ਦਿੱਲੀ ਦਰਬਾਰ ਕੋਲ ਪੁੱਜਾ ਆਗੂਆਂ ਦਾ ਕਲੇਸ਼, ਜਾਖੜ ਪਹੁੰਚੇ ਦਿੱਲੀ, ਬਾਜਵਾ ਵੀ ਤਿਆਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਨੀਆ ਗਾਂਧੀ ਨਾਲ ਮੁਲਾਕਾਤ ਅਜੇ ਹੋਣੀ ਹੈ, ਬਾਜਵਾ ਦੇ ਤਿੱਖੇ ਬਿਆਨ ਲਗਾਤਾਰ ਜਾਰੀ

Capt Amrinder Singh

ਚੰਡੀਗੜ੍ਹ : ਉਂਜ ਤਾਂ ਪਿਛਲੇ ਸਾਢੇ 4 ਸਾਲ ਤੋਂ ਮਾਝੇ ਦੇ ਧਾਕੜ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਮਨ ਤੇ ਦਿਲ ਵਿਚ ਪਟਿਆਲਾ ਮਹਾਰਾਜੇ ਵਿਰੁਧ ਅੱਗ ਸੁਲਗਦੀ ਸੀ ਜਦੋਂ ਦਸੰਬਰ 2016 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਹਾਈ ਕਮਾਂਡ 'ਤੇ ਜ਼ੋਰ ਪਾ ਕੇ ਪ੍ਰਦੇਸ਼ ਕਮੇਟੀ ਦੀ ਪ੍ਰਧਾਨਗੀ ਬਾਜਵਾ ਤੋਂ ਖੋਹੀ ਸੀ ਅਤੇ ਪੰਜਾਬ ਵਿਚ 'ਦੋ ਸ਼ਕਤੀ ਕੇਂਦਰ' ਦੇ ਸਿਧਾਂਤ ਨੂੰ ਠੁਕਰਾ ਕੇ ਖ਼ੁਦ ਦੋ ਤਿਹਾਈ ਬਹੁਮਤ ਜਿੱਤ ਕੇ 2017 ਵਿਚ ਸਰਕਾਰ ਬਣਾ ਲਈ ਅਤੇ ਪ੍ਰਧਾਨਗੀ ਅਪਣੇ ਚਹੇਤੇ ਸੁਨੀਲ ਜਾਖੜ ਨੂੰ ਦੁਆ ਦਿਤੀ ਪਰ ਹੁਣ ਪਿਛਲੇ ਕੁੱਝ ਦਿਨਾਂ ਤੋਂ ਜ਼ਹਿਰੀਲੀ ਸ਼ਰਾਬ ਨਾਲ 120 ਮੌਤਾਂ ਦਾ ਨੁਕਤਾ ਅੱਗੇ ਰੱਖ ਕੇ ਦਲਿਤ ਆਗੂ ਸ਼ਮਸ਼ੇਰ ਸਿੰਘ ਦੂਲੋ ਸਮੇਤ ਸਿੱਧੀ ਜੰਗ ਸ਼ੁਰੂ ਕਰ ਦਿਤੀ ਹੈ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਦੋਵੇਂ ਨੇਤਾਵਾਂ ਬਾਜਵਾ ਤੇ ਸੁਨੀਲ ਜਾਖੜ ਤੋਂ ਪਤਾ ਲੱਗਾ ਹੈ ਕਿ ਦੋ ਦਿਨ ਤੋਂ ਜਾਖੜ ਦਾ ਡੇਰਾ ਦਿੱਲੀ ਵਿਚ ਹੈ, ਬਾਜਵਾ ਭਲਕੇ ਦਿੱਲੀ ਜਾ ਰਹੇ ਹਨ ਅਤੇ ਸੋਨੀਆ ਗਾਂਧੀ ਜੋ ਖ਼ੁਦ ਪਾਰਟੀ ਦੇ ਆਰਜ਼ੀ ਪ੍ਰਧਾਨ ਹਨ, ਦੇ ਨਾਲ ਕਿਸੇ ਵੀ ਨੇਤਾ ਦੀ ਗੱਲ ਅਜੇ ਤਕ ਨਹੀਂ ਹੋਈ ਅਤੇ ਨਾ ਹੀ ਨਿਯਤ ਤਰੀਕ ਤੇ ਟਾਈਮ ਮਿਲਿਆ ਹੈ। ਜੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ 'ਤੇ ਜਾਈਏ ਤਾਂ ਉਸ ਦਾ ਸਪਸ਼ਟ ਕਹਿਣਾ ਹੈ ਕਿ ਜੇ ਕਾਂਗਰਸ ਦਾ ਹਵਾਈ ਜਹਾਜ਼ 2022 ਵਿਚ ਵੀ ਪੰਜਾਬ ਦੀ ਧਰਤੀ 'ਤੇ ਉਤਾਰਨਾ ਹੈ ਤਾਂ ਪਾਇਲਟ (ਮੁੱਖ ਮੰਤਰੀ) ਤੇ ਕੋ-ਪਾਇਲਟ (ਪਾਰਟੀ ਪ੍ਰਧਾਨ) ਦੋਵੇਂ ਬਦਲ ਦਿਉ ਅਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੋਵੇਂ ਬੈਠ ਕੇ ਸੂਬੇ ਦੇ 80 ਵਿਧਾਇਕਾਂ ਨਾਲ ਇਕੱਲੇ ਇਕੱਲੇ ਗੱਲ ਕਰ ਕੇ ਨਵੇਂ ਦੋਵੇਂ ਨੇਤਾ, ਸੀਨੀਆਰਤਾ ਪਾਰਟੀ ਦੇ ਸਿਧਾਂਤਾਂ ਦੇ ਧਾਰਨੀ ਅਤੇ ਯੋਗਤਾ ਦੇ ਆਧਾਰ 'ਤੇ ਚੁਣੇ ਜਾਣ।

