ਗ਼ੈਰ ਸਿਆਸੀ 'ਲੋਕ ਭਲਾਈ ਪਾਰਟੀ' ਬਰਕਰਾਰ: ਰਾਮੂਵਾਲੀਆ
ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਯੂ.ਪੀ. 'ਚ ਅਖਿਲੇਸ਼ ਯਾਦਵ ਦੀ ਵਜ਼ਾਰਤ ਵਿਚ ਮੰਤਰੀ ਰਹੇ...........
ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਯੂ.ਪੀ. 'ਚ ਅਖਿਲੇਸ਼ ਯਾਦਵ ਦੀ ਵਜ਼ਾਰਤ ਵਿਚ ਮੰਤਰੀ ਰਹੇ ਅਤੇ ਹੁਣ ਉਥੇ ਵਿਧਾਨ ਪ੍ਰੀਸ਼ਦ ਦੇ ਨਾਮਜ਼ਦ ਮੈਂਬਰ ਬਲਵੰਤ ਸਿੰਘ ਰਾਮੂਵਾਲੀਆ ਨੇ ਮੁੜ ਪੰਜਾਬ ਵਲ ਨਜ਼ਰ ਦੌੜਾਈ ਹੈ। ਉਨ੍ਹਾਂ ਕਿਹਾ ਹੈ ਕਿ ਉਹ ਯੂਟੀ ਚੰਡੀਗੜ੍ਹ ਅਤੇ ਪੰਜਾਬ 'ਚ ਅਖਿਲੇਸ਼ ਦੀ ਸਮਾਜਵਾਦੀ ਪਾਰਟੀ ਨੂੰ ਮਜ਼ਬੂਤ ਕਰਨਗੇ। ਅੱਜ ਇਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ. ਰਾਮੂਵਾਲੀਆ ਨੇ ਉਹ ਚਿੱਠੀ ਦਿਖਾਈ ਜਿਸ ਵਿਚ ਉਨ੍ਹਾਂ ਨੂੰ, ਇਸ ਇਲਾਕੇ ਦਾ ਪਾਰਟੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਪੰਜਾਬ ਤੇ ਯੂ.ਟੀ. ਦੇ ਪ੍ਰਧਾਨ ਛੇਤੀ ਥਾਪੇ ਜਾਣਗੇ ਅਤੇ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਘੱਟੋ-ਘੱਟ ਦੋ ਸੀਟਾਂ 'ਤੇ ਚੋਣਾਂ ਲੜੇਗੀ ਅਤੇ ਛੇਤੀ ਹੀ ਯੂ.ਪੀ. 'ਚ ਮਾਇਆਵਤੀ ਨਾਲ ਕੀਤੇ ਚੋਣ ਸਮਝੌਤੇ ਦਾ ਅਸਰ ਪੰਜਾਬ ਵਿਚ ਵੇਖਣ ਨੂੰ ਮਿਲੇਗਾ। ਬਲਵੰਤ ਸਿੰਘ ਰਾਮੂਵਾਲੀਆ ਨੇ ਕੇਂਦਰ ਦੀ ਮੋਦੀ ਸਰਕਾਰ, ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਪੁਰਾਣੀਆਂ ਅਕਾਲੀ-ਬੀ.ਜੇ.ਪੀ. ਸਰਕਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ, ਹੁਣ ਅਖਿਲੇਸ਼ ਯਾਦਵ ਨੇ ਸਿੱਖਾਂ , ਪੰਜਾਬੀਆਂ ਵਾਸਤੇ ਅਤੇ ਪੰਜਾਬੀ ਭਾਸ਼ਾ ਲਈ ਯੂ.ਪੀ. 'ਚ ਬਹੁਤ ਕੰਮ ਕੀਤਾ ਹੈ।
ਹੁਣ ਸਿੱਖਾਂ ਨੂੰ ਸਨਮਾਨਤ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਉੱਤਰਾਖੰਡ ਵਿਚ 45 ਲੱਖ ਪੰਜਾਬੀਆਂ ਵਿਚੋਂ 35 ਲੱਖ ਸਿੱਖ ਹਨ ਅਤੇ ਸਾਰੀਆਂ ਕੌਮਾਂ 'ਚ ਆਪਸੀ ਭਾਈਚਾਰਾ ਹੈ ਅਤੇ ਗੂੜ੍ਹੇ ਸਬੰਧ ਹਨ। ਮੀਡੀਆ ਵਲੋਂ ਕਈ ਤਰ੍ਹਾਂ ਦੇ ਸਿਆਸੀ, ਸਮਾਜਕ ਤੇ ਜੋੜ-ਤੋੜ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿਚ ਰਾਮੂਵਾਲੀਆ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪੁਰਾਣੀ ਗ਼ੈਰ ਸਿਆਸੀ ਜਥੇਬੰਦੀ ਲੋਕ ਭਲਾਈ ਪਾਰਟੀ ਕਾਇਮ ਹੈ ਅਤੇ ਆਉੁਂਦੇ ਸਮੇਂ ਵਿਚ ਵੀ ਚਲਦੀ ਰਹੇਗੀ।