ਤੰਦਰੁਸਤ ਪੰਜਾਬ ਮਿਸ਼ਨ : ਕਿੰਨਾ ਕੁ ਤੰਦਰੁਸਤ ਹੈ ਪਿੰਡ ਘੜੂੰਆਂ? ਕੀ ਆਖਦੇ ਹਨ ਪਿੰਡ ਵਾਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਦੇ 400-500 ਨੌਜਵਾਨ ਨਸ਼ੇ ਦੇ ਸ਼ਿਕਾਰ, ਸਰਕਾਰਾਂ ਜ਼ਿੰਮੇਵਾਰ

Mission Tandrust Punjab : Village Gharuan

ਐਸਏਐਸ ਨਗਰ : ਕੇਂਦਰ ਸਰਕਾਰ ਦੀ ‘ਫਿਟ ਇੰਡੀਆ’ ਲਹਿਰ ਤੋਂ ਇਕ ਕਦਮ ਅੱਗੇ ਵੱਧਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਨੂੰ ਸੱਮੁਚੇ ਦੇਸ਼ ਵਿਚ ਸਿਹਤਮੰਦ ਸੂਬਾ ਬਣਾਉਣ ਦੇ ਮਿਸ਼ਨ ਨਾਲ ਪਿਛਲੇ ਸਾਲ ਜੂਨ ਮਹੀਨੇ ਵਿਚ ‘ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮਿਸ਼ਨ ਦਾ ਉਦੇਸ਼ ਸੂਬੇ ਦੀ ਆਬੋ-ਹਵਾ, ਪਾਣੀ ਅਤੇ ਭੋਜਨ ਦੀ ਗੁਣਵਤਾ ਸੁਧਾਰ ਕੇ ਪੰਜਾਬ ਵਾਸੀਆਂ ਨੂੰ ਰਹਿਣ-ਸਹਿਣ ਲਈ ਵਧੀਆ ਮਾਹੌਲ ਸਿਰਜਣਾ ਸੀ। ਇਸ ਤੋਂ ਇਲਾਵਾ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਤਕ ਸੁਵਿਧਾਵਾਂ ਪਹੁੰਚਾਈਆਂ ਜਾਣੀਆਂ ਸਨ। ਇਹ ਮੁਹਿੰਮ ਜ਼ਮੀਨੀ ਪੱਧਰ 'ਤੇ ਕਿੰਨੀ ਕੁ ਗੰਭੀਰਤਾ ਨਾਲ ਲਾਗੂ ਕੀਤੀ ਗਈ ਹੈ, ਇਸ ਬਾਰੇ ਜਾਨਣ ਲਈ 'ਸਪੋਕਸਮੈਨ ਟੀਵੀ' ਸੂਬੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਿਹਾ ਹੈ। ਇਸੇ ਤਹਿਤ ਸਪੋਕਸਨਮੈਨ ਟੀਵੀ ਦੀ ਟੀਮ ਜ਼ਿਲ੍ਹਾ ਐਸਏਐਸ ਨਗਰ ਦੇ ਪਿੰਡ ਘੜੂੰਆਂ ਪੁੱਜੀ।

ਸਪੋਕਸਮੈਨ ਦੇ ਪੱਤਰਕਾਰ ਜਤਿੰਦਰ ਸਿੰਘ ਨੇ ਪਿੰਡ ਘੜੂੰਆਂ ਦੇ ਵੱਖ-ਵੱਖ ਲੋਕਾਂ, ਬਜ਼ੁਰਗਾਂ, ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੀ ਹਾਲਤ ਬਾਰੇ ਜਾਣਿਆ। ਇਸ ਮੌਕੇ ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਪਿੰਡ ਦਾ ਮੁਢਲਾ ਵਿਕਾਸ ਗਲੀਆਂ-ਨਾਲੀਆਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਕੁ ਕੰਮ ਹੋਇਆ ਹੈ। ਲੋਕਾਂ ਦੇ ਘਰਾਂ ਵਿਚ ਪਾਣੀ ਅੰਦਰ ਦਾਖ਼ਲ ਹੋ ਜਾਂਦਾ ਹੈ। ਇਸ ਦੌਰਾਨ ਇਕ ਬਜ਼ੁਰਗ ਨੇ ਗੱਲਬਾਤ ਦੌਰਾਨ ਪਿੰਡ ਦਾ ਇਤਿਹਾਸ ਦੱਸਿਆ ਕਿ ਇਥੇ ਜੋ ਟੋਭਾ ਹੈ, ਉਸ ਦੇ ਆਲੇ-ਦੁਆਲੇ 7 ਮੰਦਰ ਹਨ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕੌਰਵ-ਪਾਂਡਵ ਇੱਥੇ ਪਿੰਡ ਵਿਚ ਆਏ ਸਨ। ਇੱਥੇ ਕਾਫ਼ੀ ਦਿਨ ਰਹਿ ਕੇ ਵੀ ਗਏ ਸਨ। ਇਹ ਟੋਭੇ ਦੇ ਆਲੇ-ਦੁਆਲੇ ਮੰਦਰ ਵੀ ਉਨ੍ਹਾਂ ਦੇ ਸਮੇਂ ਦੇ ਬਣੇ ਹੋਏ ਹਨ। ਇਥੇ ਸਿੱਖਾਂ ਦੇ ਦੋ ਗੁਰੂ ਆਏ ਸਨ। ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਹਰਿ ਰਾਇ ਜੀ ਅਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ। ਗੁਰੂ ਹਰ ਰਾਇ ਜੀ ਦਾ ਪਿੰਡ ਵਿਚ ਹੀ ਗੁਰਦੁਆਰਾ ਸਾਹਿਬ ਮੌਜੂਦ ਹੈ। ਨੌਵੇਂ ਪਾਤਸ਼ਾਹਿ ਦਾ ਗੁਰਦੁਆਰਾ ਅਕਾਲਗੜ੍ਹ ਵਿਖੇ ਸ਼ੁਸੋਭਿਤ ਹੈ। ਇਥੇ ਇਕ ਝਾਰਖੜੀ ਮੰਦਰ ਹੈ। ਜੇ ਬਰਸਾਤ ਨਾ ਹੁੰਦੀ ਹੋਵੇ ਤਾਂ ਇਸ ਮੰਦਰ ਵਿਚ ਉਤੋਂ ਪਾਣੀ ਪਾਉਣਾ ਪੈਂਦਾ ਅਤੇ ਹੋਠੋਂ ਪਾਣੀ ਨਿਕਲਦਾ ਹੈ ਤਾਂ ਬਾਰਿਸ਼ ਹੋ ਜਾਂਦੀ ਹੈ। ਦੂਜਾ ਮੰਦਰ ਹੈ ਸਮਾਗਮ ਮੰਦਰ। ਇਸ ਵਿਚ ਨਰਾਤਿਆਂ ਸਮੇਂ ਲੰਗਰ ਚਲਦਾ ਹੈ। ਬਾਕੀ ਮੰਦਰਾਂ ਵਿਚ ਵੀ ਉਨ੍ਹਾਂ ਦੇ ਚਰਨ ਪਏ ਸਨ।

ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਨੌਵੇਂ ਪਾਤਸ਼ਾਹਿ ਅਕਾਲਗੜ੍ਹ ਗੁਰਦੁਆਰਾ ਸਾਹਿਬ ਵਿਚ ਬਚਨ ਕਰ ਕੇ ਗਏ ਸਨ ਕਿ ਜੋ ਵੀ ਇਥੇ 5 ਵਾਰ ਇਸ਼ਨਾਨ ਕਰੇਗਾ ਅਤੇ 5 ਵਾਰ ਜਪੁਜੀ ਸਾਹਿਬ ਦਾ ਪਾਠ ਕਰੇਗਾ ਉਸ ਦੇ ਸਾਰੇ ਰੋਗ ਦੂਰ ਹੋ ਜਾਣਗੇ। ਹਰ ਸਾਲ ਇਥੇ ਮੇਲਾ ਵੀ ਲਗਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਚ ਪੰਜ ਪਿਆਰੇ ਸਜਾਏ ਸਨ ਅਤੇ ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ, ਜੋ ਖੰਡਾ-ਬਾਟਾ ਸੀ ਉਹ ਘੜੂੰਆਂ ਪਿੰਡ ਦਾ ਤਿਆਰ ਕੀਤਾ ਹੋਇਆ ਸੀ। ਇਸੇ ਲਈ ਉਸ ਧਾਤ ਨਾਲ ਬਣੇ ਬਰਤਨ ਵਿਦੇਸ਼ਾਂ ਵਿਚ ਵੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਕਹਿ ਗਏ ਸਨ ਕਿ ਤੁਹਾਡੇ ਭਾਂਡੇ ਸੋਨੇ ਦੇ ਭਾਅ ਵਿਕਣਗੇ। ਅੱਜ ਉਹ ਗੱਲ ਗੁਰੂ ਜੀ ਦੀ ਸੱਚ ਹੋ ਗਈ ਹੈ।

ਭਾਂਡੇ ਖਰੀਦਣ ਲਈ ਵਿਦੇਸ਼ਾਂ ਤੋਂ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇਟਲੀ ਆਦਿ ਥਾਵਾਂ ਤੋਂ ਭਾਂਡੇ ਲੈਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਿੰਡ ਦੀ ਹਾਲਤ ਬਹੁਤ ਮਾੜੀ ਹੈ, ਸੋ ਛੇਤੀ ਤੋਂ ਛੇਤੀ ਪਿੰਡ ਦੀ ਹਾਲਤ ਵੱਲ ਧਿਆਨ ਦਿੱਤਾ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ 'ਚ ਸਰਕਾਰੀ ਸਕੂਲ ਮੌਜੂਦ ਹੈ ਪਰ ਜਿਹੜੀ ਸਹੂਲਤਾਂ ਬੱਚਿਆਂ ਨੂੰ ਮਿਲਣੀਆਂ ਚਾਹੀਦੀਆਂ ਹਨ, ਉਹ ਨਾਕਾਫ਼ੀ ਹਨ। ਸਕੂਲ ਦੀ ਚਾਰਦੀਵਾਰੀ ਡਿੱਗੀ ਪਈ ਹੈ। ਆਵਾਰਾ ਪਸ਼ੂ ਅਤੇ ਜਾਨਵਰ ਸਕੂਲ 'ਚ ਘੁੰਮਦੇ ਰਹਿੰਦੇ ਹਨ। ਬੱਚਿਆਂ ਲਈ ਖੇਡਣ ਦਾ ਵਧੀਆ ਮੈਦਾਨ ਵੀ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਸਾਡੇ ਹਲਕੇ ਦੇ ਐਮ.ਐਲ.ਏ ਚਰਨਜੀਤ ਸਿੰਘ ਚੰਨੀ ਹਨ ਅਤੇ ਐਮ.ਪੀ. ਮਨੀਸ਼ ਤਿਵਾੜੀ ਹਨ ਪਰ ਉਨ੍ਹਾਂ ਨੇ ਸਾਡੇ ਪਿੰਡ ਵਿਚ ਕੋਈ ਵੀ ਕੰਮ ਨਹੀਂ ਕਰਵਾਇਆ। ਸਾਡੇ ਪਿੰਡ ਵਿਚ ਨੌਜਵਾਨ ਨਸ਼ਾ ਵੀ ਬਹੁਤ ਜ਼ਿਆਦਾ ਕਰਦੇ ਹਨ। ਨਸ਼ਿਆਂ ਦੀਆਂ ਸਰਿੰਜਾਂ, ਟੀਕੇ, ਗੋਲੀਆਂ ਦੇ ਪੱਤੇ ਪਿੰਡ ਦੇ ਬਾਹਰਲੇ ਪਾਸੇ ਆਮ ਦੇਖਣ ਨੂੰ ਮਿਲਦੇ ਹਨ।

ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨਾਂ ਦੇ ਨਸ਼ਿਆਂ 'ਚ ਪੈਣ ਦਾ ਕਾਰਨ ਰੁਜ਼ਗਾਰ ਨਾ ਮਿਲਣਾ ਹੈ। ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਜੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜਾਵੇ ਤਾਂ ਉਨ੍ਹਾਂ ਨੂੰ ਨਸ਼ੇ ਦੀ ਅਲਾਮਤ ਤੋਂ ਬਚਾਇਆ ਜਾ ਸਕਦਾ ਹੈ। ਸਾਡੇ ਪਿੰਡ 'ਚ ਲਗਭਗ 400-500 ਨੌਜਵਾਨ ਨਸ਼ਾ ਕਰ ਰਿਹਾ ਹੈ। ਸਰੇਆਮ ਨਸ਼ਾ ਵਿਕ ਰਿਹਾ ਹੈ। ਸਰਕਾਰ ਨਸ਼ੇ 'ਤੇ ਰੋਕ ਲਗਾਉਣ 'ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਪਿੰਡ 'ਚ ਭਾਵੇਂ ਨੌਜਵਾਨਾਂ ਦੇ ਖੇਡਣ ਲਈ ਸਟੇਡੀਅਮ ਬਣਿਆ ਹੋਇਆ ਹੈ ਪਰ ਦੇਖਰੇਖ ਨਾ ਹੋਣ ਕਾਰਨ ਉਥੇ ਦਾ ਬਹੁਤ ਮਾੜਾ ਹਾਲ ਹੈ। ਬੈਂਚ, ਖੇਡਾਂ ਦਾ ਸਾਮਾਨ ਆਦਿ ਟੁੱਟੇ ਪਏ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਇਹ ਮੈਦਾਨ ਟੋਭਾ ਬਣ ਜਾਂਦਾ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਵੱਡਾ ਵਿਸ਼ਾ ਬਣ ਗਈ ਹੈ। ਪੰਜਾਬ ਵਿਚ ਜ਼ਮੀਨਦੋਜ਼ ਪਾਣੀ 145 ਫ਼ੀਸਦੀ ਦਰ ਨਾਲ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਪਾਣੀ ਦਾ ਪੱਧਰ ਖ਼ਤਰੇ ਦੀ ਹੱਦ ਪਾਰ ਕਰਦਾ ਜਾ ਰਿਹਾ ਹੈ। ਪੰਜਾਬ 'ਚ ਕੁੱਲ 138 ਬਲਾਕ ਹਨ। ਇਨ੍ਹਾਂ ਵਿੱਚੋਂ 103 ਅਜਿਹੇ ਹਨ, ਜਿੱਥੇ ਖ਼ਤਰੇ ਦੀ ਹੱਦ ਤੋਂ ਵੱਧ ਪਾਣੀ ਕੱਢਿਆ ਜਾ ਚੁੱਕਾ ਹੈ।

5 ਬਲਾਕ ਖ਼ਤਰੇ ਦੀ ਸਥਿਤੀ ਵਿਚ ਹਨ ਅਤੇ 4 ਬਲਾਕ ਖ਼ਤਰੇ ਵੱਲ ਵੱਧ ਰਹੇ ਹਨ। ਬਾਕੀ ਬਲਾਕਾਂ ਵਿਚ ਖ਼ਤਰੇ ਵਾਲੀ ਹਾਲਤ ਨਹੀਂ, ਪਰ ਉਨ੍ਹਾਂ ਦਾ ਪਾਣੀ ਵੀ ਪੀਣਯੋਗ ਨਹੀਂ। ਜੇ ਅੱਜ ਤੋਂ ਹੀ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ 'ਚ ਹਾਲਾਤ ਕਾਫ਼ੀ ਬਤਦਰ ਬਣ ਜਾਣਗੇ। ਸਰਕਾਰਾਂ ਅਤੇ ਲੋਕਾਂ ਨੂੰ ਮਿਲ ਕੇ ਸੋਚਣਾ ਪਵੇਗਾ ਕਿ ਭਵਿੱਖ ਲਈ ਪਾਣੀ ਦੀ ਬਚਤ ਕਿਵੇਂ ਕੀਤੀ ਜਾ ਸਕਦੀ ਹੈ।