ਬਾਜਵਾ ਦਾ ਕਹਿਣਾ ਹੈ ਕਿ ਰੇਤਾ ਬਜਰੀ, ਡਰੱਗ, ਕੇਬਲ, ਸ਼ਰਾਬ, ਟਰਾਂਸਪੋਰਟ ਤੇ ਹੋਰ ਕਈ ਨਸ਼ਾ ਮਾਫ਼ੀਏ ਪੰਜਾਬ ਵਿਚ ਕਾਂਗਰਸੀ ਨੇਤਾਵਾਂ ਦੀ ਮਦਦ ਤੇ ਸ਼ਹਿ ਤੇ ਪੁਲਿਸ ਤੇ ਸਿਆਸੀ ਨੇਤਾਵਾਂ ਦੀ ਸਰਪ੍ਰਸਤੀ ਵਿਚ ਚਲ ਰਹੇ ਹਨ ਅਤੇ ਜੇ ਸਿਸਟਮ ਨਾ ਬਦਲਿਆ ਤਾਂ ਕਾਂਗਰਸ ਦੀ ਹਾਰ ਪੱਕੀ ਹੈ। ਬਲੂ ਸਟਾਰ ਉਪਰੇਸ਼ਨ ਮਗਰੋਂ 1984 ਵਿਚ ਕਾਂਗਰਸ ਛੱਡ ਕੇ ਆਏ ਕੈਪਟਨ ਅਮਰਿੰਦਰ ਸਿੰਘ ਨੇ 14 ਸਾਲ ਅਕਾਲੀ ਦਲ ਵਿਚ ਬਿਤਾਏ, ਮਈ 1994 ਵਿਚ ਸਾਢੂ ਸਿਮਰਨਜੀਤ ਸਿੰਘ ਮਾਨ, ਜਗਦੇਵ ਤਲਵੰਡੀ, ਸੁਰਜੀਤ ਬਰਨਾਲਾ, ਭਾਈ ਮਨਜੀਤ ਨਾਲ ਮਿਲ ਕੇ ਅਕਾਲੀ ਦਲ ਅੰਮ੍ਰਿਤਸਰ ਬਣਾਇਆ ਅਤੇ ਜੂਨ 98 ਵਿਚ ਕਾਂਗਰਸ ਦੀ ਪ੍ਰਧਾਨਗੀ ਲੈ ਕੇ ਪੰਜਾਬ ਵਿਚ ਆਏ ਇਸ ਸਾਰੇ ਇਤਿਹਾਸ ਨੂੰ ਫਰੋਲਦੇ ਹੋਏ ਬਾਜਵਾ ਨੇ ਕਿਹਾ ਕਿ 2002-07 ਦੌਰਾਨ ਕਾਂਗਰਸ ਦੇ ਰਾਜ ਵਿਚ ਕੀਤੀਆਂ ਗ਼ਲਤੀਆਂ ਕਾਰਨ ਹੀ ਲਗਾਤਾਰ 10 ਸਾਲ ਬਾਦਲ ਪ੍ਰਵਾਰ ਨੂੰ ਮੌਕਾ, ਕੇਵਲ ਇਸੇ 'ਮਹਾਰਾਜਾ' ਨੇ ਦਿਤਾ ਅਤੇ ਹੁਣ ਪੌਣੇ 4 ਸਾਲਾਂ ਬਾਅਦ ਵੀ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿਤੀਆਂ ਗਈਆਂ।

ਜਾਖੜ ਵਿਰੁਧ ਬਾਜਵਾ ਝੰਡਾ ਇਸ ਕਰ ਕੇ ਚੁਕੀ ਫਿਰਦੇ ਹਨ ਕਿ ਅਬੋਹਰ ਤੋਂ ਵਿਧਾਇਕ ਦੀ ਸੀਟ ਹਾਰਨ ਉਪਰੰਤ ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਲਈ ਟਿਕਟ ਬਾਜਵਾ ਦੇ ਵਿਰੋਧੀਆਂ ਨੇ ਅਕਤੂਬਰ 2017 ਵਿਚ ਜਾਖੜ ਨੂੰ ਦੁਆਈ ਅਤੇ ਭਵਿੱਖ ਵਿਚ ਬਾਜਵਾ ਦਾ ਲੋਕ ਸਭਾ ਵਿਚ ਪਹੁੰਚਣਾ ਰੋਕ ਦਿਤਾ। ਦਲਿਤ ਨੇਤਾ ਸ਼ਮਸ਼ੇਰ ਸਿੰਘ ਦੂਲੋ ਦਾ ਕਹਿਣਾ ਹੈ ਕਿ 120 ਗ਼ਰੀਬ ਪ੍ਰਵਾਰ ਨਕਲੀ ਜ਼ਹਿਰੀਲੀ ਸ਼ਰਾਬ ਦੀ ਭੇਂਟ ਚੜ੍ਹ ਗਏ, ਉਨ੍ਹਾਂ ਦੀ ਆਵਾਜ਼ ਉਠਾਉਣਾ, ਪਾਰਟੀ ਦੀ ਅਨੁਸ਼ਾਸਨਹੀਣਤਾ ਨਹੀਂ ਹੈ ਅਤੇ ਇਹ ਚਰਚਾ ਤਾਂ ਉਹ ਹਾਈ ਕਮਾਂਡ ਕੋਲ ਵੀ ਜ਼ਰੂਰ ਕਰਨਗੇ।

ਸਿਆਸੀ ਮਾਹਰਾਂ ਦੀ ਰਾਏ ਅਨੁਸਾਰ ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਦੀ ਕਾਂਗਰਸ ਵਿਚ ਇਹ ਉਬਾਲ ਅਜੇ ਥੋੜ੍ਹੀ ਦੇਰ ਹੋਰ ਚਲੇਗਾ ਜਿਵੇਂ 2003-04 ਵਿਚ ਬੀਬੀ ਭੱਠਲ ਨੇ 31 ਵਿਧਾਇਕਾਂ ਸਮੇਤ ਕੈਪਟਨ ਦੀ ਗੱਦੀ ਲਾਹੁਣ ਲਈ ਮੁਹਿੰਮ ਚਲਾਈ ਸੀ, ਪਰ ਨਾ ਤਾਂ ਹੁਣ ਇਹ ਦੋਵੇਂ ਐਮ.ਪੀ. ਪਾਰਟੀ ਵਿਚੋਂ ਕੱਢੇ ਜਾਣਗੇ ਅਤੇ ਨਾ ਹੀ ਮੁੱਖ ਮੰਤਰੀ ਨੂੰ ਪਾਸੇ ਕੀਤਾ ਜਾਵੇਗਾ, ਪਤਲੀ ਹਾਲਤ ਸ਼ਾਇਦ ਜਾਖੜ ਦੀ ਨਾ ਹੋ ਜਾਵੇ ਇਸ ਦਾ ਡਰ ਕਈ ਕਾਂਗਰਸੀਆਂ ਨੂੰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।