ਕੈਪਟਨ ਵੱਲੋਂ ਚੋਣ ਮੁਹਿੰਮ 'ਚ ਸੈਨਿਕਾਂ ਦੀਆਂ ਤਸਵੀਰਾਂ ਦੀ ਵਰਤੋਂ ਨਾ ਕਰਨ ਦੇ ਨਿਰਦੇਸ਼ਾਂ ਦਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਦੌਰਾਨ ਰੱਖਿਆ ਸੈਨਿਕਾਂ ਨਾਲ ਸਬੰਧਤ ਤਸਵੀਰਾਂ ਦੀ ਵਰਤੋਂ ਵਿਰੁੱਧ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦਾ ਸਵਾਗਤ...

Indian army dress

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਦੌਰਾਨ ਰੱਖਿਆ ਸੈਨਿਕਾਂ ਨਾਲ ਸਬੰਧਤ ਤਸਵੀਰਾਂ ਦੀ ਵਰਤੋਂ ਵਿਰੁੱਧ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦਾ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਲਾਹਾ ਖੱਟਣ ਲਈ ਰੱਖਿਆ ਸੈਨਾਵਾਂ ਦੇ ਸਿਆਸੀਕਰਨ ਦਾ ਅੰਤ ਕਰਨ ਦਾ ਸੱਦਾ ਦਿੱਤਾ ਹੈ।

ਇਕ ਬਿਆਨ 'ਚ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਫ਼ੌਜ ਦੇ ਸਿਆਸੀਕਰਨ ਰਾਹੀਂ ਸ਼ੌਹਰਤ ਖੱਟਣੀ ਉਨ੍ਹੀਂ ਹੀ ਗ਼ਲਤ ਹੈ, ਜਿੰਨੀ ਸਿਆਸੀ ਲਾਹਾ ਖੱਟਣ ਲਈ ਰੱਖਿਆ ਸੈਨਾਵਾਂ ਦੀਆਂ ਤਸਵੀਰਾਂ ਵਰਤਣਾ ਹੈ। ਚੋਣ ਕਮਿਸ਼ਨ ਨੇ ਸਨਿਚਰਵਾਰ ਨੂੰ ਮੁਲਕ ਦੀਆਂ ਸਾਰੀਆਂ ਕੌਮੀ ਤੇ ਖੇਤਰੀ ਪਾਰਟੀਆਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਆਖਿਆ ਸੀ ਕਿ ਆਪਣੇ ਚੋਣ ਪ੍ਰਚਾਰ ਜਾਂ ਮੁਹਿੰਮ ਦੌਰਾਨ ਇਸ਼ਤਿਹਾਰਾਂ ਜਾਂ ਹੋਰ ਕਿਸੇ ਵੀ ਤਰ੍ਹਾਂ ਰੱਖਿਆ ਸੈਨਾਵਾਂ ਦੀਆਂ ਤਸਵੀਰਾਂ ਜਾਂ ਰੱਖਿਆ ਸੈਨਾਵਾਂ ਦੀ ਸ਼ਮੂਲੀਅਤ ਵਾਲੇ ਸਮਾਗਮਾਂ ਵਾਲੀਆਂ ਤਸਵੀਰਾਂ ਛਾਪਣ ਤੋਂ ਸੰਕੋਚ ਵਰਤਿਆ ਜਾਵੇ।

ਹਥਿਆਰਬੰਦ ਸੈਨਾਵਾਂ ਦੇ ਸਿਆਸੀਕਰਨ ਵਿਰੁੱਧ ਚਿਤਾਵਨੀ : ਸਿਆਸੀ ਪਾਰਟੀਆਂ ਨੂੰ ਰੱਖਿਆ ਸੈਨਾਵਾਂ ਦੇ ਸਿਆਸੀਕਰਨ ਦੀ ਕਿਸੇ ਵੀ ਕੋਸ਼ਿਸ਼ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਚੋਣ ਕਮਿਸ਼ਨ ਨੇ ਕੰਟਰੋਲ ਰੇਖਾ ਤੋਂ ਪਾਰ ਹਾਲ ਹੀ ਵਿੱਚ ਭਾਰਤੀ ਹਵਾਈ ਫ਼ੌਜ ਦੀ ਸਰਜੀਕਲ ਸਟਰਾਈਕ ਦੇ ਮੱਦੇਨਜ਼ਰ ਸਿਆਸੀ ਲਾਹਾ ਖੱਟਣ ਲਈ ਅਜਿਹੀਆਂ ਤਸਵੀਰਾਂ ਵਰਤਣ ਦੇ ਸ਼ਰਮਨਾਕ ਅਮਲ ਦਾ ਨੋਟਿਸ ਲਿਆ ਹੈ। ਮੁੱਖ ਮੰਤਰੀ ਜੋ ਖੁਦ ਸਾਬਕਾ ਫ਼ੌਜੀ ਹਨ, ਨੇ ਕਿਹਾ ਕਿ ਫ਼ੌਜ ਜਾਤ, ਧਰਮ ਅਤੇ ਸਿਆਸੀ ਵਿਚਾਰਧਾਰਾਵਾਂ ਵਰਗੀਆਂ ਸੌੜੀਆਂ ਵਲਗਣਾਂ ਤੋਂ ਉੱਪਰ ਹੁੰਦੀ ਹੈ ਅਤੇ ਜੇ ਭਾਰਤ ਨੇ ਪ੍ਰਭੂਸੱਤਾ ਸੰਪੰਨ ਮੁਲਕ ਰਹਿਣਾ ਹੈ ਤਾਂ ਫ਼ੌਜ ਦਾ ਮੌਜੂਦਾ ਸਰੂਪ ਬਰਕਰਾਰ ਰੱਖਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਸਰਹੱਦ 'ਤੇ ਨਾਜ਼ੁਕ ਸਥਿਤੀ ਮੌਕੇ ਫੌਜ ਜਿਵੇਂ ਚਾਹੇ, ਉਸੇ ਤਰ੍ਹਾਂ ਨਜਿੱਠਣ ਲਈ ਖੁੱਲ੍ਹ ਦੇਣ ਦੀ ਜ਼ੋਰਦਾਰ ਵਕਾਲਤ ਕੀਤੀ।