ਹਾਈ ਕੋਰਟ ਵਲੋਂ ਰੋਹਤਕ ਸਮੂਹਕ ਬਲਾਤਕਾਰ ਦੇ ਦੋਸ਼ੀਆਂ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਸ਼ੀਆਂ ਦੀਆਂ ਜਾਇਦਾਦਾਂ ਵੇਚ ਕੇ ਦਿਤਾ ਜਾਵੇਗਾ ਮੁਆਵਜ਼ਾ

Punjab & Haryana High Court

ਚੰਡੀਗੜ (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੋਹਤਕ ਗੈਂਗਰੇਪ ਦੇ ਦੋਸ਼ੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਮਾਮਲਾ ਫ਼ਰਵਰੀ 2015 ਦਾ ਹੈ। ਮੁਲਜ਼ਮਾਂ ਨੇ ਇਕ ਨੇਪਾਲੀ ਮੂਲ ਦੀ ਮੁਟਿਆਰ ਨੂੰ ਅਗ਼ਵਾ ਕਰ ਕੇ ਗੈਂਗਰੇਪ ਕੀਤਾ ਸੀ। ਇਸ ਤੋਂ  ਪਹਿਲਾਂ ਰੋਹਤਕ ਜ਼ਿਲ੍ਹਾ ਅਦਾਲਤ ਨੇ 9 ਵਿਚੋਂ 7 ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਜ਼ਿਲ੍ਹਾ ਅਦਾਲਤ ਦੇ ਇਸ ਫ਼ੈਸਲੇ ਨੂੰ ਦੋਸ਼ੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਣੋਤੀ ਦਿਤੀ ਸੀ। ਹਾਈ ਕੋਰਟ ਨੇ 6 ਦੋਸ਼ੀਆਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਇਨ੍ਹਾਂ 'ਚੋਂ ਇਕ ਨੇ ਫ਼ਾਂਸੀ ਲਾ ਕੇ ਆਤਮ ਹਤਿਆ ਕਰ ਲਈ ਸੀ। 

ਹਾਈ ਕੋਰਟ ਦੇ ਜਸਟਿਸ ਏ.ਬੀ. ਚੌਧਰੀ 'ਤੇ ਆਧਾਰਤ ਡਿਵਿਜਨ ਬੈਂਚ  ਨੇ ਇਸ ਮਾਮਲੇ ਨੂੰ 'ਰੇਅਰ ਆਫ਼ ਰੇਇਰੇਸਟ' ਮੰਨਿਆ ਹੈ। ਹਾਈ ਕੋਰਟ ਨੇ ਸਰਕਾਰ ਨੂੰ ਦੋਸ਼ੀਆਂ ਦੀ ਸੰਪਤੀ ਨੂੰ ਵੇਚ ਕੇ ਪੰਜਾਹ ਲੱਖ ਰੁਪਏ ਵਸੂਲਣ ਦਾ ਵੀ ਆਦੇਸ਼ ਦਿਤਾ ਹੈ। ਦਸਣਯੋਗ ਹੈ ਕਿ ਫ਼ਰਵਰੀ 2015 ਨੂੰ ਸੱਤ ਜਣਿਆਂ  ਨੇ ਨੇਪਾਲੀ ਮੁਟਿਆਰ ਦਾ ਅਗ਼ਵਾ ਕਰ ਕੇ ਗੈਂਗਰੇਪ ਕੀਤਾ ਸੀ। ਬਾਅਦ ਵਿਚ ਬੇਰਹਿਮੀ ਨਾਲ ਮੁਟਿਆਰ ਦੀ ਹਤਿਆ ਕਰ ਦਿਤੀ ਗਈ। 

ਪੋਸਟ ਮਾਰਟਮ ਵਿਚ ਖੁਲਾਸਾ ਹੋਇਆ ਸੀ ਕਿ ਮੁਟਿਆਰ ਦੇ ਢਿੱਡ ਵਿਚ ਪੱਥਰ ਮਿਲੇ ਸਨ। ਉਸਦੇ ਸੰਵੇਦਨਸ਼ੀਲ ਅੰਗਾਂ ਉੱਤੇ ਡੂੰਘੀ ਸਟਾਂ ਦੇ ਨਿਸ਼ਾਨ ਵੀ ਮਿਲੇ ਸਨ। ਸਿਗਰਟ ਨਾਲ ਸਾਣਨ ਅਤੇ ਸਰੀਰ ਅੰਦਰ ਰਾਡ ਵੀ ਪਾਏ ਜਾਣ ਦਾ ਖੁਲਾਸਾ ਹੋਇਆ ਸੀ।