ਲੁਧਿਆਣਾ 'ਚ ਵਾਪਰੀ ਲੁੱਟ ਦੀ ਵੱਡੀ ਵਾਰਦਾਤ, ਲੁਟੇਰੇ ਕਰੀਬ 7 ਕਰੋੜ ਰੁਪਏ ਲੈ ਕੇ ਹੋਏ ਫ਼ਰਾਰ
CMS ਕੰਪਨੀ ਦੇ ਦਫ਼ਤਰ 'ਚ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਦਿਤਾ ਵਾਰਦਾਤ ਨੂੰ ਅੰਜਾਮ
ਮਾਮਲੇ ਦੀ ਜਾਂਚ ਜਾਰੀ
ਲੁਧਿਆਣਾ : ਲੁਧਿਆਣਾ ਵਿਚ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਹੈ। ਘਟਨਾ ਲੁਧਿਆਣਾ ਦੇ ਰਾਜਪੁਰ ਨਗਰ 'ਚ ਏ.ਟੀ.ਐਮ. 'ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ 'ਚੋਂ ਕਰੋੜਾਂ ਦੀ ਲੁੱਟ ਹੋਣ ਦੀ ਸੂਚਨਾ ਹੈ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਦੇਰ ਰਾਤ ਡੇਢ ਵਜੇ ਦੀ ਦੱਸੀ ਜਾ ਰਹੀ ਹੈ। ਵੈਨ ਕੰਪਨੀ ਦੇ ਦਫ਼ਤਰ ਦੀ ਹਦੂਦ ਅੰਦਰ ਖੜ੍ਹੀ ਸੀ। ਲੁਟੇਰਿਆਂ ਵਲੋਂ ਕਰੀਬ 7 ਕਰੋੜ ਰੁਪਏ ਦੀ ਲੁੱਟ ਕੀਤੇ ਜਾਣ ਦਾ ਖ਼ਦਸ਼ਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰਿਆਂ ਵਲੋਂ ਚੋਰੀ ਕੀਤੀ ਗਈ ਕੈਸ਼ ਵੈਨ ਨੂੰ ਬਰਾਮਦ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਜਿਸ ਇਲਾਕੇ ਵਿਚ ਸੀ.ਐਮ.ਐਸ. ਕੰਮਪਣੀ ਦਾ ਦਫ਼ਤਰ ਹੈ, ਉਹ ਰਿਹਾਇਸ਼ੀ ਇਲਾਕਾ ਹੈ ਅਤੇ ਕੈਸ਼ ਵੈਨ ਕੰਪਨੀ ਦੀਆਂ ਸਾਰੀਆਂ ਗੱਡੀਆਂ ਇਸ ਦੇ ਵਿਚਕਾਰ ਖੜ੍ਹੀਆਂ ਹੁੰਦੀਆਂ ਹਨ, ਰਾਤ ਨੂੰ ਕੈਸ਼ ਭਰਿਆ ਜਾਂਦਾ ਹੈ ਅਤੇ ਕੈਸ਼ ਵੈਨਾਂ ਸਵੇਰੇ-ਸਵੇਰੇ ਆਪੋ-ਅਪਣੇ ਟਿਕਾਣਿਆਂ ਲਈ ਰਵਾਨਾ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ: ਗੁਜਰਾਤ 'ਚ ISIS ਮਾਡਿਊਲ ਦਾ ਪਰਦਾਫ਼ਾਸ਼, ATS ਨੇ ਪੋਰਬੰਦਰ ਤੋਂ ਔਰਤ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਇਹ ਵੀ ਕੰਪਨੀ ਦੀ ਵੱਡੀ ਲਾਪ੍ਰਵਾਹੀ ਹੈ ਪਰ ਪੁਲਿਸ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ, ਜਲਦ ਹੀ ਇਸ ਦਾ ਪਤਾ ਲਗਾ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਨਕਾਬਪੋਸ਼ ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਡਰਾ ਕੇ ਬੰਧਕ ਬਣਾਇਆ ਸੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਉਨ੍ਹਾਂ ਦਸਿਆ ਕਿ ਲੁਟੇਰਿਆਂ ਦੀ ਗਿਣਤੀ 9 ਤੋਂ 10 ਸੀ।
ਫਿਲਹਾਲ ਪੁਲਿਸ ਵਲੋਂ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਹੁਣ ਇਸ 'ਤੇ ਵੀ ਕੰਮ ਕਰ ਰਹੀ ਹੈ ਕਿ ਕੀ ਮਿਲੀਭੁਗਤ ਹੈ ਜਾਂ ਨਹੀਂ, ਇਸ ਕੰਪਨੀ ਦੇ ਪ੍ਰਬੰਧਕ ਸਾਰੇ ਕਰਮਚਾਰੀਆਂ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ।