'ਮਿੰਨਤਾਂ ਕਰੋ, ਪੈਰੀਂ ਹੱਥ ਲਾਓ ਤੇ ਇਕ-ਇਕ ਵੋਟ ਲਿਆਓ'
ਪਰਕਾਸ਼ ਸਿੰਘ ਬਾਦਲ ਨੇ ਵਰਕਰਾਂ ਨੂੰ ਦਿੱਤੀ ਹਦਾਇਤ
ਜਲੰਧਰ : ਸ਼੍ਰੋਮਣੀ ਅਕਾਲੀ ਦਲ ਇਤਿਹਾਸ ਦੇ ਸਭ ਤੋਂ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ। ਵਿਰੋਧੀ ਧਿਰਾਂ ਵੱਲੋਂ ਅਕਾਲੀ ਦਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਜ਼ੋਰਦਾਰ ਤਰੀਕੇ ਨਾਲ ਘੇਰਿਆ ਜਾ ਰਿਹਾ ਹੈ। ਇਸ ਕਾਰਨ ਲੋਕਾਂ 'ਚ ਵੀ ਅਕਾਲੀ ਆਗੂਆਂ ਵਿਰੁੱਧ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ ਅਤੇ ਥਾਂ-ਥਾਂ ਉਨ੍ਹਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਅਜਿਹੇ 'ਚ ਅਕਾਲੀ ਦਲ ਨੂੰ ਵੋਟਾਂ ਲੈਣ ਲਈ ਤਰਲੇ-ਮਿੰਨਤਾਂ ਕਰਨੀਆਂ ਪੈ ਰਹੀਆਂ ਹਨ।
ਅੱਜ ਜਲੰਧਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨੂੰ ਨਿਮਰ ਬਣ ਕੇ ਲੋਕਾਂ ਤੋਂ ਵੋਟ ਲੈਣ ਲਈ ਉਨ੍ਹਾਂ ਕੋਲ ਜਾਣ ਦੀ ਹਦਾਇਤ ਕੀਤੀ ਹੈ। ਬਾਦਲ ਨੇ ਕਿਹਾ ਕਿ ਮਿੰਨਤਾਂ ਕਰੋ, ਪੈਰੀਂ ਹੱਥ ਲਾਓ ਤੇ ਇੱਕ-ਇੱਕ ਵੋਟ ਲਿਆਓ। ਇਸ ਦੇ ਨਾਲ ਹੀ ਬਾਦਲ ਨੇ ਨਰੇਂਦਰ ਮੋਦੀ ਨੂੰ ਤਜ਼ਰਬੇਕਾਰ ਪ੍ਰਧਾਨ ਮੰਤਰੀ ਦੱਸਦਿਆਂ ਮੁੜ ਤੋਂ ਸੱਤਾ ਵਿੱਚ ਲਿਆਉਣ ਲਈ ਅਪੀਲ ਕੀਤੀ।
ਬਾਦਲ ਨੇ ਗਾਂਧੀ ਪਰਿਵਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਇਨ੍ਹਾਂ ਨੇ ਸਾਡਾ ਪਾਣੀ ਖੋਹ ਲਿਆ, ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ, ਟੈਂਕਾਂ ਨਾਲ ਅਕਾਲ ਤਖ਼ਤ ਸਾਹਿਬ ਢਾਹਿਆ ਅਤੇ ਰਾਜੀਵ ਗਾਂਧੀ ਨੇ ਸਿੱਖਾਂ ਦਾ ਕਤਲੇਆਮ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਸੱਜਣ ਕੁਮਾਰ ਨੂੰ ਜੇਲ ਭੇਜਿਆ ਅਤੇ ਜੇ ਕਾਂਗਰਸ ਦਾ ਰਾਜ ਆ ਜਾਵੇ ਤਾਂ ਸੱਜਣ ਕੁਮਾਰ ਨੇ ਬਾਹਰ ਆ ਜਾਣਾ ਹੈ।
ਬਾਦਲ ਨੇ ਕਿਹਾ ਕਿ ਬੱਸ ਚਾਲਕ ਨੂੰ ਵੀ ਤਜ਼ਰਬੇ ਦੇ ਮੁਤਾਬਕ ਲਾਈਸੰਸ ਮਿਲਦਾ ਹੈ। ਜੇ ਅਣਜਾਣ ਵਿਅਕਤੀ ਨੂੰ ਬੱਸ ਫੜਾ ਦਿੱਤੀ ਜਾਵੇ ਤਾਂ ਨਾ ਸਵਾਰੀਆਂ ਬਚਣਗੀਆਂ ਅਤੇ ਨਾ ਹੀ ਬੱਸ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ ਤਿੰਨ ਪ੍ਰਧਾਨ ਮੰਤਰੀ ਦੇਸ਼ 'ਚ ਰਹੇ ਤਾਂ ਵੀ ਕੁਝ ਨਹੀਂ ਬਦਲਿਆ। ਨਹਿਰੂ ਦੇ ਦਿਲ ਵਿਚ ਪੰਜਾਬ ਵਾਸਤੇ ਨਫ਼ਰਤ ਸੀ ਅਤੇ ਪੰਡਿਤ ਨਹਿਰੂ ਨੇ ਕਿਹਾ ਸੀ ਕਿ ਪੰਜਾਬੀ ਸੂਬਾ ਮੇਰੀ ਲਾਸ਼ 'ਤੇ ਬਣੇਗਾ।