ਸਵਾ ਮਹੀਨੇ ’ਚ ਨਸ਼ੇ ਕਾਰਨ ਵਿਧਵਾ ਮਾਂ ਨੇ ਗਵਾਏ 2 ਪੁੱਤ, ਤੀਜਾ ਪੁੱਤਰ ਵੀ ਨਸ਼ਿਆਂ ਦਾ ਆਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਰਨਜੀਤ ਕੌਰ ਨੇ ਪ੍ਰਸ਼ਾਸਨ ਨੂੰ ਪਾਇਆ ਕੁੱਖ ਸੁੰਨੀ ਹੋਣ ਤੋਂ ਬਚਾਉਣ ਦਾ ਵਾਸਤਾ

Charanjeet Kaur



ਲੰਬੀ: ਆਏ ਦਿਨ ਨਸ਼ਿਆਂ ਕਾਰਨ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਇਸ ਵਿਚਾਲੇ ਹਲਕਾ ਲੰਬੀ ਦੇ ਪਿੰਡ ਫਤੂਹੀਵਾਲਾ ਤੋਂ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਇਕ ਵਿਧਵਾ ਮਾਂ ਨੇ ਸਵਾ ਮਹੀਨੇ ਵਿਚ ਨਸ਼ੇ ਕਾਰਨ ਅਪਣੇ 2 ਪੁੱਤ ਗਵਾ ਦਿਤੇ। ਦੁੱਖ ਦੀ ਗੱਲ ਇਹ ਹੈ ਕਿ ਉਸ ਦਾ ਤੀਜਾ ਪੁੱਤਰ ਵੀ ਨਸ਼ੇ ਕਰਦਾ ਹੈ।

ਇਹ ਵੀ ਪੜ੍ਹੋ:ਕੈਗ ਰੀਪੋਰਟ ਵਿਚ ਖੁਲਾਸਾ: ਆਯੁਸ਼ਮਾਨ ਭਾਰਤ ਤਹਿਤ ਅਯੋਗ ਪ੍ਰਵਾਰਾਂ ਨੇ ਲਿਆ 22.44 ਕਰੋੜ ਰੁਪਏ ਤਕ ਦਾ ਲਾਭ

ਮਰਹੂਮ ਪਵਨਾ ਸਿੰਘ ਦੀ ਵਿਧਵਾ ਚਰਨਜੀਤ ਕੌਰ ਦੇ ਪੁੱਤਰ ਜਸਵਿੰਦਰ ਉਰਫ਼ ਗੋਰਖਾ (19) ਦੀ ਬੀਤੀ ਰਾਤ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਉਸ ਦਾ ਵੱਡਾ ਪੁੱਤਰ ਚਾਨਣ (21) 34 ਦਿਨਾਂ ਪਹਿਲਾਂ ਨਸ਼ੇ ਦੀ ਓਵਰਡੋਜ਼ ਕਾਰਨ ਦਮ ਤੋੜ ਗਿਆ ਸੀ। ਉਸ ਦਾ ਤੀਸਰਾ ਪੁੱਤਰ ਧਰਮਵੀਰ (17) ਵੀ ਨਸ਼ਿਆਂ ਦੀ ਮਾਰ ਹੇਠ ਹੈ।

ਇਹ ਵੀ ਪੜ੍ਹੋ:ਪੰਜਾਬੀ ਨੌਜਵਾਨ ਦੀ ਕਤਰ ਵਿਚ ਟਰਾਲਾ ਪਲਟਣ ਕਾਰਨ ਮੌਤ; ਸਵਾ ਸਾਲ ਪਹਿਲਾਂ ਗਿਆ ਸੀ ਵਿਦੇਸ਼ 

ਮਰਹੂਮ ਪਵਨਾ ਸਿੰਘ ਦੇ ਛੋਟੇ ਭਰਾ ਦਾ ਪੁੱਤਰ ਵੀ ਇਸ ਵੇਲੇ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਹੈ। ਚਰਨਜੀਤ ਕੌਰ ਨੇ ਦਸਿਆ ਕਿ ਪਿੰਡ ਵਿਚ ਵੱਡੀ ਗਿਣਤੀ ਨੌਜਵਾਨ ਨਸ਼ਿਆਂ ਦੀ ਮਾਰ ਹੇਠ ਹਨ ਤੇ ਮਾਪਿਆਂ ਦੇ ਵਸ ਤੋਂ ਬਾਹਰ ਹੋ ਚੁੱਕੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਤੀਸਰੇ ਪੁੱਤਰ ਨੂੰ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਕੱਢ ਕੇ ਉਸ ਦੀ ਕੁੱਖ ਸੁੰਨੀ ਹੋਣ ਤੋਂ ਬਚਾ ਲਈ ਜਾਵੇ। ਇਸ ਦੌਰਾਨ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਨਸ਼ਿਆਂ ਵਿਰੁਧ ਸਾਰਥਕ ਮੁਹਿੰਮ ਬਣਾਉਣ ਲਈ ਹਰ ਪਿੰਡ ’ਚ ਪੱਕੇ ਤੌਰ ’ਤੇ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ।