ਕਿਸਾਨਾਂ ਦੇ ਬਾਈਕਾਟ ਦਰਮਿਆਨ ਪਾਵਰਕੌਮ ਮੁਲਾਜ਼ਮ ਵਰਤਣਗੇ ਜੀਓ ਦੇ ਸਿੰਮ, ਫ਼ੈਸਲੇ 'ਤੇ ਉਠਣ ਲੱਗੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਵਰਕੌਮ, ਮੁਲਾਜ਼ਮਾਂ ਨੂੰ ਹੁਕਮ, ਕਿਸਾਨ ਜਥੇਬੰਦੀਆਂ, ਜੀਓ ਦਾ ਬਾਈਕਾਟ, ਹੁਕਮ ਜਾਰੀ

jio sims

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਤਹਿਤ ਜੀਓ ਸਿੰਮ ਵਰਤਣ ਦੀ ਮਨਾਹੀ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਅੰਦਰ ਵੱਡੀ ਗਿਣਤੀ ਜੀਓ ਸਿੰਮਾਂ ਨੂੰ ਦੂਸਰੇ ਨੈੱਟਵਰਕ ਵਿਚ ਤਬਦੀਲ ਕਰਵਾਇਆ ਜਾ ਚੁੱਕਾ ਹੈ। ਇਸੇ ਦਰਮਿਆਨ ਪਾਵਰਕੌਮ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਜੀਓ ਸਿੰਮ ਵਰਤਣ ਲਈ ਜਾਰੀ ਕੀਤੇ ਹੁਕਮਾਂ ਨੂੰ ਲੈ ਕੇ ਵਿਵਾਦ ਛਿੜ ਪਿਆ ਹੈ। ਜਾਣਕਾਰੀ ਮੁਤਾਬਕ ਪਾਵਰਕੌਮ ਵੱਲੋਂ ਇਸ ਸਬੰਧੀ ਜਾਰੀ ਪੱਤਰ ਵਿਚ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਹੁਣ ਵੋਡਾਫੋਨ ਦੀ ਤਾਂ ਜੀਓ ਦੀਆਂ ਸਿੰਮਾਂ ਜਾਰੀ ਕੀਤੀ ਜਾਣਗੀਆਂ।

ਵਿਭਾਗ ਵੱਲੋਂ ਸਾਰੇ ਹਲਕਿਆਂ ਅਧੀਨ ਹੁਣ ਤਕ ਜਾਰੀ ਹੋਏ ਵੋਡਾਫੋਨ ਮੋਬਾਈਲ ਸਿੰਮ ਕਾਰਡਾਂ ਬਾਰੇ ਸੂਚਨਾ ਤਿਆਰ ਕਰਕੇ ਅੱਜ ਦੁਪਹਿਰ 3 ਵਜੇ ਤਕ ਹਰ ਹਾਲਤ 'ਚ ਭੇਜਣ ਲਈ ਕਿਹਾ ਗਿਆ ਹੈ। ਸੂਤਰਾਂ ਮੁਤਾਬਕ ਪਾਵਰਕੌਮ ਮੈਨੇਜਮੈਂਟ ਤੇ ਰਿਲਾਇੰਸ ਜੀਓ ਵਿਚਾਲੇ ਇਸ ਸਬੰਧੀ ਸਮਝੌਤਾ ਹੋਣ ਜਾ ਰਿਹਾ ਹੈ। ਪਾਵਰਕੌਮ ਵੱਲੋਂ ਪੱਤਰ ਨੰਬਰ 25/9/2522 ਮਿਤੀ 1/3/ 2021, ਉਪ ਮੁੱਖ ਇੰਜਨੀਅਰ ਵੰਡ ਉੱਤਰ ਜ਼ੋਨ ਜਲੰਧਰ ਵੱਲੋਂ ਭੇਜਿਆ ਜਾ ਰਿਹਾ ਹੈ।

