ਪੰਜਾਬ ਦੀਆਂ ਕੁਲ 13 ਸੀਟਾਂ ਵਿਚੋਂ ਬਹੁਤੀਆਂ 'ਤੇ ਕਾਂਗਰਸ ਭਾਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ,ਅਨੰਦਪੁਰ ਸਾਹਿਬ, ਹੁਸ਼ਿਆਰਪੁਰ ਸੀਟਾਂ 'ਤੇ ਬਰਾਬਰ ਦੀ ਲੜਾਈ

Punjab Election

ਚੰਡੀਗੜ੍ਹ : ਸਰਹੱਦੀ ਸੂਬੇ ਪੰਜਾਬ ਵਿਚੋਂ 2 ਸਾਲ ਪਹਿਲਾਂ ਕਾਂਗਰਸ ਨੂੰ ਦੋ ਤਿਹਾਈ ਬਹੁਮਤ ਨਾਲ ਬਣੀ ਸੂਬਾ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਕਮਾਨ ਹੇਠ, ਕੇਂਦਰ ਦੀ ਸੰਭਾਵੀ ਯੂ.ਪੀ.ਏ. ਵਾਲੀ ਸਰਕਾਰ ਲਈ ਸ਼ੁਰੂ ਕੀਤੇ ਮਿਸ਼ਨ 13 ਨੂੰ ਕਾਫ਼ੀ ਹੁੰਗਾਰਾ ਮਿਲ ਰਿਹਾ ਹੈ। ਆਉਂਦੀ 19 ਮਈ ਨੂੰ ਪੈਣ ਵਾਲੀਆਂ ਵੋਟਾਂ ਨੂੰ ਮਸਾਂ 9 ਦਿਨ ਰਹਿ ਗਏ ਹਨ ਅਤੇ ਚੋਣ ਪ੍ਰਚਾਰ ਪੁਰਾ ਭੱਖ ਚੁਕਾ ਹੈ ਜਿਸ ਤਹਿਤ ਪਿੰਡਾਂ ਦੀਆਂ ਸੱਥਾਂ, ਕਣਕ ਦੀਆਂ ਮੰਡੀਆਂ, ਬਾਜ਼ਾਰਾਂ, ਮੁਹੱਲਿਆਂ, ਸ਼ਾਮ ਵੇਲੇ ਇਕੱਠਾਂ ਅਤੇ ਕਈ ਸੰਸਥਾਵਾਂ ਸਮੇਤ ਔਰਤਾਂ ਦੀਆਂ ਸਭਾਵਾਂ ਵਿਚ ਆਪੋ ਅਪਣੇ ਚਹੇਤੇ ਉਮੀਦਵਾਰਾਂ ਅਤੇ ਸਿਆਸੀ ਦਲਾਂ ਬਾਰੇ ਖੁਲ੍ਹ ਕੇ ਚਰਚੇ ਹੋ ਰਹੇ ਹਨ। 

ਰੋਜ਼ਾਨਾ ਸਪੋਕਸਮੈਨ ਵਲੋਂ ਗੁਰਦਾਸਪੁਰ, ਬਟਾਲਾ, ਮੁਕੇਰੀਆਂ, ਦਸੂਹਾ, ਹੁਸ਼ਿਆਰਪੁਰ, ਨੰਗਲ, ਕੀਰਤਨ ਸਾਹਿਬ, ਰੋਪੜ, ਅਨੰਦਪੁਰ ਸਾਹਿਬ, ਖਰੜ, ਬੱਸੀ ਪਠਾਣਾਂ ਤੇ ਫ਼ਤਿਹਗੜ੍ਹ ਸਾਹਿਬ ਦਾ ਫੌਰੀ ਦੌਰਾ ਕਰਨ 'ਤੇ ਪਤਾ ਲੱਗਾ ਹੈ ਕਿ ਕੁਲ 13 ਸੀਟਾਂ ਵਿਚੋਂ ਉਂਜ ਤਾਂ ਬਹੁਤੀਆਂ 'ਤੇ ਕਾਂਗਰਸ ਹੀ ਭਾਰੂ ਹੈ ਪਰ ਹੁਸ਼ਿਆਰਪੁਰ, ਅਨੰਦਪੁਰ ਸਾਹਿਬ ਅਤੇ ਗੁਰਦਾਸਪੁਰ ਸੀਟਾਂ 'ਤੇ ਬਰਾਬਰ ਦੀ ਲੜਾਈ ਹੈ ਕਿਉਂਕਿ 'ਆਪ' ਦੇ ਝਾੜੂ ਦਾ ਤੀਲਾ ਤੀਲਾ ਹੋਣ ਕਰ ਕੇ ਕੁਲ 20 ਵਿਧਾਇਕਾਂ ਵਾਲੀਇਸ ਪਾਰਟੀ ਨਾਲ ਕੇਵਲ 11 ਵਿਧਾਇਕ ਰਹਿ ਗਏ ਹਨ ਤੇ ਅਸਲ ਮੁਕਾਬਲਾ ਕਾਂਗਰਸ ਤੇ ਅਕਾਲੀ ਬੀਜੇਪੀ ਗਠਜੋੜ ਨਾਲ ਹੀ ਤੈਅ ਹੈ।

ਮਾਲਵੇ ਤੋਂ ਮਿਲੀਆਂ ਰੀਪੋਰਟਾਂ ਮੁਤਾਬਕ ਭਾਵੇਂ ਕਾਂਗਰਸ ਸ਼ੁਰੂ ਵਿਚ ਬਹੁਤ ਅੱਗੇ ਸੀ ਅਤੇ ਧਾਰਮਕ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਬਾਦਲ ਪਰਵਾਰ ਅਤੇ ਅਕਾਲੀ ਨੇਤਾਵਾਂ ਨੂੰ ਲਗਾਤਾਰ ਨੁਕਰੇ ਲਾ ਰਹੀ ਸੀ ਪਰ ਜਿਉਂ ਜਿਉਂ ਵੋਟਾਂ ਪਾਉਣ ਦਾ ਦਿਨ ਨੇੜੇ ਆਈ ਜਾ ਰਿਹਾ ਹੈ, ਸਥਾਨਕ ਤੇ ਪੰਜਾਬ ਦੇ ਮੁੱਦਿਆਂ ਸਮੇਤ ਕਿਸਾਨੀ, ਬੇਰੁਜ਼ਗਾਰੀ, ਘਰ ਘਰ ਨੌਕਰੀ, ਨਸ਼ਿਆਂ ਨੂੰ ਬੰਦ ਕਰਨਾ, ਕਰਜ਼ਾ ਮਾਫ਼ੀ, ਸਰਕਾਰੀ ਖ਼ਰਚੇ ਘਟਾਉਣ, ਵਰਗੇ ਵਿੱਤੀ ਸੰਕਟ ਦੇ ਮੁੱਦੇ ਸਿਆਸੀ ਦਲ ਭੁੱਲੀ ਜਾ ਰਹੇ ਹਨ ਅਤੇ ਕਾਂਗਰਸੀ ਨੇਤਾਵਾਂ ਦਾ ਸਾਰਾ ਜ਼ੋਰ ਨਰਿੰਦਰ ਮੋਦੀ ਵਿਰੁਧ ਕੇਂਦਰਿਤ ਹੋ ਰਿਹਾ ਹੈ।

ਉਂਜ ਵੀ ਪੰਜਾਬ ਵਿਚ ਬੀਜੇਪੀ ਦੇ ਕੇਂਦਰੀ ਨੇਤਾਵਾਂ ਅਮਿਤ ਸ਼ਾਹ, ਨਿਤਿਨ ਗਡਕਰੀ ਤੇ ਹੋਰ ਲੀਡਰਾਂ ਦੀ ਆਮਦ ਦੇ ਮੁਕਾਬਲੇ ਕਾਂਗਰਸ ਦੇ ਮੁੱਖ ਮੰਤਰੀ ਹੀ ਬਠਿੰਡਾ, ਮਾਨਸਾ, ਗੁਰਦਾਸਪੁਰ ਤੇ ਹੋਰ ਥਾਵਾਂ 'ਤੇ ਫੇਰੀ ਮਾਰ ਕੇ ਵਰਕਰਾਂ ਅਤੇ ਉਮੀਦਵਾਰਾਂ ਦਾ ਹੌਂਸਲਾ ਕਾਇਮ ਰੱਖੀ ਜਾ ਰਹੇ ਹਨ। ਪਾਰਟੀ ਪ੍ਰਧਾਨ ਸੁਨੀਲ ਜਾਖੜ ਖ਼ੁਦ ਉਮੀਦਵਾਰ ਹੋਣ ਕਰ ਕੇ ਅਪਣੇ ਵਿਰੋਧੀ ਫ਼ਿਲਮੀ ਸਟਾਰ ਸੰਨੀ ਦਿਉਲ ਦੇ ਮੁਕਾਬਲੇ ਗੁਰਦਾਸਪੁਰ ਦਾ ਮੈਦਾਨ ਨਹੀਂ ਛੱਡ ਰਹੇ। ਜਾਖੜ ਭਾਵੇਂ ਗੁਰਦਾਸਪੁਰ ਸੀਟ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 7 ਉਪਰ ਕਾਂਗਰਸ ਦੀ ਪਕੜ ਮਜ਼ਬੂਤ ਹੋਣ ਕਰ ਕੇ ਡੇਢ ਸਾਲ ਪਹਿਲਾਂ ਰੀਕਾਰਡ 1,93,000 ਵੋਟਾਂ ਦੇ ਫ਼ਰਕ ਨਾਲ ਜ਼ਿਮਨੀ ਚੋਣ ਜਿੱਤੇ ਹੋਏ ਹਨ ਪਰ ਨੌਜਵਾਨ ਲੜਕੇ ਲੜਕੀਆਂ ਵੋਟਰਾਂ ਦੀ ਚਾਹਤ ਦੇ ਉਮੀਦਵਾਰ ਸੰਨੀ ਦਿਉਲ ਦੇ ਆਉਣ ਕਰ ਕੇ ਕਾਂਗਰਸ ਨੂੰ ਚਿੰਤਾ ਖਾ ਰਹੀ ਹੈ।

