ਸਿੰਘ ਵਾਲਾ : ਸ਼੍ਰੋਮਣੀ ਅਕਾਲੀ ਦਲ ਵਲੋਂ ਢੀਂਡਸਾ ਪਰਿਵਾਰ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ   ਬਾਅਦ ਵੀ ਪਾਰਟੀ ਅੰਦਰਲਾ ਬਗਾਵਤੀ ਤੂਫ਼ਾਨ ਥੰਮਦਾ ਨਜ਼ਰ ਨਹੀਂ ਆ ਰਿਹਾ। ਹੁਣ ਪਾਰਟੀ ਅੰਦਰਲੇ ਕਈ ਆਗੂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਬਿਨਾਂ ਨੋਟਿਸ ਪਾਰਟੀ ਵਿਚੋਂ ਕੱਢਣ ਤੋਂ ਔਖੇ ਹਨ।

ਇਸ ਤੋਂ ਇਲਾਵਾ ਕਈ ਆਗੂਆਂ ਨੂੰ ਸੁਖਬੀਰ ਬਾਦਲ ਵਲੋਂ ਢੀਂਡਸਾ ਪਰਿਵਾਰ ਖਿਲਾਫ਼ ਵਰਤੀ ਗਈ ਗ਼ੈਰ ਜ਼ਿੰਮੇਵਾਰੀ ਵਾਲੀ ਭਾਸ਼ਾ ਵੀ ਖਟਕ ਰਹੀ ਹੈ। ਇਸ ਨੂੰ ਲੈ ਕੇ ਪਾਰਟੀ ਅੰਦਰਲੇ ਕਈ ਨਾਰਾਜ਼ ਆਗੂ ਪਾਰਟੀ 'ਚੋਂ ਅਸਤੀਫ਼ਾ ਦੇ ਚੁੱਕੇ ਹਨ ਤੇ ਕਈ ਦੇਣ ਵਾਲੇ ਹਨ। ਇਸੇ ਤਹਿਤ ਅੱਜ ਦਰਜਨਾਂ ਅਕਾਲੀ ਆਗੂਆਂ ਨੇ ਅਕਾਲੀ ਦਲ ਦੇ ਸਰਕਲ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅਹੁਦੇਦਾਰੀਆਂ ਤੋਂ ਸਮੂਹਿਕ ਅਸਤੀਫ਼ੇ ਦੇ ਦਿਤੇ ਹਨ।

ਇਥੇ ਪਰਮਿੰਦਰ ਸਿੰਘ ਢੀਂਡਸਾ ਦੇ ਨਿੱਜੀ ਦਫ਼ਤਰ ਵਿਖੇ ਇਕੱਤਰ ਹੋਏ ਅਕਾਲੀ ਆਗੂਆਂ ਗੁਰਚਰਨ ਸਿੰਘ ਧਾਲੀਵਾਲ, ਬਘੀਰਥ ਰਾਏ ਗੋਇਲ, ਯਾਦਵਿੰਦਰ ਸਿੰਘ ਨਿਰਮਾਣ ਅਤੇ ਚਮਕੌਰ ਸਿੰਘ ਮੋਰਾਂਵਾਲੀ ਨੇ ਕਿਹਾ ਕਿ ਸੰਗਰੂਰ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵਿਰੁਧ ਵਰਤੀ ਗ਼ੈਰ ਜ਼ਿੰਮੇਵਾਰੀ ਵਾਲੀ ਭਾਸ਼ਾ ਨੇ ਸਪੱਸ਼ਟ ਕਰ ਦਿਤਾ ਹੈ ਕਿ ਸੁਖਬੀਰ ਮਰਿਆਦਾ ਨੂੰ ਭੁੱਲ ਕੇ ਹੰਕਾਰ ਵਿਚ ਆ ਚੁੱਕਾ ਹੈ ਜਿਸ ਦਾ ਖ਼ਮਿਆਜ਼ਾ ਬਾਦਲ ਪਰਵਾਰ ਨੂੰ ਭੁਗਤਣਾ ਪਵੇਗਾ।  

ਇਸ ਮੌਕੇ ਅਸਤੀਫ਼ੇ ਦੇਣ ਵਾਲਿਆਂ ਵਿਚ  ਮੁਕੇਸ਼ ਕੁਮਾਰ, ਮਾਸਟਰ ਰਚਨਾ ਰਾਮ, ਇੰਦਰਜੀਤ ਸਿੰਘ ਜੋਸ਼, ਲਖਵਿੰਦਰ ਸਿੰਘ ਲੀਲਾ, ਬਾਵਾ ਸਿੰਘ ਢਾਬੇ ਵਾਲਾ, ਸੁਖਵਿੰਦਰ ਸਿੰਘ, ਰਾਮ ਸਿੰਘ, ਮੀਤ ਸਿੰਘ, ਜਸਵਿੰਦਰ ਸਿੰਘ, ਰਾਣਾ ਸਿੰਘ, ਤਰਸੇਮ ਚੌਧਰੀ ਸਮੇਤ ਹੋਰ ਆਗੂ ਹਾਜ਼ਰ ਸਨ।