ਇਸ ਮੁਤਾਬਕ ਅਦਾਰੇ ਅੰਦਰ ਵੋਡਾਫੋਨ ਮੋਬਾਈਲ ਸਿਮ ਦੀ ਥਾਂ ਹੁਣ ਰਿਲਾਇੰਸ ਜੀਓ ਦੇ ਸਿੰਮ ਜਾਰੀ ਕੀਤੇ ਜਾਣ ਸਬੰਧੀ ਸੂਚਿਤ ਕਰਦਿਆਂ ਵੋਡਾਫੋਨ ਦੇ ਪਹਿਲਾਂ ਤੋਂ ਚੱਲ ਰਹੇ ਸਿੰਮਾਂ ਦਾ ਵੇਰਵਾ ਮੰਗਿਆ ਗਿਆ ਹੈ। ਪਾਵਰਕੌਮ ਦੇ ਸੂਤਰਾਂ ਮੁਤਾਬਕ ਰਿਲਾਇੰਸ ਜੀਓ ਦੇ ਘੱਟ ਰੇਟ ਕਾਰਨ ਅਦਾਰੇ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਇਸ ਕੰਪਨੀ ਦੇ ਸਿੰਮ ਦਿੱਤੇ ਜਾਣਗੇ। ਅਜਿਹੇ ਸਿੰਮਾਂ ਦੀ ਵਰਤੋਂ ਸਬੰਧੀ ਭਾਵੇਂ ਮੁਲਾਜ਼ਮਾਂ ਨੂੰ ਅਦਾਰੇ ਵੱਲੋਂ ਕੋਈ ਪੈਸਾ ਅਦਾ ਨਹੀਂ ਕੀਤਾ ਜਾਂਦਾ ਫਿਰ ਵੀ ਫੈਸਲਾ ਲਾਗੂ ਕਰਨ ਦਾ ਅਧਿਕਾਰ ਮੈਨੇਜਮੈਂਟ ਦਾ ਹੈ।

ਦੂਜੇ ਪਾਸੇ ਇਸ ਨੂੰ ਲੈ ਕੇ ਜਿੱਥੇ ਪਾਵਰਕੌਮ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਰਿਹਾ ਹੈ, ਉਥੇ ਹੀ ਸਰਕਾਰ ਤੋਂ ਵੀ ਸਵਾਲ ਪੁੱਛੇ ਜਾ ਰਹੇ ਹਨ। ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਮੁਤਾਬਕ  ਅਜਿਹੇ ਫੈ਼ਸਲੇ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਹਨ। ਕੁੱਝ ਇਸੇ ਤਰ੍ਹਾਂ ਦੇ ਇਲਜਾਮ ਕੇਂਦਰ ਸਰਕਾਰ 'ਤੇ ਵੀ ਲੱਗਦੇ ਰਹੇ ਹਨ। ਚੀਨ ਨਾਲ ਸਰਹੱਦੀ ਵਿਵਾਦ ਤੋਂ ਬਾਅਦ ਲੋਕਾਂ ਅੰਦਰ ਚੀਨੀ ਸਮਾਨ ਦੀ ਵਰਤੋਂ ਨੂੰ ਲੈ ਕੇ ਲਹਿਰ ਖੜੀ ਹੋ ਗਈ ਅਤੇ ਲੋਕਾਂ ਨੇ ਚੀਨੀ ਸਮਾਨ ਦੇ ਬਾਈਕਾਟ ਕੀਤਾ ਸੀ। ਇਸ ਅਰਸੇ ਦੌਰਾਨ ਹੀ ਕੁੱਝ ਚੀਨੀ ਕੰਪਨੀਆਂ ਵੱਲੋਂ ਭਾਰਤ ਅੰਦਰ ਕਾਰੋਬਾਰ ਵਧਾਉਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਲੋਕਾਂ ਵੱਲੋਂ ਸਰਕਾਰਾਂ ਦੀਆਂ ਅਜਿਹੀਆਂ ਨੀਤੀਆਂ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ।