ਜਲੰਧਰ: ਸ਼੍ਰੀ ਅਨੰਦਪੁਰ ਸਾਹਿਬ ਵਿਚ ਬਣਾਇਆ ਗਿਆ ਦੁਨੀਆ ਦਾ ਸਭ ਤੋਂ ਵੱਖਰਾ ਤੇ ਅਜਾਇਬ ਘਰ ਵਿਰਾਸਤ ਏ ਖ਼ਾਲਸਾ ਹੁਣ ਭਾਰਤ ਤੋਂ ਬਾਅਦ ਏਸ਼ੀਆ ਵਿਚ ਸਭ ਤੋਂ ਵਧ ਦੇਖਿਆ ਜਾਣ ਵਾਲਾ ਅਜਾਇਬ ਘਰ ਬਣ ਗਿਆ ਹੈ। ਇਸ ਦਾ ਨਾਂ ਏਸ਼ੀਆ ਬੁੱਕ ਆਫ ਰਿਕਾਰਡਜ਼ ਵਿਚ ਦਰਜ ਹੋ ਗਿਆ ਹੈ। ਇਹ ਪੰਜਾਬ ਸਰਕਾਰ ਵੱਲੋਂ ਬਣਵਾਇਆ ਗਿਆ ਸੀ। ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਜਾਣਕਾਰੀ ਦਿੱਤੀ।
ਕੈਬਨਿਟ ਮੰਤਰੀ ਨੇ ਦਸਿਆ ਕਿ ਏਸ਼ੀਆ ਬੁੱਕ ਆਫ ਰਿਕਾਰਡਜ਼ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਸਮੁੱਚੇ ਏਸ਼ੀਆ ਵਿਚ ਵਿਰਾਸਤ ਏ ਖ਼ਾਲਸਾ ਹੁਣ ਤਕ ਦਾ ਖ਼ਾਸ ਅਜਾਇਬ ਘਰ ਹੈ ਜਿੱਥੇ ਕਿ ਇਕ ਦਿਨ ਵਿਚ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਹੈ। ਵਿਰਾਸਤ-ਏ-ਖਾਲਸਾ ਵਿਖੇ 20 ਮਾਰਚ 2019 ਨੂੰ 20569 ਸੈਲਾਨੀਆਂ ਨੇ ਦਰਸ਼ਨ ਕੀਤੇ ਸਨ। ਇਹ ਵਿਰਾਸਤ-ਏ-ਖ਼ਾਲਸਾ ਵੱਲੋਂ ਬਣਾਇਆ ਗਿਆ ਤੀਸਰਾ ਰਿਕਾਰਡ ਹੈ।
ਇਸ ਤੋਂ ਪਹਿਲਾਂ ਫਰਵਰੀ 2019 ਵਿੱਚ ਲਿਮਕਾ ਬੁੱਕਾ ਆਫ ਰਿਕਾਰਡਜ਼ ਤੇ ਫਿਰ ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਭਾਰਤ 'ਚੋ ਸਭ ਤੋਂ ਵੱਧ ਵੇਖੇ ਜਾਣ ਵਾਲੇ ਅਜਾਇਬ ਘਰ ਹੋਣ ਦੀ ਪੁਸ਼ਟੀ ਕੀਤੀ ਸੀ। ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਅਗਲਾ ਟੀਚਾ ਵਿਰਾਸਤ-ਏ-ਖ਼ਾਲਸਾ ਨੂੰ ਦੁਨੀਆ ਭਰ ਵਿੱਚੋਂ ਨੰਬਰ ਇੱਕ ਦਾ ਅਜਾਇਬ ਘਰ ਬਨਾਉਣਾ ਹੈ ਤੇ ਇਸ ਵਾਸਤੇ ਕੋਸ਼ਿਸ਼ ਹੋਵੇਗੀ ਕਿ ਜਲਦੀ ਤੋਂ ਜਲਦੀ 'ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼' ਵਿਚ ਇਸ ਦਾ ਨਾਮ ਦਰਜ ਕਰਵਾਇਆ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।