ਇਹ ਜਿੱਤ ਕਿਸੇ ਚਮਤਕਾਰ ਤੋਂ ਘੱਟ ਨਹੀਂ, ਹੁਣ 2032 ਤੱਕ ਪੰਜਾਬ 'ਚ ਸਿਰਫ਼ ਝਾੜੂ ਚੱਲੇਗਾ- ਰਾਘਵ ਚੱਢਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੀ ਧਮਾਕੇਦਾਰ ਜਿੱਤ ਮਗਰੋਂ ਰਾਘਵ ਚੱਢਾ ਦਾ ਇੰਟਰਵਿਊ

Raghav Chadha

ਚੰਡੀਗੜ੍ਹ (ਨਿਮਰਤ ਕੌਰ): ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਪਾਰਟੀ ਵਿਚ ਸਭ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਪਰਮਾਤਮਾ ਨੇ ਅਪਣਾ ਮਿਹਰ ਭਰਿਆ ਹੱਥ ਸਾਡੇ ਉੱਤੇ ਰੱਖਿਆ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ’ਤੇ ਇਹ ਗੱਲ ਲਾਗੂ ਹੁੰਦੀ ਹੈ ਕਿ "ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ"।

Bhagwant Mann

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਇਹ ਕੋਈ ਆਮ ਜਿੱਤ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ ਕਿ ਪੰਜਾਬੀਆਂ ਨੇ ਬੀਤੇ 40 ਸਾਲਾਂ ਤੋਂ ਰਾਜ ਕਰਨ ਵਾਲੇ ਬਾਬਾ ਬੋਹੜ ਵਰਗਿਆਂ ਲੋਕਾਂ ਦੇ ਸਿੰਘਾਸਣ ਹਿਲਾ ਕੇ ਰੱਖ ਦਿੱਤੇ। ਰਾਘਵ ਚੱਢਾ ਨੇ ਕਿਹਾ ਕਿ ਅਸੀਂ ਆਮ, ਇਮਾਨਦਾਰ ਅਤੇ ਸਾਫ਼ ਸੁਥਰੇ ਲੋਕ ਹਾਂ। ਭਗਵੰਤ ਮਾਨ ਤਾਂ ਕੱਟੜ ਇਮਾਨਦਾਰ ਹਨ, ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੇ ਪੰਜਾਬ ਦੇ ਹਰ ਵਿਅਕਤੀ ਦੇ ਦਿਲ ਵਿਚ ਥਾਂ ਬਣਾ ਲਈ ਹੈ। ਲੋਕਾਂ ਨੇ ਜਾਤ ਅਤੇ ਧਰਮ ਦੇ ਨਾਂਅ ’ਤੇ ਵੋਟ ਮੰਗਣ ਵਾਲੀਆਂ ਰਵਾਇਤੀ ਪਾਰਟੀਆਂ ਨੂੰ ਕਿਨਾਰੇ ਕਰ ਦਿੱਤਾ ਹੈ।

Raghav Chadha

ਪੰਜਾਬ ਤੋਂ ਵਾਪਸ ਦਿੱਲੀ ਜਾਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਹ ਪੰਜਾਬ ਨੂੰ ਅਲਵਿਦਾ ਨਹੀਂ ਕਹਿ ਸਕਦੇ ਕਿਉਂਕਿ ਪੰਜਾਬ ਉਹਨਾਂ ਦਾ ਅਪਣਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸਿਰਫ ਪੰਜਾਬ ਵਿਚ ਚੋਣਾਂ ਲੜਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਉਹਨਾਂ ਨੇ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਈ ਅਤੇ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਹਨਾਂ ਕਿਹਾ ਕਿ ਅੱਗੇ ਦੀ ਵਾਗਡੋਰ ਭਗਵੰਤ ਮਾਨ ਨੂੰ ਸੌਂਪੀ ਗਈ ਹੈ, ਹੁਣ ਉਹ ਪੰਜਾਬ ਦੀ ਅਗਵਾਈ ਕਰਨਗੇ।

