ਭਾਰਤ ਤੇ ਪਾਕਿਸਤਾਨ ਵਿਚ ਜੰਗ ਦੌਰਾਨ ਪਾਕਿਸਤਾਨ ਵਲੋਂ ਰਾਤ ਵੇਲੇ ਲਗਾਤਾਰ ਡਰੋਨਾਂ ਨਾਲ ਭਾਰਤ ਦੇ ਸਰਹੱਦੀ ਇਲਾਕਿਆਂ ਵਿਚ ਹਮਲਾ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਗੁਰਦਾਸਪੁਰ ਦੇ ਪਿੰਡ ਰਾਜੂਵੇਲਾ ’ਚ ਤੜਕੇ 4.30 ਵਜੇ ਇਕ ਧਮਾਕਾ ਹੋਇਆ। ਪਿੰਡ ਦੇ ਇਕ ਵਿਅਕਤੀ ਨੇ ਦਸਿਆ ਕਿ ਸਾਨੂੰ ਲਗਿਆ ਕਿ ਕਿਸੇ ਦੀ ਛੱਤ ਡਿੱਗ ਗਈ ਹੈ ਪਰ ਬਾਅਦ ਵਿਚ ਪਤਾ ਲੱਗਾ ਕੇ ਇਹ ਧਮਾਕਾ ਖੇਤਾਂ ਵਿਚ ਹੋਇਆ ਹੈ।
ਅਸੀਂ ਜਦੋਂ ਖੇਤਾਂ ਵਿਚ ਜਾ ਕੇ ਦੇਖਿਆ ਕਿ ਜ਼ਮੀਨ ਵਿਚ ਕਈ ਫੁੱਟ ਡੂੰਘਾ ਟੋਆ ਪਿਆ ਹੋਇਆ ਹੈ। ਦੇਖਿਆ ਗਿਆ ਕਿ ਇਸ ਟੋਏ ਤੋਂ ਕਰੀਬ 200 ਕੁ ਮੀਟਰ ਦੂਰ ਇਕ ਟਰਾਂਸਫ਼ਾਰਮਰ ਤੋਂ ਜਾਂਦੀਆਂ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਹੋਇਆ ਅਤੇ ਕਰੀਬ 400 ਮੀਟਰ ਦੂਰ ਬਣੇ ਖੇਤਾਂ ਵਿਚਲੇ ਘਰ ਦੇ ਸ਼ੀਸ਼ੇ ਟੁੱਟ ਗਏ। ਉਨ੍ਹਾਂ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਜੇ ਇਹ ਡਰੋਨ ਜਾਂ ਬੰਬ ਪਿੰਡ ਵਿਚ ਡਿੱਗ ਜਾਂਦਾ ਤਾਂ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਜਾਣਾ ਸੀ।
ਘਟਨਾ ਵਾਲੀ ਜਗ੍ਹਾ ਪੁਲਿਸ ਪਹੁੰਚੀ ਹੋਈ ਹੈ ਬਾਕੀ ਫੌਜ ਦੇ ਅਧਿਕਾਰੀ ਆ ਕੇ ਦੇਖਣਗੇ ਕਿ ਜ਼ਮੀਨ ਵਿਚ ਕੀ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ਨਾਲ ਨੁਕਸਾਨ ਤਾਂ ਜਨਤਾ ਦਾ ਹੋ ਰਿਹਾ ਹੈ ਸਰਕਾਰਾਂ ਦਾ ਕੁੱਝ ਨਹੀਂ ਜਾ ਰਿਹਾ। ਸਾਨੂੰ ਨਹੀਂ ਪਤਾ ਕਿਧਰੋਂ ਇਹ ਮਿਜਾਈਲਾਂ ਆ ਰਹੀਆਂ ਹਨ। ਇਕ ਹੋਰ ਵਿਅਕਤੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀ ਲੜਾਈ ਦੌਰਾਨ ਜੋ ਬੰਬ, ਮਿਜਾਈਲਾਂ ਜਾਂ ਡਰੋਨ ਚੱਲ ਰਹੇ ਹਨ ਇਸ ਨਾਲ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਸਹਿਮੇ ਹੋਏ ਹਨ ਤੇ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ।