ਬ੍ਰਹਮਪੁਰਾ ਦੇ ਬਿਆਨ 'ਤੇ ਸੇਖਵਾਂ ਦੀ ਸਫ਼ਾਈ, ਪਾਰਟੀ ਪ੍ਰਧਾਨ ਦੀ ਸਹਿਮਤੀ ਨਾਲ ਹੀ ਕੀਤੀ ਸੀ ਸ਼ਮੂਲੀਅਤ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧੋਖਾ ਦੇਣ ਦੇ ਦੋਸ਼ਾਂ ਨੂੰ ਨਕਾਰਦਿਆਂ ਕੀਤੇ ਅਹਿਮ ਇਕਸਾਫ਼

Sewa Singh Sakhva

ਚੰਡੀਗੜ੍ਹ : ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਨਵੀਂ ਪਾਰਟੀ ਦੇ ਗਠਨ ਤੋਂ ਬਾਅਦ ਉਨ੍ਹਾਂ ਵੱਲ ਟਕਸਾਲੀ ਆਗੂਆਂ ਦੇ ਝੁਕਾਅ ਪਿਛਲੇ ਕਾਰਨਾਂ ਬਾਰੇ ਅਹਿਮ ਇਕਸਾਫ਼ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਢੀਂਡਸਾ 'ਤੇ ਧੋਖਾ ਦੇਣ ਦਾ ਇਲਜ਼ਾਮ ਲਾਇਆ ਸੀ। ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਨ੍ਹਾਂ ਆਗੂਆਂ ਨੂੰ ਵੀ ਕੋਸਿਆ ਸੀ, ਜਿਨ੍ਹਾਂ ਢੀਂਡਸਾ ਦੇ ਪਾਰਟੀ ਸਥਾਪਨਾ ਸਮਾਗਮ 'ਚ ਸ਼ਮੂਲੀਅਤ ਕੀਤੀ ਸੀ।

ਇਸ ਸਬੰਧੀ ਸੀਨੀਅਰ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਬ੍ਰਹਮਪੁਰਾ ਨੂੰ ਮੋੜਵਾਂ ਜਵਾਬ ਦਿੰਦਿਆਂ ਅਹਿਮ ਇਕਸਾਫ਼ ਕੀਤੇ ਹਨ। ਸੇਖਵਾਂ ਮੁਤਾਬਕ ਬ੍ਰਹਮਪੁਰਾ ਨੂੰ ਪੰਜਾਬ ਦੇ ਲੋਕਾਂ ਨੇ ਅਪਣਾ ਨੇਤਾ ਨਹੀਂ ਮੰਨਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਸਿਹਤ ਵੀ ਬਹੁਤੀ ਠੀਕ ਨਹੀਂ ਰਹਿੰਦੀ ਜਿਸ ਕਾਰਨ ਪਾਰਟੀ ਦੇ ਕੁੱਝ ਟਕਸਾਲੀ ਆਗੂ ਢੀਂਡਸਾ ਦੇ ਅਗਵਾਈ ਹੇਠ ਇਕੱਠੇ ਹੋਏ ਸਨ।

ਬ੍ਰਹਮਪੁਰਾ ਵਲੋਂ ਧੋਖਾ ਦੇਣ ਸਬੰਧੀ ਲਾਏ ਇਲਜ਼ਾਮ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੀ ਕੌਰ ਕਮੇਟੀ ਦੇ ਪੰਜ ਵਿਚੋਂ ਚਾਰ ਮੈਂਬਰ ਉਨ੍ਹਾਂ ਨੂੰ ਭਰੋਸੇ ਵਿਚ ਲੈਣ ਬਾਅਦ ਹੀ ਢੀਂਡਸਾ ਨਾਲ ਗੱਲਬਾਤ ਲਈ ਗਏ ਸਨ। ਸੇਖਵਾਂ ਬੀਤੇ ਦਿਨੀਂ ਸੁਖਦੇਵ ਸਿੰਘ ਢੀਂਡਸਾ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਅਸੀਂ ਬ੍ਰਹਮਪੁਰਾ ਨਾਲ ਕੋਈ ਧੋਖਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਿਧਾਂਤਾਂ ਦੀ ਲੜਾਈ ਲੜ ਰਹੇ ਹਾਂ, ਜਿਸ 'ਤੇ ਪਹਿਰਾ ਦਿਤਾ ਜਾਵੇਗਾ।

ਕਾਰਬਲੇਗੌਰ ਹੈ ਕਿ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਗਿਲਾ ਜਾਹਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਸੇਵਾ ਸਿੰਘ ਸੇਖਵਾਂ ਅਤੇ ਬੀਰ ਦਵਿੰਦਰ ਵਲੋਂ ਸੁਖਦੇਵ ਸਿੰਘ ਢੀਂਡਸਾ ਦੇ ਧੜੇ 'ਚ ਜਾਣ ਦਾ ਵੱਡਾ ਦੁੱਖ ਹੈ। ਉਨ੍ਹਾਂ ਨੇ ਇਸ ਕਾਰਵਾਈ ਨੂੰ ਪਿੱਠ ਵਿਚ ਛੁਰਾ ਮਾਰਨ ਦੇ ਤੁਲ ਦਸਦਿਆਂ ਆਖਿਆ ਸੀ ਕਿ ਦੋ ਆਗੂਆਂ ਦੇ ਜਾਣ ਨਾਲ ਉਹ ਇਕੱਲੇ ਨਹੀਂ ਹੋ ਗਏ, ਬਲਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਸਮੁੱਚੀ ਲੀਡਰਸ਼ਿਪ ਉਨ੍ਹਾਂ ਦੇ ਨਾਲ ਹੈ।

ਜ਼ਿਕਰਯੋਗ ਹੈ ਕਿ ਪਾਰਟੀ ਸਥਾਪਨਾ ਤੋਂ ਪਹਿਲਾਂ ਢੀਂਡਸਾ ਨੂੰ ਸ਼੍ਰ੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪ੍ਰਧਾਨਗੀ ਦਾ ਅਹੁਦਾ ਦੇਣ ਦੀ ਪੇਸ਼ਕਸ਼ ਹੋਈ ਸੀ, ਜੋ ਉਨ੍ਹਾਂ ਨੇ ਸਵੀਕਾਰ ਨਹੀਂ ਸੀ ਕੀਤੀ। ਸੂਤਰਾਂ ਮੁਤਾਬਕ ਬ੍ਰਹਮਪੁਰਾ ਸਾਰੇ ਟਕਸਾਲੀ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਝੰਡੇ ਇਕੱਤਰ ਕਰਨਾ ਚਾਹੁੰਦੇ ਸਨ, ਜਦਕਿ ਸੁਖਦੇਵ ਸਿੰਘ ਢੀਂਡਸਾ ਅਪਣੇ ਪਹਿਲਾਂ ਤੋਂ ਹੀ ਕੀਤੇ ਜਾ ਰਹੇ ਦਾਅਵਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ 'ਤੇ ਅਪਣਾ ਹੱਕ ਜਿਤਾਉਣ ਦੇ ਰੌਅ ਵਿਚ ਸਨ, ਜੋ ਉਨ੍ਹਾਂ ਨੇ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਰੱਖਣ ਤੋਂ ਜਾਹਰ ਹੋ ਜਾਂਦਾ ਹੈ। ਇਹੀ ਵਖਰੇਵਾਂ ਦੋਵਾਂ ਆਗੂਆਂ ਵਿਚਾਲੇ ਮਤਭੇਦਾਂ ਦਾ ਕਾਰਨ ਬਣਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।