ਅਨੰਦਪੁਰ ਸਾਹਿਬ ਸੀਟ 'ਤੇ ਅਕਾਲੀ ਭਾਜਪਾ ਗਠਜੋੜ ਦੇ ਮੌਜੂਦਾ ਐਮ.ਪੀ. ਪ੍ਰੇਮ ਸਿੰਘ ਚੰਦੂਮਾਜਰਾ ਐਤਕੀ ਫਿਰ ਮਨੀਸ਼ ਤਿਵਾੜੀ ਵਿਰੁਧ ਮਜ਼ਬੂਤ ਸਥਿਤੀ ਵਿਚ ਹਨ ਭਾਵੇਂ ਆਪ ਦੇ ਵਿਧਾਇਕ ਅਮਰਜੀਤ ਸੰਦੋਆ ਦੇ ਕਾਂਗਰਸ ਵਿਚ ਸ਼ਮੂਲੀਅਤ ਹੋਣ ਕਰ ਕੇ ਅਜੇ ਵੋਟਰਾਂ ਨੇ ਕਿਸੇ ਪਾਸੇ ਪਲਟੀ ਨਹੀਂ ਮਾਰੀ ਹੈ। ਹੁਸ਼ਿਆਰਪੁਰ ਰਿਜ਼ਰਵ ਸੀਟ 'ਤੇ ਉਂਜ ਤਾਂ ਚੱਬੇਵਾਲ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਕਾਂਗਰਸੀ ਨੇਤਾ ਡਾ. ਰਾਜ ਕੁਮਾਰ ਨੂੰ ਟਿਕਟ ਮਿਲਣ ਦਾ ਕਾਫ਼ੀ ਵਿਰੋਧ ਹੋਇਆ ਸੀ ਪਰ ਵਿਜੈ ਸਾਂਪਲਾ ਦੀ ਥਾਂ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੂੰ ਟਿਕਟ ਮਿਲਣ ਕਰ ਕੇ ਬੀਜੇਪੀ ਵਿਚ ਵੀ ਬਰਾਬਰ ਦਾ ਰੋਸ ਪੈਦਾ ਹੋ ਗਿਆ ਸੀ।

ਸ਼ਾਮਚੁਰਾਸੀ ਤੋਂ ਹਾਰੇ ਹੋਏ ਆਪ ਦੇ ਲੀਡਰ ਡਾ. ਰਵਜੋਤ ਸਿੰਘ ਦਾ ਉਂਜ ਤਾਂ ਹੁਸ਼ਿਆਰਪੁਰ ਸੀਟ 'ਤੇ ਬਣਦਾ ਪ੍ਰਭਾਵ ਕਾਇਮ ਹੈ ਪਰ ਕਾਂਟੇ ਦੀ ਟੱਕਰ ਸੋਮ ਪ੍ਰਕਾਸ਼ ਤੇ ਡਾ. ਰਾਜ ਕੁਮਾਰ ਦਰਮਿਆਨ ਹੈ। ਇਕ ਹੋਰ ਰਿਜ਼ਰਵ ਸੀਟ, ਫ਼ਤਿਹਗੜ੍ਹ ਸਾਹਿਬ 'ਤੇ ਦੋਵੇਂ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀਆਂ ਦਰਬਾਰਾ ਸਿੰਘ ਗੁਰੂ, ਅਕਾਲੀ ਅਤੇ ਡਾ.ਅਮਰ ਸਿੰਘ ਕਾਂਗਰਸ ਦਰਮਿਆਨ ਦਿਲਚਸਪ ਸੰਘਰਸ਼ ਹੈ।