ਹੁਸ਼ਿਆਰਪੁਰ ਭਿਆਨਕ ਸੜਕ ਹਾਦਸੇ ਵਿਚ 10 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਸ਼ਿਆਰਪੁਰ ਦੇ ਊਨਾ ਰੋਡ 'ਤੇ ਦਰਦਨਾਕ ਸੜਕ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਜਾਣ ਅਤੇ 15 ਦੇ ਗੰਭੀਰ ਜ਼ਖਮੀ ਹੋ ਜਾਣ ਦਾ ਦੁੱਖਦਾਈ ਸਮਚਾਰ ਪ੍ਰਾਪਤ ਹੋਇਆ ਹੈ।

Accident

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਊਨਾ ਰੋਡ 'ਤੇ ਦਰਦਨਾਕ ਸੜਕ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਜਾਣ ਅਤੇ 15 ਦੇ ਗੰਭੀਰ ਜ਼ਖਮੀ ਹੋ ਜਾਣ ਦਾ ਦੁੱਖਦਾਈ ਸਮਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਵਿਚ ਦੋ ਔਰਤਾਂ ਤਿੰਨ ਬੱਚੇ ਵੀ ਸ਼ਾਮਲ ਸਨ। ਮਿਲੀ ਜਾਣਕਾਰੀ ਅਨੁਸਾਰ ਸਾਰੇ ਮ੍ਰਿਤਕ ਦਸੂਹਾ ਲਾਗਲੇ ਪਿੰਡ ਉਸਮਾਨ ਸ਼ਹੀਦ ਦੇ ਨਿਵਾਸੀ ਸਨ ਜੋ ਪਿਕਅੱਪ ਗੱਡੀ ਵਿਚ ਸਵਾਰ ਹੋ ਕੇ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਲਈ ਗਏ ਹੋਏ ਸਨ।

ਇਕ ਜਾਣਕਾਰੀ ਅਨੁਸਾਰ ਪਿਕਅੱਪ ਦਾ ਡਰਾਈਵਰ ਧੋਬੀਘਾਟ ਚੌਕ ਕੋਲ ਪੁਲਿਸ ਨਾਕਾ ਵੇਖ ਕੇ ਘਬਰਾ ਗਿਆ। ਜਿਸ ਤੋਂ ਬਾਅਦ ਪਿਕਅਪ ਗੱਡੀ ਬੇਕਾਬੂ ਹੋ ਗਈ ਅਤੇ ਇਕ ਰਿਕਸ਼ੇ ਨਾਲ ਟਕਰਾਉਂਦੀ ਹੋਈ ਤੇਜ਼ ਰਫ਼ਤਾਰ ਨਾਲ ਰੁੱਖ ਨਾਲ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅੱਪ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਗਈ। ਘਟਨਾ ਦਾ ਪਤਾ ਲਗਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਘਟਨਾ ਤੋਂ ਬਾਅਦ ਜਿੱਥੇ ਹੁਸ਼ਿਆਰਪੁਰ ਤੋਂ ਕੈਬਨਿਟ ਮੰਤਰੀ ਸੁੰਦਰ ਸ਼ਿਆਮ ਅਰੋੜਾ ਨੇ ਹਾਦਸਾ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ ਤਾਂ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਲਈ ਇੱਕ-ਇੱਕ ਲੱਖ ਤੇ ਜ਼ਖ਼ਮੀਆਂ ਲਈ 25-25 ਹਜ਼ਾਰ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ।