ਅਮਰੀਕੀ ਸੂਬੇ ਕੋਲੋਰਾਡੋ 'ਚ ਵਾਪਰਿਆ ਭਿਆਨਕ ਸੜਕ ਹਾਦਸਾ
ਟ੍ਰੇਲਰ ਨੂੰ ਅੱਗ ਲੱਗਣ ਮਗਰੋਂ 4 ਮੌਤਾਂ, 12 ਕਾਰਾਂ ਤੇ 3 ਟਰੱਕ ਸੜ ਕੇ ਸੁਆਹ
ਅਮਰੀਕਾ- ਅਮਰੀਕੀ ਸੂਬੇ ਕੋਲੋਰਾਡੋ ਵਿਚ ਹਾਈਵੇਅ 'ਤੇ ਬੇਕਾਬੂ ਟਰੱਕ ਟ੍ਰੇਲਰ ਵਿਚ ਭਿਆਨਕ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦਕਿ 12 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਟ੍ਰੇਲਰ ਵਿਚ ਲੱਗੀ ਅੱਗ ਨੇ ਜਲਦੀ ਹੀ ਕਾਫ਼ੀ ਭਿਆਨਕ ਰੂਪ ਧਾਰਨ ਕਰ ਲਿਆ, ਦੇਖਦੇ ਹੀ ਦੇਖਦੇ ਤਿੰਨ ਟਰੱਕ ਅਤੇ 12 ਹੋਰ ਕਾਰਾਂ ਵੀ ਅੱਗ ਦੀ ਲਪੇਟ ਵਿਚ ਆ ਗਈਆਂ। ਇਸ ਤੋਂ ਇਲਾਵਾ 28 ਗੱਡੀਆਂ ਇਸ ਹਾਦਸੇ ਕਾਰਨ ਆਪਸ ਵਿਚ ਟਕਰਾ ਗਈਆਂ। ਇਸ ਤਰ੍ਹਾਂ ਇਹ ਸੜਕ ਹਾਦਸਾ ਇਕ ਵੱਡੀ ਚੇਨ ਰਿਐਕਸ਼ਨ ਦੁਰਘਟਨਾ ਦੇ ਰੂਪ ਵਿਚ ਤਬਦੀਲ ਹੋ ਗਿਆ।
ਸੜਕ 'ਤੇ ਅੱਗ ਦੀਆਂ ਭਿਆਨਕ ਲਪਟਾਂ ਅਤੇ ਤੇਜ਼ ਧਮਾਕਿਆਂ ਕਾਰਨ ਸੜਕੀ ਆਵਾਜਾਈ ਵੀ ਪੂਰੀ ਤਰ੍ਹਾਂ ਠੱਪ ਹੋ ਗਈ। ਕਈ ਘੰਟਿਆਂ ਤਕ ਰੋਡ 'ਤੇ ਲੰਬਾ ਜਾਮ ਲੱਗਿਆ ਰਿਹਾ। ਹਾਦਸੇ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਕ ਬੇਕਾਬੂ ਟਰੱਕ ਇਕ ਓਵਰਬ੍ਰਿਜ਼ ਨਾਲ ਟਕਰਾਇਆ ਸੀ, ਜਿਸ ਤੋਂ ਬਾਅਦ ਉਸ ਵਿਚ ਅੱਗ ਲੱਗ ਗਈ। ਜਲਦ ਹੀ ਇਹ ਅੱਗ ਕਾਫ਼ੀ ਭਿਆਨਕ ਰੂਪ ਧਾਰਨ ਕਰ ਗਈ ਅਤੇ ਇਸ ਨੇ ਆਪਣੇ ਆਸ ਪਾਸ ਦੇ ਵਾਹਨਾਂ ਨੂੰ ਵੀ ਲਪੇਟ ਵਿਚ ਲੈ ਲਿਆ। ਕਾਫ਼ੀ ਮਸ਼ੱਕਤ ਮਗਰੋਂ ਇਸ ਭਿਆਨਕ ਅੱਗ 'ਤੇ ਕਾਬੂ ਪਾਇਆ ਜਾ ਸਕਿਆ।
ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦੁਰਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿਤਾ, ਖ਼ਾਸ ਗੱਲ ਇਹ ਹੈ ਕਿ ਦੁਰਘਟਨਾ ਸਥਾਨ 'ਤੇ ਇਕ ਸਕੂਲ ਬੱਸ ਪਹਿਲਾਂ ਤੋਂ ਹੀ ਹਾਦਸਾਗ੍ਰਸਤ ਹੋ ਗਈ ਸੀ ਪਰ ਬੱਸ ਵਿਚ ਸਵਾਰ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ, ਕੁੱਝ ਬੱਚਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਫਿਲਹਾਲ ਸਥਾਨਕ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।