ਵਿਦੇਸ਼ ‘ਚ ਪੰਜਾਬੀ ਦੀ ਮੌਤ ਨੂੰ ਲੈ ਕੇ ਹਾਈ ਕੋਰਟ ਨੇ MEA ਨੂੰ ਜਾਰੀ ਕੀਤੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਊਦੀ ਅਰਬ ਵਿਚ ਇਕ ਪੰਜਾਬੀ ਦੀ ਮੌਤ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ MEA ਨੂੰ ਨਿਰਦੇਸ਼ ਜਾਰੀ ਕੀਤੇ ਹਨ।

Punjab and Haryana High Court

ਚੰਡੀਗੜ੍ਹ: ਉਹ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਫਰਵਰੀ ਵਿਚ ਸਾਊਦੀ ਅਰਬ ਦੇ ਅਧਿਕਾਰੀਆਂ ਵੱਲੋਂ ਕਤਲ ਦੇ ਕੇਸ ‘ਚ ਮੌਤ ਦੀ ਸਜ਼ਾ ਦਿੱਤੀ ਗਈ ਸੀ, ਪਰ ਮੌਤ ਤੋਂ ਬਾਅਦ ਵੀ ਅਧਿਕਾਰੀਆਂ ਵੱਲੋਂ ਉਸਦੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ MEA (ministry of external affairs) ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਉਸ ਬਾਰੇ ਸਾਰੀ ਜਾਣਕਾਰੀ ਹਾਸਿਲ ਕਰਨ।

ਹਾਈ ਕੋਰਟ ਨੇ ਇਹ ਨਿਰਦੇਸ਼ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੱਟੀ ਕੁਲਾਂ ਪਿੰਡ ਦੀ ਰਹਿਣ ਵਾਲੀ ਸੀਮਾ ਰਾਣੀ ਦੀ ਪਟੀਸ਼ਨ ਤੋਂ ਬਾਅਦ ਦਿੱਤੇ ਹਨ। ਜਿਸਦਾ ਪਤੀ ਸਤਵਿੰਦਰ ਕੁਮਾਰ 2015-16 ਤੋਂ ਪਹਿਲਾਂ ਇਕ ਕਤਲ ਦੇ ਕੇਸ ਵਿਚ ਰਿਯਾਦ ਜੇਲ ਵਿਚ ਕੈਦ ਸੀ। 35 ਸਾਲਾਂ ਸਤਵਿੰਦਰ ਅਤੇ ਸੀਮਾ ਕੋਲ ਇਕ 9 ਸਾਲਾਂ ਦੀ ਲੜਕੀ ਹੈ। 34 ਸਾਲਾਂ ਸੀਮਾ ਦਾ ਕਹਿਣਾ ਹੈ ਕਿ ਉਸਨੇ ਆਪਣੇ ਪਤੀ ਨਾਲ ਆਖਰੀ ਵਾਰ 21 ਫਰਵਰੀ ਨੂੰ ਗੱਲ ਕੀਤੀ ਸੀ। 5 ਮਾਰਚ ਨੂੰ ਉਸਨੂੰ ਕਿਸੇ ਰਿਸ਼ਤੇਦਾਰ ਨੇ ਦੱਸਿਆ ਕਿ ਉਸਦੇ ਪਤੀ ਨੂੰ 28 ਫਰਵਰੀ ਨੂੰ ਕਤਲ ਦੇ ਕੇਸ ਵਿਚ ਮੌਤ ਦੀ ਸਜ਼ਾ ਦਿੱਤੀ ਗਈ।

ਇਸ ਸੰਵੇਦਨਸ਼ੀਲ ਮਾਮਲੇ ਬਾਰੇ ਜਾਣਨ ਤੋਂ ਬਾਅਦ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਨੇ ਸੋਮਵਾਰ ਨੂੰ MEA ਕਾਂਊਸਿਲ ਨੂੰ ਕਿਹਾ ਕਿ ਉਹ ਸਾਊਦੀ ਅਰਬ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਅਤੇ 7 ਦਿਨਾਂ ਦੇ ਅੰਦਰ ਹੀ ਸਤਵਿੰਦਰ ਕੁਮਾਰ ਬਾਰੇ ਉਸਦੀ ਪਤਨੀ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਜਾਵੇ। ਨਿਰਦੇਸ਼ ਦੀ ਕਾਪੀ MEA ਕਾਊਂਸਿਲ ਨੂੰ ਦੇ ਦਿੱਤੀ ਗਈ ਹੈ ਤਾਂ ਜੋ ਮਾਮਲੇ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਸਕੇ। ਆਪਣੀ ਅਰਜ਼ੀ ਵਿਚ ਸੀਮਾ ਨੇ ਕਿਹਾ ਕਿ ਉਸਦਾ ਪਤੀ 2013 ਵਿਚ ਸਾਊਦੀ ਅਰਬ ਦੀ ਅਲ-ਮਾਜ਼ਿਦ ਨਾਂਅ ਦੀ ਕੰਪਨੀ ਵਿਚ ਕੰਮ ਕਰਨ ਗਿਆ ਸੀ।

2015-16 ਵਿਚ ਸਤਵਿੰਦਰ ਨੂੰ ਕਤਲ ਦੇ ਕੇਸ ਵਿਚ ਗ੍ਰਿਫਤਾਰ ਕਰ ਲਿਆ ਸੀ ਅਤੇ ਰਿਯਾਦ ਜੇਲ ਵਿਚ ਉਸ ਨੂੰ ਕੈਦ ਕੀਤਾ ਗਿਆ। ਸੀਮਾ ਨੇ ਕਿਹਾ ਕਿ ਉਸਦਾ ਪਤੀ ਉਸ ਨੂੰ ਜੇਲ ਵਿਚੋਂ ਫੋਨ ਵੀ ਕਰਦਾ ਸੀ ਅਤੇ ਉਸਨੇ ਸੀਮਾ ਨੂੰ ਆਪਣੇ ਖਿਲਾਫ ਚੱਲ ਰਹੇ ਕੇਸ ਬਾਰੇ ਵੀ ਦੱਸਿਆ। ਪਟੀਸ਼ਨਰ ਦੇ ਸਲਾਹਕਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸੀਮਾ ਨੇ ਆਪਣੇ ਪਤੀ ਦੀ ਮਦਦ ਲਈ MEA ਅਤੇ ਸਾਊਦੀ ਅਰਬ ਦੀਆਂ ਭਾਰਤੀ ਅੰਬੈਸੀਆਂ ਦੇ ਕਈ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ।

ਵਕੀਲ ਨੇ ਕਿਹਾ ਕਿ ਉਸਨੇ ਬੀਜੇਪੀ ਦੇ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਯੂਨੀਅਨ ਮੰਤਰੀ ਵਿਜੈ ਸਾਂਪਲਾ ਦੀ ਮਦਦ ਨਾਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਸੰਪਰਕ ਕੀਤਾ, ਪਰ ਕਿਸੇ ਵੀ ਅਧਿਕਾਰੀ ਵੱਲੋਂ ਸਤਵਿੰਦਰ ਦੀ ਮਦਦ ਲਈ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ।

ਪਟੀਸ਼ਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਾਊਦੀ ਅਰਬ ਦੇ ਅਧਿਕਾਰੀਆਂ ਤੋਂ ਕਥਿਤ ਰੂਪ ਵਿਚ ਈ-ਮੇਲ ਵੀ ਪ੍ਰਾਪਤ ਕੀਤੀ ਗਈ। ਪਟੀਸ਼ਨਰ ਦੇ ਸਲਾਹਕਾਰ ਨੇ ਕਿਹਾ ਕਿ ਈ-ਮੇਲ ਮਿਲਣ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿਚ ਹੈ, ਅਤੇ ਸਤਵਿੰਦਰ ਬਾਰੇ ਜਾਣਨਾ ਚਾਹੁੰਦਾ ਹੈ। ਸਲਾਹਕਾਰ ਦਾ ਕਹਿਣਾ ਹੈ ਕਿ ਸਤਵਿੰਦਰ ਦੇ ਨਾਲ ਪੰਜਾਬ ਦੇ ਇਕ ਹੋਰ ਵਾਸੀ ਹਰਜੀਤ ਸਿੰਘ ਨੂੰ ਵੀ ਮਾਰ ਦਿੱਤਾ ਗਿਆ ਸੀ।