ਪੰਚਾਇਤੀ ਚੋਣਾਂ ਲੁੱਟਣ ਲਈ ਕੈਪਟਨ ਸਰਕਾਰ ਨੇ ਹੋਰ ਢਿੱਲੀ ਛੱਡੀ ਕਾਨੂੰਨ ਵਿਵਸਥਾ - ਹਰਪਾਲ ਸਿੰਘ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਆਪ' ਆਗੂ ਦੀ ਹੱਤਿਆ ਸਿਆਸੀ ਕਤਲ ਕਰਾਰ, ਚੋਣਾਂ ਕੇਂਦਰੀ ਬਲਾਂ ਦੀ ਸੁਰੱਖਿਆ ਹੇਠ ਕਰਾਉਣ ਦੀ ਮੰਗ

Harpal Singh Cheema

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੂਬੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਜਾਣਬੁੱਝ ਕੇ ਬਦ ਤੋਂ ਬਦਤਰ ਕਰਨ ਦਾ ਦੋਸ਼ ਲਗਾਇਆ ਹੈ, ਤਾਂ ਕਿ ਆਮ ਲੋਕਾਂ 'ਚ ਭੈਅ ਦਾ ਮਾਹੌਲ ਬਣਾ ਕੇ ਸੱਤਾਧਾਰੀ ਕਾਂਗਰਸ ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ ਅਤੇ ਆਗਾਮੀ ਪੰਚਾਇਤ ਚੋਣਾਂ ਗੁੰਡਾਗਰਦੀ ਅਤੇ ਧੱਕੇਸ਼ਾਹੀਆਂ ਨਾਲ 'ਲੁੱਟ' ਸਕੇ।

'ਆਪ' ਨੇ ਗਿੱਲ ਕਲਾਂ (ਮੌੜ ਮੰਡੀ) ਤੋਂ ਜ਼ਿਲ੍ਹਾ ਪਰਿਸ਼ਦ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਹਿੰਦਾ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਨੂੰ ਸਿਆਸੀ ਕਤਲ ਕਰਾਰ ਦਿੱਤਾ।'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪ੍ਰੋ. ਬਲਜਿੰਦਰ ਕੌਰ ਨੇ ਸਾਂਝੇ ਬਿਆਨ ਰਾਹੀਂ ਜਿੱਥੇ ਹਰਵਿੰਦਰ ਸਿੰਘ ਹਿੰਦਾ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਇਸ ਦੀ ਨਿਰਪੱਖ, ਸਮਾਂਬੱਧ ਅਤੇ ਉੱਚ-ਪੱਧਰੀ ਜਾਂਚ ਮੰਗੀ ਹੈ,

ਉੱਥੇ ਪੰਚਾਇਤੀ ਚੋਣਾਂ ਕੇਂਦਰੀ ਸੁਰੱਖਿਆ ਬਲਾਂ ਦੀ ਸੁਰੱਖਿਆ ਹੇਠ ਕਰਾਉਣ ਦੀ ਮੰਗ ਕੀਤੀ ਹੈ। 'ਆਪ' ਆਗੂ ਘਟਨਾ ਸਥਾਨ 'ਤੇ ਪਰਿਵਾਰ ਦਾ ਦੁੱਖ ਵੰਡਾਉਣ ਪਹੁੰਚੇ ਹੋਏ ਸਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਰ ਫ਼ਰੰਟ 'ਤੇ ਸੁਪਰ-ਫਲਾਪ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ 10 ਸਾਲ ਅਕਾਲੀ-ਭਾਜਪਾ ਦੀ ਮਾਫ਼ੀਆ ਸਰਕਾਰ ਦਾ ਸੰਤਾਪ ਭੋਗਿਆ, ਹੁਣ ਕਾਂਗਰਸ ਦੀ ਸਰਕਾਰ ਵੀ ਉਸੇ ਤਰ੍ਹਾਂ ਸੰਤਾਪ ਭੋਗਣ ਲਈ ਮਜਬੂਰ ਹੈ। ਸਰਕਾਰ ਬਦਲਣ ਨਾਲ ਆਮ ਲੋਕਾਂ ਦਾ ਕੁੱਝ ਵੀ ਨਹੀਂ ਬਦਲਿਆ, ਸਗੋਂ ਹਾਲਤ ਬਦਤਰ ਤੋਂ ਅਤਿ ਬਦਤਰ ਹੁੰਦੀ ਜਾ ਰਹੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਆਪਸ 'ਚ ਮਿਲੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਨੂੰ ਮਿਲ ਕੇ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਦਾ ਕਤਲ ਸਿਆਸੀ ਸਾਜ਼ਿਸ਼ ਤਹਿਤ ਹੋਇਆ ਹੈ, ਕਿਉਂਕਿ ਇਹਨਾਂ ਚੋਣਾਂ 'ਚ ਉਹ ਵੱਡੀ ਜਿੱਤ ਵੱਲ ਵੱਧ ਰਿਹਾ ਸੀ। ਹਰਪਾਲ ਸਿੰਘ ਚੀਮਾ ਨੇ ਐਸ.ਐਸ.ਪੀ ਬਠਿੰਡਾ ਨਾਲ ਗੱਲ ਕਰ ਕੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕੈਪਟਨ ਸਰਕਾਰ ਨੂੰ ਪੀੜਤ ਪਰਿਵਾਰਾਂ ਦੇ ਮੈਂਬਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ। ਅਮਨ ਅਰੋੜਾ ਅਤੇ ਪ੍ਰੋ. ਬਲਜਿੰਦਰ ਕੌਰ ਨੇ ਸਰਕਾਰ ਤੋਂ 'ਆਪ' ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ।

'ਆਪ' ਆਗੂਆਂ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਫੜਨ 'ਚ ਢਿੱਲ-ਮੱਠ ਕੀਤੀ ਤਾਂ ਉਹ ਸਰਕਾਰ ਦੀ ਨੱਕ 'ਚ ਦਮ ਕਰ ਦੇਣਗੇ। ਇਸ ਦੌਰਾਨ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਰੁਪਿੰਦਰ ਕੌਰ ਰੂਬੀ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਵਪਾਰ ਵਿੰਗ ਦੇ ਉਪ ਪ੍ਰਧਾਨ ਅਨਿਲ ਠਾਕੁਰ ਅਤੇ ਯੂਥ ਵਿੰਗ ਦੇ ਉਪ ਪ੍ਰਧਾਨ ਸੁਖਬੀਰ ਸਿੰਘ ਮਾਇਸਰ ਖਾਨ ਅਤੇ 'ਆਪ' ਦੇ ਹੋਰ ਆਗੂਆਂ ਨੇ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।