ਜਲੰਧਰ ਦਾ 3 ਫੁੱਟ 8 ਇੰਚ ਕੱਦ ਦਾ ਮੁੰਡਾ ਬਣਿਆ ਮਿਸਟਰ ਪੰਜਾਬ
ਹੌਸਲੇ ਜਿੰਨ੍ਹਾਂ ਦੇ ਬੁਲੰਦ ਹੁੰਦੇ ਹਨ ਉਹ ਮੰਜਿਲਾਂ ‘ਤੇ ਪੁੱਜਣ ਲਈ ਰਾਹ ਨਹੀਂ ਲੱਭਦੇ...
ਜਲੰਧਰ: ਹੌਸਲੇ ਜਿੰਨ੍ਹਾਂ ਦੇ ਬੁਲੰਦ ਹੁੰਦੇ ਹਨ ਉਹ ਮੰਜਿਲਾਂ ‘ਤੇ ਪੁੱਜਣ ਲਈ ਰਾਹ ਨਹੀਂ ਲੱਭਦੇ ਸਗੋਂ ਆਪਣੇ ਰਾਹ ਖੁਦ ਬਣਾ ਲੈਂਦੇ ਹਨ। ਅਜਿਹੀ ਹੀ ਉਦਾਹਰਨ ਇੱਕ ਜਲੰਧਰ ਦੇ ਰਹਿਣ ਵਾਲੇ ਗਣੇਸ਼ ਕੁਮਾਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ, ਗਣੇਸ਼ ਕੁਮਾਰ ਦੀ ਲੰਬਾਈ 3 ਫੁੱਟ 8 ਇੰਚ ਹੈ ਅਤੇ ਉਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਆਪਣੇ ਹੌਸਲਿਆਂ ਨਾਲ ਆਸਮਾਨ ਵਿਚ ਉਡਾਰੀਆਂ ਲਗਾ ਰਹੇ ਹਨ।
ਇਸ ਦੌਰਾਨ ਸਪੋਕਸਮੈਨ ਟੀਵੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮਿਸਟਰ ਪੰਜਾਬ ਬਣੇ ਗਣੇਸ਼ ਕੁਮਾਰ ਨੇ ਆਪਣੀ ਸਫ਼ਲਤਾ ਬਾਰੇ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਾਡੀ ਬਿਲਡਿੰਗ ਕਰੀਅਰ ਵਿਚ ਮੈਂ ਅਪਣਾ ਨਾਮ ਬਣਾਉਣਾ ਚਾਹੁੰਦਾ ਹਾਂ। ਗਣੇਸ਼ ਨੇ ਕਿਹਾ ਕਿ ਮੇਰੀ ਲੰਬਾਈ ਸ਼ੁਰੂ ਤੋਂ ਹੀ ਘੱਟ ਹੈ, ਬਚਪਨ ਵਿਚ ਮੇਰੀ ਲੰਬਾਈ ਨਾ ਵਧਦੀ ਦੇਖ ਮੇਰੇ ਘਰਦਿਆਂ ਨੇ ਮੈਨੂੰ ਬਹੁਤ ਦਵਾਈਆਂ ਖੁਆਈਆਂ ਪਰ ਕੋਈ ਫਰਕ ਨਹੀਂ ਪਿਆ, ਉਸਤੋਂ ਬਾਅਦ ਮੇਰੇ ਘਰਦਿਆਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਇਸਦੀ ਲੰਬਾਈ ਨਹੀਂ ਵਧ ਸਕਦੀ, ਇਸਤੋਂ ਬਾਅਦ ਮੇਰੇ ਮਾਤਾ ਪਿਤਾ ਨੇ ਮੈਨੂੰ ਡਾਕਟਰਾਂ ਕੋਲ ਲਿਜਾਣਾ ਬੰਦ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਮੈਂ ਬਾਡੀ ਬਿਲਡਿੰਗ ਤੋਂ ਪਹਿਲਾਂ ਫੈਕਟਰੀ ਵਿਚ ਕੰਮ ਕਰਦਾ ਸੀ ਪਰ ਉੱਥੇ ਕੰਮ ਵਧੀਆ ਨਾ ਹੋਣ ਕਾਰਨ ਕੰਮ ਛੱਡ ਦਿੱਤਾ। ਗਣੇਸ਼ ਨੇ ਕਿਹਾ ਕਿ ਜਦੋਂ ਮੈਂ ਕਿਤੇ ਵੀ ਕੰਮ ਲਈਂ ਜਾਂਦਾ ਸੀ ਤਾਂ ਮੈਨੂੰ ਕਹਿਦੇ ਹੁੰਦੇ ਸੀ ਕਿ ਤੇਰੀ ਲੰਬਾਈ ਛੋਟੀ ਹੈ ਤੇ ਭਾਰ ਵਾਲਾ ਕੰਮ ਨਹੀਂ ਕਰ ਸਕਦਾ, ਤੇਰੇ ਲਈ ਸਾਡੇ ਕੋਲ ਕੋਈ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹਰ ਥਾਂ ਤੋਂ ਰਿਜੈਕਟ ਕੀਤਾ ਜਾਂਦਾ ਸੀ ਤੇ ਮੇਰੇ ਨਾਲ ਦੋ ਵਾਰ ਫਰਾਉਡ ਵੀ ਹੋ ਚੁੱਕਿਆ ਹੈ।
ਗਣੇਸ਼ ਨੇ ਕਿਹਾ ਕਿ ਬਾਡੀ ਬਿਲਡਿੰਗ ਲਾਈਨ ਵਿਚ ਆਉਣ ਤੋਂ ਪਹਿਲਾਂ ਗਗਨਦੀਪ ਸਿੰਘ ਮਿਲੇ ਤੇ ਉਨ੍ਹਾਂ ਨਾਲ ਮੈਂ 2 ਸਾਲ ਤੋਂ ਵੱਧ ਸਮਾਂ ਰਿਹਾਂ ਹਾਂ, ਉਸਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਇਹ ਇੱਕ ਅਜਿਹੀ ਲਾਈਨ ਹੈ ਜਿਸ ਵਿਚ ਲੰਬਾਈ ਨਹੀਂ ਦੇਖੀ ਜਾਂਦੀ। ਗਣੇਸ਼ ਨੇ ਦੱਸਿਆ ਕਿ ਮੈਂ ਹੁਣ ਤੱਕ 2 ਮੁਕਾਬਲੇ ਖੇਡ ਚੁੱਕਿਆ ਹਾਂ, ਪਹਿਲਾਂ ਮੁਕਾਬਲਾ ਮੇਰਾ ਜਲੰਧਰ ਹੋਇਆ ਸੀ ਜਿਸ ਵਿਚ ਮੈਨੂੰ ਮਿਸਟਰ ਜਲੰਧਰ ਚੁਣਿਆ ਗਿਆ ਸੀ।
ਉਸਤੋਂ ਬਾਅਦ ਦੂਜਾ ਮੁਕਾਬਲਾ ਮੇਰਾ ਦਸੂਹਾ ਵਿਚ ਹੋਇਆ ਜਿੱਥੇ ਮੈਨੂੰ ਮਿਸਟਰ ਪੰਜਾਬ ਦੇ ਤੀਜੇ ਨੰਬਰ ਲਈ ਚੁਣਿਆ ਗਿਆ। ਗਣੇਸ਼ ਨੇ ਕਿਹਾ ਕਿ ਮੈਂ ਆਪਣੇ ਭਵਿੱਖ ਵਿਚ ਮਹਾਨ ਬਾਡੀ ਬਿਲਡਰ ਬਣਨਾ ਚਾਹੁੰਦਾ ਹਾਂ ਕਿ ਹਾਰ ਮੰਨ ਲੈਣ ਵਾਲੇ ਨੌਜਵਾਨ ਮੇਥੋਂ ਸਿੱਖਿਆ ਲੈਣ ਕਿ ਅਸੀਂ ਵੀ ਕੁਝ ਸਕਦੇ ਹਾਂ।