ਅਕਾਲੀ-ਭਾਜਪਾ ਨੇ ਮਿਲ ਕੇ ਰੋਲੀ ਹੈ ਪੰਜਾਬ ਦੀ ਪੱਗ : ਪਰਨੀਤ ਕੌਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ ਨੇ 2.5 ਕਰੋੜ ਨੌਕਰੀਆਂ ਦਾ ਲਾਰਾ ਲਾ ਖੋਹੀਆਂ 5 ਲੱਖ ਨੌਕਰੀਆਂ : ਪਰਨੀਤ ਕੌਰ

Preneet Kaur

ਸਮਾਣਾ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਅੱਜ ਇੱਥੋਂ ਦੇ ਵਿਧਾਨ ਸਭਾ ਹਲਕਾ ਸਮਾਣਾ ਵਿਖੇ ਚੋਣ ਰੈਲੀ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਜੱਮ ਕੇ ਅਕਾਲੀ-ਭਾਜਪਾ ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸੁਖਬੀਰ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਕਹਿੰਦਾ ਸੀ ਕਿ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਓ ਤੇ ਅਸੀਂ ਟਰੱਕ ਭਰ ਕੇ ਨੋਟਾਂ ਦੇ ਲੈ ਕੇ ਆਵਾਂਗੇ ਪਰ ਕੀ ਹੋਇਆ, ਜਦੋਂ ਮੋਦੀ ਪ੍ਰਧਾਨ ਮੰਤਰੀ ਬਣਿਆ ਤਾਂ ਨੋਟਾਂ ਦੇ ਟਰੱਕ ਭਰ ਕੇ ਤਾਂ ਕੀ ਆਉਣੇ ਸੀ ਸਗੋਂ ਨੋਟਬੰਦੀ ਕਰਕੇ ਨੋਟ ਹੀ ਬੰਦ ਕਰ ਦਿਤੇ। ਲੋਕਾਂ ਨੂੰ ਕਿੰਨੇ-ਕਿੰਨੇ ਦਿਨ ਲਾਈਨਾਂ ਵਿਚ ਲੱਗਣਾ ਪਿਆ 2 ਹਜ਼ਾਰ ਰੁਪਇਆ ਲਈ, ਲੋਕਾਂ ਦੇ ਵਿਆਹਾਂ ਦੇ ਕੰਮ ਰੁਕ ਗਏ, ਲੋਕਾਂ ਕੋਲੋਂ ਹਸਪਤਾਲਾਂ ਦੇ ਬਿੱਲ ਨਾ ਭਰੇ ਗਏ।

ਉਨ੍ਹਾਂ ਕਿਹਾ ਕਿ ਮੋਦੀ ਕਹਿੰਦਾ ਸੀ ਕਿ ਜਦੋਂ ਸਾਡੀ ਸਰਕਾਰ ਆਈ ਤਾਂ 2.5 ਕਰੋੜ ਨੌਕਰੀਆਂ ਦੇਵਾਂਗਾ ਪਰ ਇਸ ਦੇ ਉਲਟ 5 ਲੱਖ ਨੌਕਰੀਆਂ ਹੀ ਖੋਹ ਲਈਆਂ। ਉਨ੍ਹਾਂ ਕਿਹਾ ਕਿ ਮੋਦੀ ਹਮੇਸ਼ਾ ਤੋਂ ਕਿਸਾਨ ਵਿਰੋਧੀ ਰਿਹਾ ਹੈ। ਕੋਈ ਛੋਟਾ ਹੋਵੇ ਚਾਹੇ ਵੱਡਾ ਪਰ ਇੱਜ਼ਤ ਸਭ ਦੀ ਕਰਨੀ ਚਾਹੀਦੀ ਹੈ। ਡਾ. ਮਨਮੋਹਨ ਸਿੰਘ ਜੀ ਜਿੰਨ੍ਹਾਂ ਦਾ ਆਰਥਿਕ ਦਿਮਾਗ ਸਾਰੀ ਦੁਨੀਆਂ ਵਿਚ ਪ੍ਰਸਿੱਧ ਹੈ ਪਰ ਅਕਾਲੀ-ਭਾਜਪਾ ਨੇ ਤਾਂ ਉਨ੍ਹਾਂ ਨੂੰ ਵੀ ਨਹੀਂ ਛੱਡਿਆ, ਇਨ੍ਹਾਂ ਨੇ ਸਾਡੇ ਪੰਜਾਬ ਦੀ ਪੱਗ ਰੋਲੀ ਹੈ।

ਉਨ੍ਹਾਂ ਕਿਹਾ ਕਿ ਸਾਡੇ ਲਈ ਦੇਸ਼ ਪਹਿਲਾਂ ਹੈ ਸਿਆਸਤ ਬਾਅਦ ਵਿਚ ਪਰ ਮੋਦੀ ਸਰਕਾਰ ਨੇ ਦੇਸ਼ ਨੂੰ ਵੀ ਨਹੀਂ ਛੱਡਿਆ। ਦੇਸ਼ ਦੀ ਫ਼ੌਜ ‘ਮੋਦੀ ਕੀ ਸੈਨਾ’ ਨਹੀਂ ਹੈ, ਫ਼ੌਜ ਸ਼ੁਰੂ ਤੋਂ ਦੇਸ਼ ਦੀ ਹੈ, ਹਿੰਦੁਸਤਾਨ ਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਕਾਂਗਰਸ ਸਰਕਾਰ ਨੇ ਅਪਣੇ ਚੋਣ ਮਨੋਰਥ ਪੱਤਰ ਮੁਤਾਬਕ ਦੇਸ਼ ਦੇ ਹਰ ਵਾਸੀ ਨੂੰ ਸਾਲ ਦਾ 72 ਹਜ਼ਾਰ ਰੁਪਇਆ ਦੇਣਾ ਹੈ ਜੋ ਹਰ ਪਰਵਾਰ ਦੀ ਔਰਤ ਦੇ ਸਿੱਧਾ ਖ਼ਾਤੇ ਵਿਚ ਜਮ੍ਹਾਂ ਹੋਵੇਗਾ। ਕਿਸਾਨਾਂ ਲਈ ਵੱਖਰਾ ਬਜਟ ਤਿਆਰ ਹੋਇਆ ਕਰੇਗਾ ਤੇ ਨੌਜਵਾਨਾਂ ਲਈ ਵੱਧ ਤੋਂ ਵੱਧ ਨੌਕਰੀਆਂ ਦੇ ਸਾਧਨ ਤਿਆਰ ਹੋਣਗੇ।

ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਵਿਦਿਆਰਥੀ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਬਿਨਾਂ ਵਿਆਜ ਤੋਂ ਲੋਨ ਲੈ ਸਕਣਗੇ। ਪਰਨੀਤ ਕੌਰ ਨੇ ਉੱਥੇ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਭ ਕੁਝ ਸੰਭਵ ਹੋਵੇਗਾ ਜਦੋਂ ਤੁਸੀਂ ਸਾਨੂੰ ਵੋਟ ਪਾਓਗੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਦੇ ਨੌਂ ਹਲਕਿਆਂ ਦੇ ਵਿਧਾਇਕ ਅਤੇ ਵਧੇਰੇ ਗਿਣਤੀ ਵਿਚ ਕਾਂਗਰਸੀ ਸਮਰਥਕ ਮੌਜੂਦ ਸਨ।