ਕੇਜਰੀਵਾਲ ਦੀ ਪਾਰਟੀ ਦਾ ਹੋਇਆ ਅੰਤ : ਛੋਟੇਪੁਰ
ਆਪਣਾ ਪੰਜਾਬ ਪਾਰਟੀ ਦੇ ਸੂਬਾਈ ਪ੍ਰਧਾਨ ਸ. ਸੁੱਚਾ ਸਿੰਘ ਛੋਟੇਪੁਰ ਨੇ ਅਪਣੇ ਜੱਦੀ ਹਲਕੇ ਗੁਰਦਾਸਪੁਰ ਵਿਚ ਪਾਰਟੀ ਦੇ ਸਰਗਰਮ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ...........
ਗੁਰਦਾਸਪੁਰ : ਆਪਣਾ ਪੰਜਾਬ ਪਾਰਟੀ ਦੇ ਸੂਬਾਈ ਪ੍ਰਧਾਨ ਸ. ਸੁੱਚਾ ਸਿੰਘ ਛੋਟੇਪੁਰ ਨੇ ਅਪਣੇ ਜੱਦੀ ਹਲਕੇ ਗੁਰਦਾਸਪੁਰ ਵਿਚ ਪਾਰਟੀ ਦੇ ਸਰਗਰਮ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਨੂੰੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰਾਂ ਪਾਰਟੀ ਵਰਕਰਾਂ ਨੇ ਆਮ ਆਦਮੀ ਪਾਰਟੀ ਨੂੰ ਦਿਨ ਰਾਤ ਮਿਹਨਤ ਕਰਕੇ ਅਰਸ਼ ਤੋਂ ਫਰਸ਼ ਤੱਕ ਜਾ ਪਹੁੰਚਾਇਆ ਸੀ, ਉਸੇ ਤਰਾਂ ਹੀ ਹੁਣ ਹੇਠਲੇ ਪੱਧਰ 'ਤੇ ਮੀਟਿੰਗਾਂ ਕਰਕੇ ਪੰਜਾਬ ਅੰਦਰ ਇਕ ਸ਼ਕਤੀਸ਼ਾਲੀ ਤੀਸਰਾ ਬਦਲ ਲਿਆਉਣਗੇ। ਸ. ਛੋਟੇਪੁਰ ਨੇ ਕਿਹਾ ਕਿ ਪੰਜਾਬੀਆਂ ਨੇ ਤਾਂ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਵਿਚੋਂ ਤੀਸਰੇ ਬਦਲ ਦੀ ਭਾਲ ਕਰਨ ਦੀ ਕੋਸ਼ਿਸ ਕੀਤੀ ਸੀ।
ਪਰ ਪਾਰਟੀ ਦੇ ਨਾਦਰਸ਼ਾਹੀ ਕਨਵੀਨਰ ਨੇ ਪੰਜਾਬ ਦੇ ਲੋਕਾਂ ਨਾਲ ਖਿਲਵਾੜ ਕਰਕੇ ਆਪਣੀਆਂ ਮਨਚਾਹੀਆਂ ਕਰਦੇ ਹੋਏ ਰਾਜ ਅੰਦਰ ਚੋਣਾਂ ਤੋਂ ਪਹਿਲਾਂ ਕਰੋੜਾਂ ਦੀਆਂ ਟਿਕਟਾਂ ਵੇਚ ਕੇ ਪੰਜਾਬ ਦੀ ਅਥਾਹ ਲੁੱਟ ਕੀਤੀ ਸੀ । ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕੀਤਾ ਹੈ, ਉਥੇ ਭਗਵੰਤ ਮਾਨ ਨੇ ਵੀ ਪੰਜਾਬ ਦੇ ਲੋਕਾਂ ਦੀਆਂ ਸੰਜੀਦਾ ਭਾਵਨਾਵਾਂ ਨੂੰ ਛਿੱਕੇ ਟੰਗਦਿਆਂ ਪਾਰਟੀ ਦੇ ਮਿਹਨਤੀ ਅਤੇ ਇਨਕਲਾਬੀ ਵਰਕਰਾਂ ਨੂੰ ਖੁੱਡੇ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ।
ਇਸ ਮੌਕੇ ਗੁਰਿੰਦਰ ਸਿੰਘ ਬਾਜਵਾ , ਅਮਨਦੀਪ ਸਿੰਘ ਕੋਟਸੰਤੋਖ ਰਾਏ, ਗੁਰਨਾਮ ਸਿੰਘ ਮੁਸਤਫਾਬਾਦ, ਅਮਰੀਕ ਸਿੰਘ ਧਰਮੀ ਫੋਜੀ ਆਦਿ ਵੀ ਹਾਜ਼ਰ ਸਨ ਜਿਨ੍ਹਾਂ ਨੇ ਛੋਟੇਪੁਰ ਦੀਆਂ ਸਾਰੀਆਂ ਦਲੀਲਾਂ ਨਾਲ ਅਪਣੀ ਸਹਿਮਤੀ ਪ੍ਰਗਟ ਕੀਤੀ।