Raghav Chadha

ਰਾਘਵ ਚੱਢਾ ਨੇ ਕਿਹਾ ਕਿ ਭਗਵੰਤ ਮਾਨ 2022 ਤੋਂ ਬਾਅਦ 2027 ਤੇ 2032 ਵਿਚ ਵੀ ਪੰਜਾਬ ਦੀ ਵਾਗਡੋਰ ਸੰਭਾਲਣਗੇ। ਜਿਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ, ਉਹ ਹੋਰ ਪਾਰਟੀਆਂ ਨੂੰ ਭੁੱਲ ਗਏ, ਪੰਜਾਬ ਦੇ ਲੋਕ ਵੀ ਰਵਾਇਤੀ ਪਾਰਟੀਆਂ ਨੂੰ ਭੁੱਲ ਜਾਣਗੇ। ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਨੇ ਸਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਇਕ ਲੋਕ ਪੱਖੀ ਸਰਕਾਰ ਹੋਵੇਗੀ ਅਤੇ ਅਸੀਂ ਬਿਨ੍ਹਾਂ ਕਿਸੇ ਭੇਦਭਾਵ ਤੋਂ ਹਰ ਵਿਅਕਤੀ ਲਈ ਕੰਮ ਕਰਾਂਗੇ। ਅਸੀਂ ਪੰਜਾਬ ਨੂੰ ‘ਉਡਤਾ ਪੰਜਾਬ’ ਤੋਂ ‘ਉੱਠਦਾ ਪੰਜਾਬ’ ਬਣਾਉਣ ਲਈ ਕੰਮ ਕਰਾਂਗੇ। ਅਸੀਂ ਸਾਰਿਆਂ ਦੀਆਂ ਉਮੀਦਾਂ ’ਤੇ ਖਰੇ ਉਤਰਾਂਗੇ।

2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਗੱਲ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦਾ ਰਾਸ਼ਟਰੀ ਅਤੇ ਕੁਦਰਤੀ ਬਦਲ ਬਣੇਗੀ। ਉਹਨਾਂ ਕਿਹਾ ਕਿ ‘ਆਪ’ ਦੇਸ਼ ਵਿਚ ਰਾਸ਼ਟਰੀ ਬਲ ਵਜੋਂ ਉੱਭਰੀ ਹੈ। ਰਾਘਵ ਚੱਢਾ ਦਾ ਕਹਿਣਾ ਹੈ ਕਿ ਜਦੋਂ ਭਾਜਪਾ ਬਣੀ ਸੀ ਤਾਂ ਉਸ ਕੋਲ ਕਈ ਦਹਾਕਿਆਂ ਦਾ ਤਜ਼ਰਬਾ, ਫੌਜ ਅਤੇ ਸਿਸਟਮ ਸੀ, ਉਦੋਂ ਵੀ ਭਾਜਪਾ ਨੂੰ ਅਪਣਾ ਪਹਿਲਾ ਸੂਬਾ ਜਿੱਤਣ ਵਿਚ 10 ਸਾਲ ਲੱਗੇ ਸੀ ਜਦਕਿ ਆਪ ਨੇ 10 ਸਾਲਾਂ ਤੋਂ ਘੱਟ ਸਮੇਂ ਵਿਚ 2 ਸੂਬੇ ਜਿੱਤੇ। ਜਿੱਥੇ ਵੀ ਲੋਕ ਬਦਲ ਚਾਹੁੰਦੇ ਹਨ, ਉੱਥੇ ਆਮ ਆਦਮੀ ਪਾਰਟੀ ਨੂੰ ਖੜ੍ਹਾ ਕਰ ਦਿੰਦੇ ਹਨ।

Arvind Kejirwal

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਮਾਡਲ ਸਿਰਫ ਇਹਨਾਂ ਦੋ ਸੂਬਿਆਂ ਵਿਚ ਹੀ ਲਾਗੂ ਨਹੀਂ ਰਹੇਗਾ, ਇਸ ਨੂੰ ਕਸ਼ਮੀਰ ਤੋਂ ਕੇਰਲ ਅਤੇ ਅਸਮ ਤੋਂ ਗੁਜਰਾਤ ਤੱਕ ਹਰ ਸੂਬੇ ਵਿਚ ਲਿਆਂਦਾ ਜਾਵੇਗਾ। ਇਸ ਦੇਸ਼ ਦਾ ਹਰ ਆਮ ਨਾਗਰਿਕ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦੀ ਸਰਕਾਰ ਚਾਹੁੰਦਾ ਹੈ। ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਪੰਜਾਬੀਆਂ ਨੂੰ ਸਾਫ ਸੁਥਰੀ ਸਰਕਾਰ ਦਿੱਤੀ ਜਾਵੇਗੀ ਅਤੇ ਭ੍ਰਿਸ਼ਟਾਚਾਰ ਤੇ ਮਾਫੀਆ ਦੀ ਪੁਰਾਣੀ ਰੀਤ ਨੂੰ ਖਤਮ ਕੀਤਾ ਜਾਵੇਗਾ।